ਨਜ਼ਮ
ਹੁਣ, ਕਬੂਤਰ ਉੱਡਦੇ ਹਨ
ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ
ਚਿਹਰਿਆਂ ਉੱਤੇ, ਵੱਖੋ ਵੱਖ ਤਰ੍ਹਾਂ ਦੇ
ਮੁਖੌਟੇ ਸਜਾ ਕੇ
ਕਿਸੇ ਅਮੀਰ ਦੇਸ਼ ਦੀ
ਨਾਗਰਿਕਤਾ ਲੈਣ ਖ਼ਾਤਿਰ, ਉਹ
ਕੁਝ ਵੀ ਬਣ ਸਕਦੇ ਹਨ-
ਮਸਲਨ: ਅਖ਼ਬਾਰਾਂ ਦੇ ਪੱਤਰਕਾਰ
ਕਬੱਡੀ ਦੇ ਖਿਡਾਰੀ, ਗੁਰਦੁਆਰਿਆਂ ਦੇ ਭਾਈ
ਗਾਇਕ, ਅਧਿਆਪਕ, ਡਾਕਟਰ, ਨਰਸਾਂ, ਅਦਾਕਾਰ
ਰਾਗੀ, ਢਾਡੀ, ਕਵੀਸ਼ਰ, ਸੰਗੀਤਕਾਰ, ਫਿਲਮ-ਨਿਰਦੇਸ਼ਕ
ਜਾਂ ਇਹੋ ਜਿਹਾ ਹੀ ਕੁਝ ਹੋਰ
ਕਬੂਤਰਬਾਜ਼ੀ ਦੀ ਜੇਕਰ ਮੰਗ ਹੋਵੇ, ਤਾਂ
ਭਰਾ ਭੈਣਾਂ ਨਾਲ ਵਿਆਹ ਕਰ ਸਕਦੇ ਹਨ
ਪਿਓ ਧੀਆਂ ਨਾਲ, ਅਤੇ ਮਾਵਾਂ
ਆਪਣੇ ਹੀ ਪੁੱਤਰਾਂ ਦੀਆਂ ਪਤਨੀਆਂ ਬਣਕੇ
ਉਨ੍ਹਾਂ ਲਈ, ਸੇਜਾਂ ਸਜਾ ਸਕਦੀਆਂ ਹਨ
ਕਬੂਤਰਬਾਜ਼ੀ ਦੇ ਮਹਾਂ-ਉਸਤਾਦ
ਅਤੇ ਉਨ੍ਹਾਂ ਦੇ ਸਾਜ਼ਿਸ਼ੀ ਕਰਿੰਦੇ
ਆਪਣੇ ਤਲਿੱਸਮੀ ਸ਼ਬਦਾਂ ਦੇ ਜਾਦੂ ਸੰਗ
ਇਮੀਗਰੇਸ਼ਨ ਅਫ਼ਸਰਾਂ ਸਾਹਮਣੇ
ਹੋਣ ਵਾਲੀਆਂ, ਮੁਲਾਕਾਤਾਂ ਦੌਰਾਨ
ਖੂੰਖਾਰ ਦਹਿਸ਼ਤਗਰਦਾਂ ਨੂੰ, ਪਹੁੰਚੇ ਹੋਏ ਸੰਤ-ਮਹਾਤਮਾ
ਅਤੇ ਕ਼ਾਤਿਲਾਂ ਨੂੰ, ਮਹਾਂ-ਉਪਕਾਰੀ ਬਣਾ ਕੇ
ਪੇਸ਼ ਕਰ ਸਕਦੇ ਹਨ
ਉਨ੍ਹਾਂ ਦਾ ਵੱਸ ਚੱਲੇ, ਤਾਂ ਉਹ
ਆਪਣੀਆਂ ਹੀ ਪਤਨੀਆਂ ਦੀ
ਨਿੱਤ, ਬੇਤਹਾਸ਼ਾ, ਮਾਰ-ਕੁਟਾਈ ਕਰਨ ਵਾਲੇ
ਉਜੱਡ ਪਤੀਆਂ ਨੂੰ, ਦਿਆਲੂ ਪਤੀ ਬਣਾ ਕੇ
ਪੇਸ਼ ਕਰਨ ਵਿੱਚ ਵੀ
ਕੋਈ ਕਸਰ ਨਹੀਂ ਛੱਡਣਗੇ
ਕਬੂਤਰਬਾਜ਼ੀ ਦੇ ਮਹਾਂ-ਉਸਤਾਦ
