ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, September 2, 2011

ਡਾ: ਗੁਰਮਿੰਦਰ ਸਿੱਧੂ - ਨਜ਼ਮ

ਧੀਆਂ ਦੇ ਚੰਦ-ਸੂਰਜ

ਨਜ਼ਮ


ਧੀਆਂ ਲਈ ਬਾਪ ਸੂਰਜ ਹੁੰਦਾ


ਉਭੜ-ਖਾਭੜ ਰਾਹਾਂ ਵਿੱਚ ਲੋਅ ਵਿਛਾਉਂਦਾ


ਪੱਬੀਂ ਉੱਕੇ ਸਫ਼ਰ ਨੂੰ ਊਰਜਾ ਦਿੰਦਾ


ਕਕਰੀਲੇ ਸਿਆਲ਼ਾਂ ਵਿੱਚ


ਕੋਸੀ ਕੋਸੀ ਧੁੱਪ ਜਿਹਾ


ਤੇ ਕਦੀ ਕਦੀ ਜੇਠ ਹਾੜ੍ਹ ਦੀ


ਤਿੱਖੜ ਦੁਪਹਿਰ ਵਰਗਾ ਵੀ


ਜਿਹਦੇ ਧੁਰ ਅੰਦਰ ਧੀਆਂ ਲਈ


ਸਾਵੀ ਛਾਂ ਦਾ ਸੁਫ਼ਨਾ ਬੀਜਿਆ ਹੁੰਦਾ


ਤੇ ਇੱਕ ਦਿਨ


ਕਿਰਨਾਂ ਦੀ ਪੰਡ


ਧੀਆਂ ਦੇ ਸਿਰ 'ਤੇ ਧਰ ਕੇ


ਕਿਸੇ ਦੂਰ ਦੇਸ ਵੱਲ ਤੋਰ ਦਿੰਦਾ



ਧੀਆਂ ਲਈ ਮਾਂ ਚੰਦ ਹੁੰਦੀ


ਮੱਚਦੇ ਸਿਰ'ਤੇ ਰਿਸ਼ਮਾਂ ਦਾ ਸ਼ਾਮਿਆਨਾ ਤਾਣਦੀ


ਪਾਤਲੀਆਂ ਦੇ ਛਾਲਿਆਂ ਲਈ ਚੰਦਨ ਦਾ ਲੇਪ ਬਣਦੀ


ਟਸ-ਟਸ ਕਰਦੇ ਅੱਟਣਾਂ ਲਈ ਸ਼ਹਿਦ-ਭਿੰਨਾ ਚੁੰਮਣ


ਸਾਹ-ਸੂਤਣੀਆਂ ਕਾਲੀਆਂ ਰਾਤਾਂ ਵਿੱਚ


ਗੋਰੀ ਗੋਰੀ ਚਾਨਣੀ ਜਿਹੀ


ਤੇ ਕਦੀ ਕਦੀ ਗੁੰਗੇ ਸਾਧ ਦੀ ਕੁਟੀਆ ਵਰਗੀ ਵੀ


ਜਿਹਦੇ ਅੰਦਰ ਧੀਆਂ ਦੀਆਂ 'ਸੱਤੇ ਖੈਰਾਂ' ਲਈ


ਧੂਣੀ ਮਘਦੀ ਰਹਿੰਦੀ


ਤੇ ਇੱਕ ਦਿਨ


ਮਾਂ ਬਣਨ ਦਾ ਵਰਦਾਨ


ਧੀਆਂ ਦੇ ਮੱਥੇ 'ਤੇ ਧਰ ਕੇ


ਕਿਸੇ ਦੂਰ ਦੇਸ ਵੱਲ ਤੁਰ ਜਾਂਦੀ 


******


ਨਹਿਰਾਂ ਦੇ ਕੰਢੇ


