ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ-ਸੰਗ੍ਰਹਿ: ‘ਜੰਗਲ਼ ਵਿਚ ਸ਼ਾਮ’ 1999 ‘ਚ ਪ੍ਰਕਾਸ਼ਿਤ ਹੋਇਆ ਹੈ।
.........
ਦੋਸਤੋ! ਜਨਾਬ ਕੰਵਰ ਚੌਹਾਨ ਸਾਹਿਬ ਦਾ ਨਾਮ ਪੰਜਾਬੀ ਗ਼ਜ਼ਲ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ‘ਚ ਲਿਖਿਆ ਜਾ ਚੁੱਕਿਆ ਹੈ। ਡੈਡੀ ਜੀ ਬਾਦਲ ਸਾਹਿਬ ਕੋਲ਼ੋਂ, ਮੈਂ ਜਦੋਂ ਵੀ ਨਾਭੇ-ਪਟਿਆਲ਼ੇ ਵਸਦੇ ਗ਼ਜ਼ਲਗੋ ਸਾਹਿਬਾਨ ਬਾਰੇ ਸੁਣਿਆ ਹੈ ਤਾਂ ਉਹਨਾਂ ਨੇ ਜਨਾਬ ਕੰਵਰ ਚੌਹਾਨ ਸਾਹਿਬ, ਜਨਾਬ ਗੁਰਦੇਵ ਨਿਰਧਨ ਸਾਹਿਬ ਅਤੇ ਸ: ਸੁਖਦੇਵ ਸਿੰਘ ਗਰੇਵਾਲ ਜੀ ਦਾ ਜ਼ਿਕਰ ਬਹੁਤ ਸਤਿਕਾਰ ਸਹਿਤ ਕੀਤਾ ਹੈ। ਮੇਰੇ ਕੋਲ਼ ਮਰਹੂਮ ਚੌਹਾਨ ਸਾਹਿਬ ਦੀਆਂ ਕੁਝ ਗ਼ਜ਼ਲਾਂ ਅਤੇ ਸ਼ਿਅਰ ਪਏ ਸਨ, ਜਿਹੜੇ ਮੈਂ 2008 ਅਤੇ 2009 ‘ਚ ਸਾਂਝੇ ਕਰ ਚੁੱਕੀ ਸੀ, ਪਰ ਇੱਛਾ ਸੀ ਕਿ ਉਹਨਾਂ ਦੀ ਤਸਵੀਰ ਸਹਿਤ ਅਤੇ ਸਾਹਿਤਕ ਵੇਰਵੇ ਸਹਿਤ ਆਰਸੀ 'ਤੇ ਹਾਜ਼ਰੀ ਜ਼ਰੂਰ ਲੱਗੇ।
.........
ਏਸੇ ਸੰਦਰਭ ‘ਚ ਪਿਛਲੇ ਦਿਨੀਂ ਮੈਂ ਨਵੀਂ ਦਿੱਲੀ ਵਸਦੇ ਉਹਨਾਂ ਦੇ ਸਪੁੱਤਰ ਉੱਘੇ ਗ਼ਜ਼ਲਗੋ ਬਰਜਿੰਦਰ ਚੌਹਾਨ ਸਾਹਿਬ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਆਪਣੇ ਪਿਤਾ ਜੀ ਦੀਆਂ ਕੁਝ ਹੋਰ ਗ਼ਜ਼ਲਾਂ ਆਰਸੀ ਬਲੌਗ ਲਈ ਜ਼ਰੂਰ ਘੱਲਣ। ਉਹਨਾਂ ਨੇ ਅੱਧ-ਬੋਲ ਮੇਰੀ ਬੇਨਤੀ ਕਬੂਲਦਿਆਂ, ਆਪਣੇ ਪਿਤਾ ਜੀ ਦੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ, ਤਸਵੀਰ ਸਹਿਤ ਭੇਜੀਆਂ ਹਨ, ਜਿਨ੍ਹਾਂ ਨੂੰ ਆਰਸੀ ਦੀ ਅੱਜ ਦੀ ਪੋਸਟ ‘ਚ ਸ਼ਾਮਿਲ ਕਰਦਿਆਂ ਮੈਂ ਫ਼ਖ਼ਰ ਅਤੇ ਦਿਲੀ ਖ਼ੁਸ਼ੀ ਮਹਿਸੂਸ ਕਰ ਰਹੀ ਹਾਂ। ਅੱਜ ਅਸੀਂ ਸਮੂਹ ਆਰਸੀ ਪਰਿਵਾਰ ਵੱਲੋਂ....ਇਸ ਪੋਸਟ ਨਾਲ਼...ਮਰਹੂਮ ਜਨਾਬ ਕੰਵਰ ਚੌਹਾਨ ਸਾਹਿਬ ਦੀ ਕਲਮ ਨੂੰ ਸਲਾਮ ਕਰਦਿਆਂ....ਉਹਨਾਂ ਨੂੰ ਯਾਦ ਕਰ ਰਹੇ ਹਾਂ...ਬਰਜਿੰਦਰ ਚੌਹਾਨ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਜੀ।