ਅਤੇ ਉਨ੍ਹਾਂ ਦੇ ਮੱਕਾਰ ਅਹਿਲਕਾਰ
ਕਬੂਤਰਾਂ ਨੂੰ, ਕਿਸੇ ਅਮੀਰ ਦੇਸ਼ ਦੀ
ਸੁੱਖਾਂ ਭਰੀ ਜ਼ਿੰਦਗੀ ਦੇ ਹੱਕ ਦੁਆਉਣ ਖ਼ਾਤਿਰ
ਕਾਗ਼ਜ਼ੀ ਫੁੱਲਾਂ ਵਰਗੇ, ਰੰਗ ਬਰੰਗੇ, ਸ਼ਬਦਾਂ ਦੇ
ਜਾਦੂ ਸੰਗ, ਕੁਝ ਵੀ ਕਰ ਸਕਦੇ ਹਨ
ਉਹ, ਕਬੂਤਰਾਂ ਦੇ ਚਿਹਰਿਆਂ ਉੱਤੇ
ਅਜਿਹਾ, ਕੋਈ ਵੀ ਮੁਖੌਟਾ ਸਜਾ ਸਕਦੇ ਹਨ
ਮੁਖੌਟਾ, ਜੋ ਉਨ੍ਹਾਂ ਲਈ
ਇੱਕ ਦੇਸ਼ ਤੋਂ ਉੱਡ ਕੇ
ਕਿਸੇ ਹੋਰ ਦੇਸ਼ ਦੀਆਂ ਸਰਹੱਦਾਂ ਅੰਦਰ
ਘੋਸਲੇ ਬਣਾਉਣਾ
ਯਕੀਨੀ ਬਣਾ ਸਕਦਾ ਹੋਵੇ
*****
ਠੱਗ ਬਾਬੇ
ਨਜ਼ਮ
ਉਹ, ਕਿਸੀ ਹੋਰ ਗ੍ਰਹਿ ਤੋਂ
ਆਏ ਹੋਏ, ਯੂ.ਐਫ.ਓ ਨਹੀਂ-
ਏਸੇ ਧਰਤੀ ਦੇ ਮਾਹੌਲ
ਦੀ ਹੀ ਉਪਜ ਹਨ
ਉਹ, ਸਾਡੇ, ਤੁਹਾਡੇ, ਗੁਆਂਢੀਆਂ ਦੇ
ਜਾਂ ਪਿੰਡ 'ਚੋਂ ਕਿਸੇ ਦੇ
ਧੀਆਂ, ਪੁੱਤਰ ਹੋਣਗੇ
ਉਨ੍ਹਾਂ ਨੂੰ ਬੇਸਮਝ, ਮੂਰਖ, ਅਗਿਆਨੀ
ਸਮਝਣ ਦੀ, ਕਦੀ ਵੀ
ਭੁੱਲ ਨਾ ਕਰਨਾ-
ਵਸਤ ਮੰਡੀ ਦੇ
ਚੁਸਤ ਵਿਉਪਾਰੀਆਂ ਵਾਂਗ
ਉਨ੍ਹਾਂ ਨੇ ਵੀ ਸਿੱਖ ਲਈਆਂ ਹਨ
ਮਛਲੀਆਂ ਨੂੰ ਜਾਲ਼ ਵਿੱਚ
ਫਸਾਉਣ ਦੀਆਂ, ਪਰਾ-ਆਧੁਨਿਕ ਤਕਨੀਕਾਂ
ਉਹ, ਖ਼ੂਬ ਜਾਣਦੇ ਹਨ
ਮੰਡੀ 'ਚ ਕੀ ਵਿਕਦਾ ਹੈ-
ਉਹ, ਜਾਣਦੇ ਹਨ ਵੇਚਣਾ
ਟੀ.ਵੀ. ਸਕਰੀਨਾਂ ਉੱਤੇ
ਅੱਖਾਂ ਨੂੰ ਚੁੰਧਿਆ ਦੇਣ ਵਾਲੀਆਂ
ਰੌਸ਼ਨੀਆਂ ਦਾ ਜਲੌਅ ਕਰਕੇ
ਆਪਣਾ ਪਾਖੰਡ - ਸੁਆਹ ਦੀਆਂ ਪੁੜੀਆਂ
ਸੁਨਹਿਰੀ ਵਰਕਾਂ 'ਚ ਲਪੇਟ
ਹਰ ਮਰਜ਼ ਦੀ ਦੁਆ ਕਹਿਕੇ
ਉਹ, ਜਾਣਦੇ ਹਨ :
ਸਾਡੀਆਂ ਲਾਲਸਾਵਾਂ-