ਨਜ਼ਮ


ਨਹਿਰਾਂ ਦੇ ਕੰਢੇ ਕੰਢੇ, ਬਿਰਖਾਂ ਦੇ ਕੋਲ ਕੋਲ


ਲਿਖੀ ਗਈ ਇਬਾਰਤ ਹੈ ਖ਼ੂਨ ਡੋਲ੍ਹ ਡੋਲ੍ਹ



ਸੂਰਜ ਨੇ ਪੜ੍ਹ ਲਈ ਹੈ, ਸਮਿਆਂ ਨੇ ਸੁਣ ਲਈ ਹੈ


ਪੌਣਾਂ ਨੇ ਜਿਹੜੀ ਪੋਥੀ, ਰੱਖੀ ਹੈ ਖੋਲ੍ਹ ਖੋਲ੍ਹ



ਕਿੱਦਾਂ ਲੁਕਾ ਲਓਗੇ ਪਾਣੀ ਦੇ ਹੇਠ ਦੀਵਾ?


ਕਿਹੜਾ ਨਿਆਂ ਕਰੋਗੇ ਨੇਰ੍ਹੇ ਨੂੰ ਫੋਲ ਫੋਲ?



ਪਛਤਾਵਿਆਂ ਦੀ ਠੰਢਕ ਨਹੀਉਂ ਸਹਾਰ ਹੋਣੀ,


ਜਜ਼ਬਾਤ ਬਰਫ਼ ਵਾਂਗੂੰ ਵੇਚੋ ਨਾ ਤੋਲ ਤੋਲ



ਨਫ਼ਰਤ ਨੇ ਵਿੰਗੀ ਕੀਤੀ, ਬੰਬਾਂ ਨੇ ਚਿੱਬ ਪਾਏ,


ਪਹਿਲਾਂ ਤਾਂ ਧਰਤ ਸਾਰੀ ਹੁੰਦੀ ਸੀ ਗੋਲ ਗੋਲ



ਕਿੱਥੇ ਹੈ ਲੈ ਕੇ ਆਈ ਸਾਡੀ ਪਿਆਸ ਸਾਨੂੰ,


ਬਾਰੂਦ ਪੀ ਰਹੇ ਹਾਂ ਪਾਣੀ ' ਘੋਲ ਘੋਲ



ਤੈਨੂੰ ਤਲਾਸ਼ਦੀ ਮੈਂ ਪੁਲਾੜ ਤੀਕ ਆਈ,


ਲਾਹ ਕੇ ਨਕਾਬ ਨੀਲੀ ਕੋਈ ਤਾਂ ਬੋਲ ਬੋਲ


*****


ਖੱਟੀ ਲੋਈ


ਗੀਤ


(ਸਰ੍ਹੋਂ ਦੇ ਪੂਰੇ ਖਿੜੇ ਹੋਏ ਖੇਤ ਨੂੰ ਦੇਖ ਕੇ, ਜਿਹੜਾ ਇਉਂ ਲੱਗਦਾ ਸੀ, ਜਿਵੇਂ ਧਰਤੀ ਨੇ ਪੀਲ਼ੀ ਸ਼ਾਲ ਲਈ ਹੋਵੇ)



ਮੈਨੂੰ ਲੈ ਦੇ ਸੱਜਣ ਖੱਟੀ ਲੋਈ! ਲੋਈ ਸਰ੍ਹੋਆਂ ਦੀ।


ਪੀਲ਼ੇ ਰੰਗ ਦੀ ਨੀਲਾਮੀ ਹੋਈ! ਲੋਈ ਸਰ੍ਹੋਆਂ ਦੀ।


ਕਿਸ ਮਿਰਜ਼ੇ ਨੇ ਖੇਤ ਇਹ ਵਾਹਿਆ?


ਦਿਲ ਬੀਜ ਦੇ ਵਿੱਚ ਰਲ਼ਾਇਆ


ਹੁਣ ਖਿੜ ਕੇ ਵੰਡੇ ਖੁਸ਼ਬੋਈ, ਲੋਈ ਸਰ੍ਹੋਆਂ ਦੀ...


