ਕੀ ਹੋਇਆ ਜੇ ਡਾਰਾਂ ਬੰਨ੍ਹ ਬੰਨ੍ਹ ਆਉਂਦੇ ਨੇ ।
ਗ਼ਮ ਤਾਂ ਉਮਰਾਂ ਤੀਕਰ ਸਾਥ ਨਿਭਾਉਂਦੇ ਨੇ ।
ਦਿਲ ਵਿਚ ਦੁਨੀਆ ਭਰ ਦਾ ਦਰਦ ਸਮਾਉਂਦੇ ਨੇ।
ਦਿਲ ਵਾਲੇ ਹੀ ਦਿਲ ਦਾ ਦਰਦ ਵੰਡਾਉਂਦੇ ਨੇ ।
ਕੁਝ ਲੋਕੀਂ ਏਦਾਂ ਵੀ ਪਿਆਰ ਨਿਭਾਉਂਦੇ ਨੇ ।
ਯਾਰ ਦੇ ਦਿੱਤੇ ਗ਼ਮ ਨੂੰ ਲਾਡ ਲਡਾਉਂਦੇ ਨੇ ।
ਰੰਗਾਂ ਨਾਲ਼ ਜਦੋਂ ਵੀ ਰੰਗ ਟਕਰਾਉਂਦੇ ਨੇ।
ਕੀ ਦੱਸੀਏ ਫਿਰ ਕੀ ਕੀ ਰੰਗ ਵਿਖਾਉਂਦੇ ਨੇ ।
ਕੁਝ ਨਾ ਕੁਝ ਤਾਂ ਬਾਤ ਉਨ੍ਹਾਂ ਵਿਚ ਹੋਵੇਗੀ,
ਲੋਕ ਜਿਨ੍ਹਾਂ ਦੀਆਂ ਅਕਸਰ ਬਾਤਾਂ ਪਾਉਂਦੇ ਨੇ।
ਰੰਗ ਬਦਲਦੇ ਵੇਖੇ ਖ਼ੂਨ ਦੇ ਰਿਸ਼ਤੇ ਵੀ ,
ਰੰਗ-ਬਰੰਗੇ ਰੰਗ ਜਦੋਂ ਭਰਮਾਉਂਦੇ ਨੇ।
ਪ੍ਰੇਮ-ਪੁਜਾਰੀ ਪੁੱਛ ਨਾ ਕਿੱਦਾਂ ਪੱਬਾਂ ਵਿਚ,
ਜਾਮ ਬਣਾ ਕੇ ਜਿਸਮਾਂ ਨੂੰ ਛਲਕਾਉਂਦੇ ਨੇ ।
ਯਾਦ ਜਿਨ੍ਹਾਂ ਨੂੰ ਕੋਈ ਵੀ ਨਈਂ ਕਰਦਾ, ਉਹ,
ਯਾਦਾਂ ਨਾਲ ਹੀ ਅਪਣਾ ਚਿੱਤ ਪਰਚਾਉਂਦੇ ਨੇ ।
ਅਪਣੇ ਅੰਦਰ ਝਾਤੀ ਮਾਰ ਕੇ ਵੇਖ ਜ਼ਰਾ,
ਕਿੱਦਾਂ ਲੋਕੀਂ ਅਪਣਾ ਆਪ ਛੁਪਾਉਂਦੇ ਨੇ ।
ਹਾਲ ਉਨ੍ਹਾਂ ਦਾ ਵੇਖਣ ਵਾਲਾ ਹੁੰਦਾ ਹੈ ,
ਜਦ ਵੀ ਸਾਡੇ ਹਾਲ ਤੇ ਉਹ ਮੁਸਕਾਉਂਦੇ ਨੇ ।
ਕੋਣ ਕਿਸੇ ਦੀ ਅੱਗ ਵਿਚ ਸੜਦਾ ਹੈ “ਮਾਨਵ”,
ਸਾਰੇ ਅਪਣੀ ਅਪਣੀ ਪਿਆਸ ਬੁਝਾਉਂਦੇ ਨੇ ।
=====
ਗ਼ਜ਼ਲ
ਪਿਆਸੇ ਮਨ ਦੀ ਪਿਆਸ ਬੁਝਾ ਦੇ ।
ਦੋ ਘੁੱਟ ਨਜ਼ਰਾਂ ਨਾਲ ਪਿਲਾ ਦੇ ।
ਪਿਆਰ ਦੀ ਜੋਤ ਜਗਾ ਦੇ ਦਿਲ ਵਿਚ,
ਜਾਂ ਫਿਰ ਸੁੱਤੇ ਦਰਦ ਜਗਾ ਦੇ ।
ਅਸ਼ਕੇ ਜਾਈਏ ਇਸ ਦੁਨੀਆ ਤੋਂ ,
ਬਿਨ ਖੰਭਾਂ ਤੋਂ ਡਾਰ ਬਣਾ ਦੇ ।
ਭੁੱਬਲ ਨੇ ਭਾਂਬੜ ਬਣ ਜਾਣੈ ,
ਨਾ ਤੂੰ ਇਸ ਨੂੰ ਹੋਰ ਹਵਾ ਦੇ ।
ਜਾਂ ਤੂੰ ਹੋਸ਼ ‘ਚ ਆ ਜਾ ਸੱਜਣਾ ,
ਜਾਂ ਫਿਰ ਮੇਰੀ ਹੋਸ਼ ਭੁਲਾ ਦੇ ।
ਦਰਦ ਦਵਾ ਬਣ ਜਾਏ “ਮਾਨਵ”,
ਜੇ ਕੋਈ ਹਸ ਕੇ ਮਰਹਮ ਲਾ ਦੇ ।
1 comment:
ਹਾਲ ਉਨ੍ਹਾਂ ਦਾ ਵੇਖਣ ਵਾਲਾ ਹੁੰਦਾ ਹੈ
ਜਦ ਵੀ ਸਾਡੇ ਹਾਲ ਤੇ ਉਹ ਮੁਸਕਾਉਂਦੇ ਨੇ
ਅਤੇ
ਭੁੱਬਲ ਨੇ ਭਾਂਬੜ ਬਣ ਜਾਣੈ
ਨਾ ਤੂੰ ਇਸ ਨੂੰ ਹੋਰ ਹਵਾ ਦੇ
ਕਿਆ ਬਾਤ ਹੈ !ਬਹੁਤ ਹੀ ਖੂਬਸੂਰਤ ਗਜ਼ਲਾਂ ਨਾਲ ਮਾਨਵ ਜੀ ਦੀ ਇਸ ਹਾਜ਼ਿਰੀ ਲਈ ਮਾਨਵ ਜੀ ਅਤੇ ਆਰਸੀ ਨੂੰ ਬਹੁਤ ਬਹੁਤ ਮੁਬਾਰਕ !
Post a Comment