ਦੋਸਤੋ! ਅੱਜ ਫੇਸਬੁੱਕ ਖੋਲ੍ਹੀ ਤਾਂ ਪਤਾ ਲੱਗਿਆ ਕਿ ਅੱਜ ਦਾ ਦਿਹਾੜਾ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ.... ਏਸ ਮੌਕੇ ‘ਤੇ ਡੈਡੀ ਜੀ ਗੁਰਦਰਸ਼ਨ ਬਾਦਲ ਸਾਹਿਬ ਦੇ ਹਾਲ ਹੀ ਵਿਚ ਪ੍ਰਕਾਸ਼ਿਤ ਹੋਏ ਕਾਵਿ-ਸੰਗ੍ਰਹਿ ‘ਅੰਮੜੀ ਦਾ ਵਿਹੜਾ’ ਵਿਚੋਂ 25 ਜੁਲਾਈ, 1995 ਦੀ ਲਿਖੀ ਇਸ ਖ਼ੂਬਸੂਰਤ ਨਜ਼ਮ ਦੇ ਨਾਲ਼ ਸਭ ਨੂੰ ਮੁਬਾਰਕਾਂ...:) ਅਦਬ ਸਹਿਤ ਤਨਦੀਪ
*********
ਮਾਂ ਪੰਜਾਬੀਏ!
ਨਜ਼ਮ
ਵਾਰਾਂ ਤੇਰੇ ਉੱਤੋਂ ਜਾਨ ਮਾਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ ਨਾਂ ਪੰਜਾਬੀਏ!
ਗੁਰੂਆਂ ਤੇ ਪੀਰਾਂ ਦੀ ਰਹੀ ਜ਼ੁਬਾਨ ਤੂੰ,
ਔਖੀ ਗੱਲ ਸੌਖਿਆਂ ਕਰੇਂ ਬਿਆਨ ਤੂੰ,
ਵਲ਼-ਫੇਰ ਆਵੇ ਨਾ, ਬੜੀ ਨਾਦਾਨ ਤੂੰ,
ਖਿੱਚੇਂ ਹਰ ਇਕ ਦਾ ਤਦੇ ਧਿਆਨ ਤੂੰ,
ਮਾਣੇ ਹਰ ਕੋਈ ਤੇਰੀ ਛਾਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ….
ਹੋਰ ਕੋਈ ਬੋਲੀ ਤੇਰੇ ਨਾਲ਼ੋਂ ਮਿੱਠੀ ਨਹੀਂ,
ਹੋਵੇਗੀ ਤਾਂ ਅਸਾਂ ਅੱਜ ਤੀਕ ਡਿੱਠੀ ਨਹੀਂ,
ਲਿਖੀ ਜਾਂਦੀ ਹੋਰ ਬੋਲੀ ਵਿਚ ਚਿੱਠੀ ਨਹੀਂ,
ਕਿਹੜੀ ਹੈ ਸਮੱਸਿਆ ਜੋ ਤੂੰ ਨਜਿੱਠੀ ਨਹੀਂ?
ਕਰੇਂ ਤੂੰ ਹਰੇਕ ਥੀਂ ਨਿਆਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ…
ਸਾਰੀਆਂ ਹੀ ਬੋਲੀਆਂ ਦੀ ਸਿਰਤਾਜ ਤੂੰ,
ਧੀਆਂ, ਪੁੱਤਾਂ ਦੀ ਰੱਖੇਂ, ਸਦਾ ਲਾਜ ਤੂੰ,
ਦੀਨ-ਦੁਖਿਆਰਿਆਂ ਦੀ ਹੈਂ ਆਵਾਜ਼ ਤੂੰ,
ਕੀਹਦੀ-ਕੀਹਦੀ ਗੱਲ ਮੈਂ ਕਰਾਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ…
ਰਹੀ ਸਦਾ ਸਾਡੇ ‘ਚ ਲੜਾਈ, ਸੱਚ ਹੈ,
ਹੱਥ ਆਈ ਚੀਜ਼ ਹੈ ਗੁਆਈ, ਸੱਚ ਹੈ,
ਹਰ ਚੀਜ਼ ਬਾਹਰੋਂ ਅਪਣਾਈ, ਸੱਚ ਹੈ,
ਤੇਰਿਆਂ ਨੇ ਤੈਨੂੰ ਢਾਅ ਲਗਾਈ, ਸੱਚ ਹੈ,
ਕੀਹਨੇ ਸੀਗਾ ਚੁੱਕਣਾ ਉਤਾਂਹ ਪੰਜਾਬੀਏ?
ਫ਼ੈਲੇ ਤੇਰਾ ਜੱਗ ਵਿਚ…
ਕਿੰਨੇ ਪੈਦਾ ਕੀਤੇ ਹੋਏ ਅਦੀਬ ਨੇ ਤਿਰੇ,
ਵੱਧ ਪੁੱਤਾਂ ਨਾਲ਼ੋਂ ਵੀ ਰਕੀਬ ਨੇ ਤਿਰੇ,
ਵੈਰੀ ਤੈਥੋਂ ਦੂਰ ਨਹੀਂ, ਕਰੀਬ ਨੇ ਤਿਰੇ,
ਤਾਂ ਹੀ ਐਨੇ ਮਾੜੇ ਇਹ ਨਸੀਬ ਨੇ ਤਿਰੇ,
ਨਿੱਤ ਵੈਰੀ ਉੱਠਦੈ ਨਵਾਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ…
ਲੱਗਿਆ ਪੰਜਾਬ ਤਾਈਂ ਖੋਰਾ ਹੀ ਰਿਹਾ,
ਪੈਂਦਾ ਤੇਰੇ ਉੱਤੇ ਸਦਾ ਕੋਰਾ ਹੀ ਰਿਹਾ।
ਖਾਂਦਾ ਤੇਰੇ ਰੂਪ ਤਾਈਂ ਢੋਰਾ ਹੀ ਰਿਹਾ,
ਮੇਰੇ ਦਿਲ ਵਿਚ ਇਹ ਝੋਰਾ ਹੀ ਰਿਹਾ,
ਸਹਿੰਦੀ ਰਹੀ ਕਾਹਤੋਂ ਅਨਿਆਂ ਪੰਜਾਬੀਏ?