ਮੈਨੂੰ ਲੈ ਦੇ ਸੱਜਣ ਖੱਟੀ ਲੋਈ! ਲੋਈ ਸਰ੍ਹੋਆਂ ਦੀ...



ਇਹ ਤਾਂ ਸੁੱਚੜੇ ਵਾਅਦੇ ਨੇ ਪੁੱਗੇ


ਮੋਤੀ ਸੋਨੇ ਦੇ ਧਰਤੀ 'ਚੋਂ ਉੱਗੇ


ਪੀਲੇ ਮੋਤੀਆਂ ਵਿੱਚ ਪਿਰੋਈ ! ਲੋਈ ਸਰ੍ਹੋਆਂ ਦੀ...


ਲੈ ਦੇ!ਲੈ ਦੇ!ਸੱਜਣ ਖੱਟੀ ਲੋਈ! ਲੋਈ ਸਰ੍ਹੋਆਂ ਦੀ...



ਪਰ੍ਹੇ ਗੰਨੇ, ਉਰੇ ਹਰੇਵਾਈ


ਵਿਚ ਧੁੱਪ ਹੈ ਫੜ ਕੇ ਬਿਠਾਈ


ਵੇ ਮੈਂ ਤੱਕ ਕੇ ਸ਼ਰਾਬਣ ਹੋਈ, ਲੋਈ ਸਰ੍ਹੋਆਂ ਦੀ...


ਮੈਨੂੰ ਲੈ ਦੇ ਸੱਜਣ ਖੱਟੀ ਲੋਈ! ਲੋਈ ਸਰ੍ਹੋਆਂ ਦੀ....



ਬੰਨੇ ਬੰਨੇ ਸਫੈਦੇ ਨੇ ਸੋਂਹਦੇ


ਝੂਮ ਝੂਮ ਕੇ ਕਾਲਜਾ ਮੋਂਹਦੇ


ਲੈ ਨਾ ਜਾਵੇ ਮਜਾਜਣ ਕੋਈ, ਲੋਈ ਸਰ੍ਹੋਆਂ ਦੀ...


ਲੈ ਦੇ! ਲੈ ਦੇ! ਸੱਜਣ ਖੱਟੀ ਲੋਈ! ਲੋਈ ਸਰ੍ਹੋਆਂ ਦੀ...



ਦੂਰ ਚਮਕੇ ਪਹਾੜਾਂ ਦੀ ਸੱਗੀ


ਵੇ ਮੈਂ ਰੰਗਾਂ ਦੇ ਮੇਲੇ ਨੇ ਠੱਗੀ


ਅੱਜ ਰੁੱਤ ਨਵਾਬਣ ਹੋਈ, ਲੋਈ ਸਰ੍ਹੋਆਂ ਦੀ...


ਮੈਨੂੰ ਲੈ ਦੇ ਸੱਜਣ ਖੱਟੀ ਲੋਈ! ਲੋਈ ਸਰ੍ਹੋਆਂ ਦੀ...




2 comments:

surjit said...

ਗੁਰਮਿੰਦਰ ਜੀ ਦੀਆਂ ਬਹੁਤ ਸੁੰਦਰ ਨਜ਼ਮਾਂ ਪੇਸ਼ ਕਰਨ ਲਈ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤਨਦੀਪ । ਸੁਰਜੀਤ ।

सुभाष नीरव said...

डा गुरमिंदर जी की पहली कविता 'धीआं दे चन्न सूरज' बहुत बढ़िया कविता है… मैंने इसका हिन्दी अनुवाद अपने ब्लॉग 'सेतु साहित्य' के ताज़ा अंक(सितम्बर 2011) में प्रकाशित किया है।
सुभाष नीरव
www.setusabhitya.blogspot.com
www.kathapunjab.blogspot.com