ਅਦਬ ਸਹਿਤ
ਤਨਦੀਪ ਤਮੰਨਾ
******
ਗ਼ਜ਼ਲ
ਇਸ ਭਰੇ ਸ਼ਹਿਰ 'ਤੇ ਜਦ ਸ਼ਾਮ ਉਤਰਦੀ ਹੈ ਕੰਵਰ।
ਮੇਰੇ ਅਹਿਸਾਸ 'ਚੋਂ ਇਕ ਚੀਸ ਉਭਰਦੀ ਹੈ ਕੰਵਰ
ਇਕ ਭਟਕੀ ਹੋਈ ਮਾਸੂਮ ਤੇ ਆਵਾਰਾ ਹਵਾ,
ਮੇਰੇ ਦਰਵਾਜ਼ੇ 'ਤੇ ਹਰ ਰੋਜ਼ ਠਹਿਰਦੀ ਹੈ ਕੰਵਰ।
ਮਹਿਕਾਂ ਵਰਸਾਉਂਦੀ ਜਦੋਂ ਫੁੱਲਾਂ ਦੀ ਰੁੱਤ ਆਉਂਦੀ ਹੈ,
ਦਿਲ ਦੇ ਵੀਰਾਨੇ 'ਚ ਤਨਹਾਈ ਸੰਵਰਦੀ ਹੈ ਕੰਵਰ।
ਤੂੰ ਕਿ ਚਾਹੇ ਨੇ ਸਦਾ ਜਿਸ ਨੇ ਗੁਲਾਬੀ ਸਾਏ,
ਪਰ ਤੇਰਾ ਹਿੱਸਾ ਤਾਂ ਉਡੀਕਾਂ ਦੀ ਹੀ ਜ਼ਰਦੀ ਹੈ ਕੰਵਰ।
ਜਨਮਾਂ ਜਨਮਾਂ ਦਾ ਹੈ ਤੇਰਾ ਅਤੇ ਇਸਦਾ ਰਿਸ਼ਤਾ,
ਇਹ ਉਦਾਸੀ ਕੋਈ ਇਸ ਇਕ ਉਮਰ ਦੀ ਹੈ ਕੰਵਰ।
ਇਕ ਛਿਣ ਟੁੱਟ ਕੇ ਢਲ ਜਾਂਦਾ ਹੈ ਜਦ ਸਦੀਆਂ ਵਿਚ,
ਸੰਘਣੀ ਚੁੱਪ ਉਦੋਂ ਹੋਰ ਨਿਖਰਦੀ ਹੈ ਕੰਵਰ।
******
ਗ਼ਜ਼ਲ
ਅਪਣੇ ਸਾਏ ਦੇ ਸਮੁੰਦਰ ਵਿੱਚ ਖਰ ਜਾਵਾਂਗਾ ਮੈਂ।
ਤੇਰੇ ਮੂੰਹ ਦੀ ਧੁੱਪ ਨਾ ਚਮਕੀ ਤਾਂ ਮਰ ਜਾਵਾਂਗਾ ਮੈਂ।
ਇੱਕ ਦਿਨ ਅਪਣੇ ਲਹੂ ਦੇ ਘੁੱਟ ਭਰ ਜਾਵਾਂਗਾ ਮੈਂ।
ਅਜਨਬੀ ਬਣ ਕੇ ਤੇਰੇ ਅੱਗੋਂ ਗੁਜ਼ਰ ਜਾਵਾਂਗਾ ਮੈਂ।
ਹੰਝੂ ਬਣ ਕੇ ਤੇਰੀਆਂ ਪਲਕਾਂ 'ਤੇ ਪਹਿਲਾਂ ਸੁਲ਼ਘ ਲਾਂ,
ਤ੍ਰੇਲ ਬਣ ਫਿਰ ਫੁੱਲ ਦੀ ਪੱਤੀ 'ਤੇ ਠਰ ਜਾਵਾਂਗਾ ਮੈਂ।
ਭਾਵੇਂ ਲੋਹਾ ਬਣ ਕੇ ਜੂਝਾਂਗਾ ਮੈਂ ਹਰ ਔਕੜ ਦੇ ਨਾਲ਼,
ਰੇਤ ਬਣ ਕੇ ਪਰ ਤੇਰੇ ਦਰ 'ਤੇ ਬਿਖਰ ਜਾਵਾਂਗਾ ਮੈਂ।
ਕਾਲ਼ੇ ਜੰਗਲਾਂ ਵਿੱਚ ਖਿੰਡ ਜਾਵਾਂਗਾ ਮਹਿਕਾਂ ਦੀ ਤਰ੍ਹਾਂ,
ਮੁਸਕੁਰਾਉਂਦਾ ਦਰਦ ਬਣ ਰਗ ਰਗ 'ਚ ਭਰ ਜਾਵਾਂਗਾ ਮੈਂ।
ਧਰਤ ਤੋਂ ਆਕਾਸ਼ ਤਕ ਦਾ ਮੁੱਕ ਜਾਊ ਜਦ ਸਫ਼ਰ,
ਪੈਰ ਚਿੰਨ੍ਹ ਬਣ ਕੇ ਤੇਰੇ ਰਾਹ ਵਿਚ ਠਹਿਰ ਜਾਵਾਂਗਾ ਮੈਂ।
No comments:
Post a Comment