ਸਾਡੀਆਂ ਕਮਜ਼ੋਰੀਆਂ-
ਸਾਡੀਆਂ ਇੱਛਾਵਾਂ-
ਸਾਡੀਆਂ ਆਸ਼ਾਵਾਂ-
ਸਾਡੀਆਂ ਨਿਰਾਸ਼ਾਵਾਂ-
ਉਹ, ਇਹ ਵੀ ਜਾਣਦੇ ਹਨ
ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਜੋਂ
ਉੱਚੇ ਗੁੰਬਦਾਂ ਅਤੇ ਮਮਟੀਆਂ ਵਾਲੀਆਂ
ਆਲੀਸ਼ਾਨ ਇਮਾਰਤਾਂ ਵਿੱਚ, ਰੱਬ ਦੇ ਨਾਮ ਉੱਤੇ
ਖੁੱਲ੍ਹੀਆਂ ਬਹੁ-ਰੰਗੀਆਂ ਦੁਕਾਨਾਂ
ਮੰਦਿਰਾਂ, ਮਸਜਿਦਾਂ, ਗਿਰਜਿਆਂ, ਗੁਰਦੁਆਰਿਆਂ ਵਿੱਚ
ਕੀ, ਕੀ ਕੌਤਕ ਰਚੇ ਜਾ ਰਹੇ ਹਨ :
ਖੜਤਾਲਾਂ ਵੱਜਦੀਆਂ ਹਨ
ਛੈਣੇ ਖੜਕਦੇ ਹਨ
ਸੰਖ ਪੂਰੇ ਜਾ ਰਹੇ ਹਨ
ਨਾਹਰੇ ਗੂੰਜਦੇ ਹਨ
ਉਹ, ਇਹ ਵੀ ਜਾਣਦੇ ਹਨ
ਕਿ ਹਉਮੈ, ਲਾਲਚ ਅਤੇ ਘੁਮੰਡ ਦੇ ਗ੍ਰੱਸੇ ਹੋਏ
ਅਸੀਂ, ਆਪਣੇ ਹੀ ਸੰਗੀ-ਸਾਥੀਆਂ
ਮਿੱਤਰਾਂ, ਗੁਆਂਢੀਆਂ, ਹਮਜੋਲੀਆਂ ਨੂੰ
ਮਹਿਜ਼, ਜੀਣ ਦੇ ਹੱਕ ਦੇਣ ਤੋਂ ਵੀ ਇਨਕਾਰੀ ਹੋ
ਜ਼ਾਤ-ਪਾਤ, ਊਚ-ਨੀਚ ਦੇ ਲੇਬਲ ਲਗਾ
ਸਦੀਆਂ ਆਪਣੇ ਪੈਰਾਂ ਹੇਠ
ਲਿਤਾੜਿਆ ਹੈ, ਘਾਹ ਦੇ ਤਿਨਕਿਆਂ ਵਾਂਗੂੰ
ਉਹ, ਇਹ ਵੀ ਜਾਣਦੇ ਹਨ
ਖਪਤ ਸਭਿਆਚਾਰ ਦੇ ਰੰਗਾਂ 'ਚ ਰੰਗਿਆ ਆਦਮੀ
ਵਸਤਾਂ ਪ੍ਰਾਪਤ ਕਰਨ ਦੀ ਦੌੜ ਵਿੱਚ ਖੁੱਭਾ
ਅੰਨ੍ਹੇ ਘੋੜੇ ਵਾਂਗ ਸਰਪਟ ਦੌੜਦਾ
ਅੰਦਰੋਂ ਥੱਕ ਚੁੱਕਾ ਹੈ, ਅੰਦਰੋਂ ਟੁੱਟ ਚੁੱਕਾ ਹੈ
ਅੰਦਰੋਂ ਇਕੱਲਤਾ ਵਿੱਚ ਘਿਰ ਗਿਆ ਹੈ
ਉਹ, ਪਲ ਪਲ ਆਪਣੇ ਆਪ ਨੂੰ ਹੀ
ਪੁੱਛ ਰਿਹਾ ਹੈ, ਇੱਕ ਹੀ ਸੁਆਲ :
'ਮੇਰੇ ਮਨ ਦਾ ਸੁੱਖ ਚੈਨ
ਕਿੱਥੇ ਗੁੰਮ ਚੁੱਕਾ ਹੈ?'
