ਨਜ਼ਮ
ਪਿੰਡ ਜਾਂਦਾ ਹਾਂ…ਪਿੰਡ ਨੂੰ ਮਿਲ਼ਣ
ਗਲੀਆਂ ਨੂੰ…ਗੁਆਚੇ ਦਿਨਾਂ ਨੂੰ
ਆਪਣੇ ਆਪ ਨੂੰ ਵੀ ਸ਼ਾਇਦ
ਕੋਈ ਭਾਰ ਲਾਹੁਣ ਲਈ ਮੋਢਿਆਂ ਤੋਂ
ਸਾਂਝਾ ਕਰਨ ਲਈ ਕੁਝ
ਜੋ ਰੱਖਿਆ ਪਿਆ ਹੈ ਕਿਤੇ ਧੁਰ ਅੰਦਰ
ਬੱਝ ਗਈ ਗੰਢ ਖੋਲ੍ਹਣ
ਨਹੁੰ ਖੋਭਣ ਆਪਣੇ ਲਹੂ 'ਚ
ਜੰਮ ਗਿਆ ਜੋ ਕਿਤੇ
ਖੁਰਚਣ ਆਪਣਾ ਆਪ
ਜੋ ਪੱਥਰ ਹੋ ਗਿਆ….ਅੰਦਰਲੀ ਸਿੱਲ੍ਹ ਨਾਲ਼
ਘਰ ਦੀ ਕੰਧ ਨਾਲ ਲੱਗ ਕੇ ਖੜ੍ਹਾ ਹੈ ਪਿਤਾ
ਕੰਧ 'ਚ ਕੰਧ ਹੋਇਆ
ਵੇਖਦਾ ਹੈ ਘਰ ਮੇਰੇ ਵੱਲ ਡੂੰਘਾ ਜਿਹਾ
ਨਜ਼ਰਾ ਚਰਾਉਦਾਂ ਹਾਂ
ਪੁੱਛਦੀ ਹੈ ਮਾਂ ਸੁੱਖ-ਸਾਂਦ
ਹੱਥ ਫੇਰਦੀ ਹੈ ਸਿਰ 'ਤੇ
ਹੂੰ-ਹਾਂ ਕਰ ਛੱਡਦਾ ਹਾਂ
'ਉਮਰ ਗੁਆ ਕੇ ਸਮਝ ਆਉਦੀਂ ਹੈ'
ਬੋਲ ਟਕਰਾਏ ਮੱਥੇ ਨਾਲ
ਪਿਤਾ ਤਾਂ ਕੁਝ ਨਹੀਂ ਬੋਲਿਆ
ਕਿਸ ਨੇ ਕਿਹਾ ਇਹ ਸਭ ਕੁਝ
ਕਿਹੜੀ ਮਿੱਟੀ ਦੀ ਤਲਾਸ਼ 'ਚ ਨਿਕਲ਼ਿਆ ਸੀ
ਕੌਣ ਦਿਸ਼ਾਵਾਂ ਵੱਲ ਹੋ ਤੁਰਿਆ
ਕਿਹੜੀ ਦੁਨੀਆਂ ਸਰ ਕਰਨ ਲਈ
ਤ੍ਰਭਕਦਾ ਹਾਂ
ਅਵਾਜ਼ਾਂ ਤਾਂ ਕਿਤੋਂ ਅੰਦਰੋਂ ਹੀ ਨੇ
ਘਰੋਂ ਨਿਕਲਦਾ ਹਾਂ
ਬਚਪਨ ਦੇ ਯਾਰ ਨੂੰ ਮਿਲਣ
ਵਾਲਾਂ 'ਚ ਆਏ ਧੌਲੇ ਮੁਸਕਰਾਉਂਦੇ ਨੇ
ਜੱਫ਼ੀ ਪਾ ਕੇ ਮਿਲਦੇ ਹਾਂ
ਢਿੱਲਾ ਜਿਹਾ ਪੈ ਜਾਂਦਾ ਹਾਂ
ਥੜ੍ਹੇ 'ਤੇ ਬੈਠੇ ਬਜ਼ੁਰਗਾਂ ਕੋਲੋਂ
ਨਜ਼ਰਾਂ ਨੀਵੀਆਂ ਕਰਦਾ ਹਾਂ
ਓਥੋਂ ਖਿਸਕਦਾ ਹਾਂ… ਬਾਂਹ ਖਿੱਚਦਾ ਹਾਂ ਯਾਰ ਦੀ
'ਰਤਨਾ ਦਾ ਛੋਟਾ ਹੈ ਸ਼ਾਇਦ'
ਕੋਈ ਨਜ਼ਰ ਬੋਲੀ…ਪਿੱਛਾ ਕਰਦੀ
ਯਾਰ ਗੱਲਾਂ ਕਰਨੀਆਂ ਚਾਹੁੰਦਾ ਹੈ
ਕੋਈ ਗੱਲ ਨਹੀਂ ਹੈ ਮੇਰੇ ਕੋਲ਼
ਗੁਆਚ ਗਈ ਕਿਤੇ ਅੱਭੜਵਾਹੇ ਭੱਜਦਿਆਂ
ਹੋ ਗਿਆ ਸਭ ਕੁਝ ਬੇਤਰਤੀਬ
ਤਰਤੀਬ 'ਚ ਰੱਖਦਿਆਂ
ਪਿੰਡ ਦੀਆਂ ਸਮਾਧਾਂ ਵੱਲ ਜਾਂਦਾ ਹਾਂ
ਬੁਝੀ ਹੋਈ ਨਜ਼ਰ ਨਾਲ ਟਕਰਾਉਂਦੇ ਨੇ ਚਿਰਾਗ਼
ਹਨੇਰਾ ਉਤਰ ਆਇਆ ਹੈ
ਕਿੱਥੇ ਰੱਖ ਬੈਠਾ ਹਾਂ ਪੈਰ
ਕੀ ਵੜ ਆਇਆ ਸੋਚਾਂ 'ਚ
ਨਾ ਪਿੰਡ ਮਿਲ਼ਿਆ…ਨਾ ਘਰ
ਗੁਆਚ ਗਿਆ ਹੋਰ ਕਿੰਨਾ ਕੁਝ
