ਦੋਸਤੋ! ਕੈਲੇਫੋਰਨੀਆ ਵਸਦੇ ਸੁਪ੍ਰਸਿੱਧ ਅਤੇ ਮੇਰੇ ਮਨ-ਪਸੰਦ ਗੀਤਕਾਰ ਜਨਾਬ ਹਰਜਿੰਦਰ ਕੰਗ ਸਾਹਿਬ ਨੇ ਕੱਲ੍ਹ ਫੇਸਬੁੱਕ ਤੇ ਚਲਦੇ ਆਰਸੀ ਕਲੱਬ ਦੀ ਵਾੱਲ ‘ਤੇ ਇਕ ਬਹੁਤ ਹੀ ਖ਼ੂਬਸੂਰਤ ਗੀਤ ਪੋਸਟ ਕੀਤਾ ਸੀ...ਜਿਸਨੂੰ ਅੱਜ ਸਕੂਨ ਨਾਲ਼ ਬਹਿ ਕੇ ਪੜ੍ਹਿਆ ਤੇ ਮਾਣਿਆ ਹੈ....ਇਕ ਤਾਂ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੋਈ ਕਿ ਕੰਗ ਸਾਹਿਬ ਨੇ ਗੁਰਮੁਖੀ ‘ਚ ਟਾਈਪ ਕਰਨਾ ਸਿੱਖ ਲਿਐ....ਵਧਾਈਆਂ ਕੰਗ ਸਾਹਿਬ..:) ਤੇ ਦੂਜਾ ਮੈਂ ਬੜੀ ਖ਼ਾਮੋਸ਼ ਜਿਹੀ ਬੈਠੀ ਸੀ ਤੇ ਇਹ ਗੀਤ ਜਿਵੇਂ ਕੋਈ ਬੜੇ ਪੁਰਾਣੇ ਤਾਰ ਜਿਹੇ ਛੇੜਦਾ....ਖ਼ਿਆਲਾਤ ਦੇ ਕਾਫ਼ਿਲੇ ਨੂੰ ਦੂਰ ਕਿਧਰੇ ਲੈ ਤੁਰਿਆ... ਤੇ ਚੰਦ ਪਲਾਂ ਲਈ ਹੀ ਸਹੀ....ਮੌਸਮੀ ਖ਼ਿਜ਼ਾਂ....ਕਿਸੇ ਕ਼ਬਰ ਦੀ ਆਗੋਸ਼ ਹੋ ਗਈ.... ਸੁੰਨੀ ਜਿਹੀ ਰੂਹ ਦੀ ਬਾਰੀ ‘ਚੋਂ ਰੌਸ਼ਨੀ ਚੁਫ਼ੇਰੇ ਫ਼ੈਲੀ ਤੇ ਮੈਂ ਬਲੌਗ ਅਪਡੇਟ ਕਰਨ ਬਹਿ ਗਈ....ਕੰਗ ਸਾਹਿਬ ਨੂੰ ਇਸ ਗੀਤ ਲਈ ਬਹੁਤ-ਬਹੁਤ ਮੁਬਾਰਕਾਂ ਹੋਣ....ਵੈਸੇ ਇਹ ਵੀ ਦੱਸ ਦੇਵਾਂ ਕਿ ਇਹ ਗੀਤ ਮੈਂ ਕਲੱਬ ਦੀ ਵਾੱਲ ਤੋਂ ਚੋਰੀ ਕੇ ਆਰਸੀ ਨਾਲ਼ ਜੁੜੇ ਸੁਹਿਰਦ ਦੋਸਤਾਂ ਨਾਲ਼ ਸਾਂਝਾ ਕਰ ਰਹੀ ਹਾਂ.....ਆਸ ਹੈ ਕਿ ਕੰਗ ਸਾਹਿਬ ਮੇਰੀ ਗੁਸਤਾਖ਼ੀ ਮੁਆਫ਼ ਕਰ ਦੇਣਗੇ....:) ਅਦਬ ਸਹਿਤ....ਤਨਦੀਪ
********
ਗੀਤ
ਚੂੜੀ ਕੱਲੀ ਏ ਕਲਾਈ ਵਿੱਚ ਛਣਕੇ ਕਿਵੇਂ ?
ਵੇ ਮੈਂ ਨਿੱਕਲਾਂ ਪਟੋਲਾ ਜਿਹਾ ਬਣਕੇ ਕਿਵੇਂ ?
ਚੂੜੀ ਕੱਲੀ ਏ ਕਲਾਈ ਵਿੱਚ.....
ਨਾ ਇਹ ਗੋਰਾ ਨਾ ਗੁਲਾਬੀ ਨਾ ਕੋਈ ਖ਼ਾਸ ਜਿਹਾ ਰੰਗ
ਮੇਰੇ ਮੁੱਖੜੇ ਦਾ ਸਹੀਉ ਨੀ ਉਦਾਸ ਜਿਹਾ ਰੰਗ.......
ਜੋੜਾਂ ਟੁੱਟੇ ਹੋਏ ਨਸੀਬਾਂ ਵਾਲੇ ਮਣਕੇ ਕਿਵੇਂ
ਚੂੜੀ ਕੱਲੀ ਏ ਕਲਾਈ ਵਿੱਚ.....
ਇੱਕ ਅੱਥਰੂ ਦੇ ਨਾਲ ਦੋਵੇਂ ਨੈਣ ਭਰ ਚੱਲੇ.......
ਖ਼ਾਬ ਏਨੇ ਕੁ ਹੀ ਪਾਣੀ ਵਿਚ ਡੁੱਬ ਮਰ ਚੱਲੇ
ਹਾਕਾਂ ਪੱਤਣਾਂ ਤੇ ਮਾਰਾਂ ਹਿੱਕ ਤਣਕੇ ਕਿਵੇਂ .....
ਚੂੜੀ ਕੱਲੀ ਏ ਕਲਾਈ ਵਿੱਚ.....
ਮੇਰਾ ਹਾਲ ਨਾ ਵੇ ਪੁੱਛੀ ਮੇਰਾ ਹਾਲ ਨਹੀਉਂ ਕੋਈ
ਕਾਹਨੂੰ ਆਸੇ ਪਾਸੇ ਦੇਖਾਂ ਮੇਰੇ ਨਾਲ ਨਹੀਉ ਕੋਈ
ਮੇਰਾ ਲੇਖਾਂ ਤੋਂ ਵਿਹੂਣਾ ਮੱਥਾ ਠਣਕੇ ਕਿਵੇਂ ......
ਚੂੜੀ ਕੱਲੀ ਏ ਕਲਾਈ ਵਿੱਚ.....
ਟੁੱਟਾ ਹਿੱਕੜੀ 'ਚ ਦਿਲ ਹਿੱਕੜੀ 'ਚ ਰਹਿ ਗਿਆ
’ਕੰਗ’ ਤੇਰੇ ਨਾਲ ਜਦੋਂ ਦਾ ਵਿਛੋੜਾ ਪੈ ਗਿਆ
ਨੈਣੋਂ ਟੁੱਟ ਕੇ ਬਲੌਰੀ ਹੰਝੂ ਟਣਕੇ ਕਿਵੇਂ ....
ਚੂੜੀ ਕੱਲੀ ਏ ਕਲਾਈ ਵਿੱਚ.....
No comments:
Post a Comment