ਤੇ ਠੱਗ ਬਾਬਿਆਂ ਨੇ
ਇਹ ਸਭ ਕੁਝ ਜਾਣਕੇ
ਸਮੁੰਦਰ ਦੇ ਖਾਰੇ ਪਾਣੀਆਂ ਵਿੱਚ
ਤੈਰ ਰਹੀਆਂ, ਇਨ੍ਹਾਂ ਸਭ ਮਛਲੀਆਂ ਨੂੰ
ਆਪਣੇ ਜਾਲ਼ਾਂ ਵਿੱਚ ਫਸਾਉਣ ਲਈ
ਤਰ੍ਹਾਂ ਤਰ੍ਹਾਂ ਦੇ, ਦਿਲ ਲੁਭਾਉਣੇ ਕਾਂਟੇ
ਪਾਣੀਆਂ ਵਿੱਚ ਸੁੱਟ ਦਿੱਤੇ ਹਨ
******
ਛੇਵਾਂ ਦਰਿਆ
ਨਜ਼ਮ
ਪੰਜਾਬੀਆਂ ਨੂੰ, ਪੰਜਾਬ ਦੇ
ਪੰਜਾਂ ਦਰਿਆਵਾਂ ਨਾਲ ਮੋਹ ਹੈ -
ਪਰ ਹੁਣ, ਜੋ ਛੇਵਾਂ ਦਰਿਆ ਵੀ
ਵਗ ਰਿਹਾ ਹੈ, ਉਸਦਾ ਕੀ ਕਰਨਗੇ ?
ਇਹ ਛੇਵਾਂ ਦਰਿਆ
ਨਸ਼ਿਆਂ ਦਾ ਦਰਿਆ ਹੈ
ਜਿਸ ਵਿੱਚ ਡੁੱਬ ਰਿਹਾ ਹੈ
ਹਰ ਕੋਈ, ਆਪਣੀ ਹੀ
ਮਨ-ਮਰਜ਼ੀ ਦੇ ਨਾਲ਼
ਸ਼ਾਮ ਪੈਂਦਿਆਂ ਹੀ, ਰੰਗੀਨ
ਹੋਣ ਲੱਗਦਾ ਹੈ ਮਾਹੌਲ -
ਛਲਕਣ ਲੱਗਦੇ ਹਨ ਗਲਾਸ
ਫਿਰ, ਵੇਖਦਿਆਂ ਹੀ ਵੇਖਦਿਆਂ
ਕਵਿਤਾ, ਕਹਾਣੀ, ਨਾਵਲ, ਨਾਟਕ, ਨਿਬੰਧ
ਸਭ ਕੁਝ ਡੁੱਬ ਜਾਂਦਾ ਹੈ
ਵਗ ਰਹੇ ਛੇਵੇਂ ਦਰਿਆ ਵਿੱਚ
ਪੰਜਾਬੀਆਂ ਨੂੰ, ਪੰਜਾਬ ਦੇ
ਪੰਜਾਂ ਦਰਿਆਵਾਂ ਨਾਲ ਮੋਹ ਹੈ -
ਪਰ ਛੇਵੇਂ ਦਰਿਆ ਦੇ ਪਾਣੀਆਂ ਦੀ
ਖਿੱਚ ਹੀ ਕੁਝ ਅਜਿਹੀ ਹੈ
ਕਿ ਦੇਸ-ਬਦੇਸ ਦੇ ਅਨੇਕਾਂ
ਬਹੁ-ਚਰਚਿਤ 'ਕਬੱਡੀ ਖੇਡ ਮੇਲੇ'
ਮਹਿਜ਼, 'ਡਰੱਗ ਸਮਗਲਿੰਗ ਮੇਲੇ' ਬਣ ਕੇ ਰਹਿ ਗਏ ਹਨ
ਅਤੇ ਖਿਡਾਰੀ -
ਕਬੱਡੀ ਖੇਡ ਵਿੱਚ ਮੱਲਾਂ ਮਾਰਨ ਦੀ ਥਾਂ