'ਅੱਜ ਦੀ ਰਾਤ ਕੱਟ ਸਵੇਰੇ ਚਲਾ ਜਾਵੀਂ '
ਕਿਸ ਨੇ ਕਿਹਾ…ਮੇਰੇ ਆਲ਼ੇ ਦੁਆਲ਼ੇ ਤਾਂ ਕੋਈ ਨਹੀਂ…।।
5 comments:
विशाल की कविताएं मुझे हमेशा ही भीतर तक छूती रही हैं। घर, परिवार,देश से उखड़कर किसी पराई धरती रह रहे व्यक्ति के भीतर अपने घर, परिवार, गांव, देश को लेकर कितनी प्रकार की और किस किस प्रकार की उठा-पटक होती रह्ती हैं, यह देखना हो तो विशाल की कविताओं को पढ़ लो…मालूम चल जाएगा… इनकी कई कविताओं का मैंने हिन्दी में रूपान्तर किया है…हिंदी में भी इनकी कविताओं के प्रशंसक हैं… यह कविता ऐसे ही कवि मन के व्यक्ति के बाह्य और अन्तर जगत की यात्रा का द्वंद बहुत प्रभावशाली ढ़ंग से रेखांकित करती है… बधाई !
ਤਪ ਤਪ ਕੇ ਲੋਹਾ ਕੁੰਦਨ ਹੋ ਜਾਂਦਾ
ਬਿਰਹਾ ਦੀ ਅੱਗ ਨੇ ਵਿਸ਼ਾਲ ਜੀ ਦੀ ਕਲਮ ਨੂੰ ਓਹ ਹੁਨਰ ਦਿੱਤਾ
ਕਿ ਹਰ ਹਰਫ਼ ਲਹੂ 'ਚੌਂ ਨਹਾ ਕੇ ਆਇਆ.............
ਰੱਬ ਤੁਹਾਡੀ ਕਲਮ ਨੂੰ ਉਮਰ ਬਖ਼ਸ਼ੇ.............
bahut hi sunder rachna.....!!!
ਬਹੁਤ ਹੀ ਸੁੰਦਰ ਕਵਿਤਾ !
ਮੇਰੀ ਨਜ਼ਰ ਵਿੱਚ ਵਿਸ਼ਾਲ ਇਕ ਉਮਦਾ ਕਵੀ ਹੈ...ਜੋ ਕਵਿਤਾ ਕਹਿਣ ਲੱਗਿਆਂ ਬਹੁਤ ਹੀ ਮਖ਼ਸੂਸ ਅੰਦਾਜ਼ ਵਿੱਚ ਸੰਵਾਦ ਰਚਾਉਂਦਾ ਹੈ.... ਵਿਸ਼ਾਲ ਨੂੰ ਸਾਹਿਤਿਕ ਰਸਾਲਿਆਂ ਵਿੱਚ ਪਡ਼ਿਆ ਸੀ...ਖ਼ੁਦ ਦੋ-ਮਾਸਿਕ ਦਰਪਣ ਵਿੱਚ ਵੀ ਛਾਪਿਆ.... ਪਿਛਲੇ ਦਿਨੀਂ ਵਿਸ਼ਾਲ ਖਟਕਡ਼ ਕਲਾਂ ਵਿਚ ਇਕ ਸਮਾਗਮ ਦੌਰਾਨ ਮਿਲਿਆ ਤੇ ਉਹਨੇ ਆਪਣੀ ਨਵੀਂ ਕਿਤਾਬ ਦਿੱਤੀ...ਉਹ ਪਡ਼ਦਿਆਂ ਇਕ ਅਜੀਬ ਜਿਹੀ ਬੇਚੈਨੀ ਮਹਿਸੂਸ ਹੋ ਰਹੀ ਹੈ...ਉਸ ਕਿਤਾਬ ਬਾਰੇ ਮੈਂ ਵਿਸਥਾਰ ਵਿਚ ਗੱਲ ਕਦੇ ਫਿਰ ਕਰਾਂਗਾ....ਫਿਲਹਾਲ ਇਸ ਭਾਵਪੂਰਤ ਨਜ਼ਮ ਲਈ ਮੁਬਾਰਕਾਂ....
Post a Comment