'ਡਰੱਗ ਸਮੱਗਲਰ' ਬਣ ਕੇ ਚਰਚਾ ਦਾ ਵਿਸ਼ਾ ਬਣ ਰਹੇ ਹਨ
ਪੰਜਾਬੀਆਂ ਨੂੰ, ਪੰਜਾਬ ਦੇ
ਪੰਜਾਂ ਦਰਿਆਵਾਂ ਨਾਲ ਮੋਹ ਹੈ -
ਪਰ ਛੇਵੇਂ ਦਰਿਆ ਦੇ ਪਾਣੀਆਂ ਦਾ
ਜਾਦੂ, ਜਦੋਂ ਸਿਰ ਚੜ੍ਹ ਕੇ ਬੋਲਦਾ ਹੈ
ਤਾਂ, ਆਪਣੀ ਵਿਦਵਤਾ ਦਾ ਪੰਡਤਾਊਪਨ
ਦਿਖਾਣ ਦੀ ਕਾਹਲ਼ ਵਿੱਚ ਗਵਾਚੇ
ਅਨੇਕਾਂ ਕ੍ਰਾਂਤੀਕਾਰੀਆਂ ਦੀ ਚੇਤਨਾ ਵਿੱਚ ਉੱਭਰੇ
ਪਤਾ ਨਹੀਂ ਕਿੰਨ੍ਹੇ ਕੁ
ਰਾਜਨੀਤਿਕ, ਆਰਥਿਕ, ਸਾਹਿਤਕ, ਸਭਿਆਚਾਰਕ
ਇਨਕ਼ ਲਾਬ, ਝੱਗ ਬਣਕੇ ਤੈਰਨ ਲੱਗਦੇ ਹਨ
ਅੱਧ-ਭਰੇ ਵਿਸਕੀ ਦੇ ਗਲਾਸਾਂ ਵਿੱਚ
ਅਤੇ ਫਿਰ
ਜਿਉਂ, ਜਿਉਂ ਨਸ਼ਾ ਖਿੜਦਾ ਜਾਂਦਾ ਹੈ
ਉਨ੍ਹਾਂ ਨੂੰ ਜਾਪਦਾ ਹੈ -
ਬਸ, ਇਨਕ਼ਲਾਬ ਆਇਆ ਕਿ ਆਇਆ
ਜਿਵੇਂ ਕਿਤੇ, ਇਨਕ਼ਲਾਬ ਕਮਰੇ ਤੋਂ ਬਾਹਰ
ਦਹਿਲੀਜ਼ ਉੱਤੇ ਖੜ੍ਹਾ ਹੋਵੇ...
3 comments:
सुखिंदर जी की ये सभी नज़में बहुत प्रभावकारी हैं…आखिरी नज़म तो बहुत ज्यादा ही अच्छी लगी। मैं "गवाक्ष" के लिए इसका हिन्दी अनुवाद कर रहा हूँ…उम्मीद है, सुखिंदर जी को और आपको कोई आपत्ति नहीं होगी…
ਛੇਵਾਂ ਦਰਿਆ ਬਹੁਤ ਹੀ ਵਧੀਆ ਲਗੀ !
ਸੁਖਿੰਦਰ ਜੀ ਦੀਆਂ ਨਜ਼ਮਾਂ ਹਮੇਸ਼ਾ ਸੋਚਣ ਤੇ ਮਜਬੂਰ ਕਰ ਦਿੰਦੀਆਂ ਹਨ । ਬਹੁਤ ਖੂਬ !
Post a Comment