ਫ਼ੈਲੇ ਤੇਰਾ ਜੱਗ ਵਿਚ…
ਜੀਹਨੇ ਤੈਨੂੰ ਰਾਜ ‘ਤੇ ਬਹਾਇਆ ਰਾਣੀਏ! (1)
ਜੀਹਨੇ ਤੈਨੂੰ ਤਾਜ ਪਹਿਨਾਇਆ ਰਾਣੀਏ!
ਜੀਹਨੇ ਤੈਨੂੰ ਦਿਲੋਂ ਅਪਣਾਇਆ ਰਾਣੀਏ!
ਜੀਹਨੇ ਤੇਰਾ ਨਾਮ ਰੁਸ਼ਨਾਇਆ ਰਾਣੀਏ!
ਯਾਦ ਸਦਾ ਰਹੂ ਉਹਦਾ ਨਾਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ…
ਬੜਾ ਚਿਰ ਤੇਰੇ ਬਾਰੇ ਸੋਚਦਾ ਰਿਹਾ,
ਆਪਣਾ ਦਿਮਾਗ਼ ਮੈਂ ਖਰੋਚਦਾ ਰਿਹਾ,
ਬਿੱਖ਼ਰੇ ਖ਼ਿਆਲਾਂ ਤਾਈਂ ਬੋਚਦਾ ਰਿਹਾ,
ਹਰ ਵੇਲ਼ੇ ਗੱਲ ਏਹੋ ਲੋਚਦਾ ਰਿਹਾ,
ਤੇਰੇ ਬਾਰੇ ਕਵਿਤਾ ਲਿਖਾਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ…
ਤੈਨੂੰ ਚਾਹੁੰਣ ਵਾਲ਼ੇ ਅਜੇ ਜੱਗ ‘ਤੇ ਬੜੇ,
ਵੈਰੀ ਤੇਰੇ ਜਾਣ ਲੈ ਤੂੰ, ਝੜੇ ਕਿ ਝੜੇ,
ਪੈਂਦੇ ਰਹਿਣ ਭਾਵੇਂ ਜਿੰਨੇ ਮਰਜ਼ੀ ਗੜੇ,
ਤੇਰੇ ਤਾਜ ਵਿਚ ਹੀਰੇ ਜਾਣਗੇ ਜੜੇ,
ਪੁੱਤ ਆਪਣੇ ਤੂੰ ਜਾਣੀਂ ਤਾਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ…
ਰੀਝ ਮੇਰੀ ਇੱਕੋ, ਸੱਚੀ ਗੱਲ ਮੈਂ ਕਵ੍ਹਾਂ,
ਲੋਰੀਆਂ ਤੂੰ ਦੇਵੇਂ, ਤੇਰੀ ਗੋਦ ‘ਚ ਸਵਾਂ,
‘ਬਾਦਲ’ ਦੇ ਵਾਂਗ ਤੇਰੇ ਸਾਮ੍ਹਣੇ ਰਵ੍ਹਾਂ,
ਹਰ ਵਾਰੀ ਜਨਮ ਪੰਜਾਬ ‘ਚ ਲਵਾਂ,
ਪੁੱਤ ਤੇਰਾ ਮੁੜ ਕੇ ਬਣਾਂ ਪੰਜਾਬੀਏ!
ਫ਼ੈਲੇ ਤੇਰਾ ਜੱਗ ਵਿਚ…
*****
(1) ਲਛਮਣ ਸਿੰਘ ਗਿੱਲ
3 comments:
ਬਾਦਲ ਸਾਹਿਬ ਦੀ ਇਹ ਨਜ਼ਮ ਬਹੁਤ ਹੀ ਟੁੰਬਦੀ ਹੈ....ਮੈਂ ਕਈ ਵਾਰ ਪਡ਼ੀ ਹੈ ....ਪੰਜਾਬੀ ਬੋਲੀ ਲਈ ਅਜੇ ਵੀ ਬਹੁਤ ਘਾਲਣਾ ਦੀ ਲੋਡ਼ ਹੈ.... ਬਹੁਤ ਸਾਰੇ ਸੁਹਿਰਦ ਯਤਨ ਹੋਣੇ ਬਾਕੀ ਨੇ.... ਬਾਦਲ ਸਾਹਿਬ ਨੂੰ ਇਸ ਖ਼ੂਬਸੂਰਤ ਨਜ਼ਮ ਲਈ ਮੁਬਾਰਕਬਾਦ....
ਤਨਦੀਪ ਜੀ.
ਮਾਂ ਬੋਲੀ “ਪੰਜਾਬੀ” ਬਾਰੇ ਗੁਰਦਰਸ਼ਨ ਬਾਦਲ ਜੀ ਦੀ ਨਜ਼ਮ ਬਹੁਤ ਹੀ ਖ਼ੂਬਸੂਰਤ ਤੇ ਭਾਵਪੂਰਤ ਹੈ ਜਿਸ ਲਈ ਉਹ ਸੱਚਮੁੱਚ ਵਧਾਈ ਦੇ ਹੱਕਦਾਰ ਹਨ।ਸ਼ਾਲਾ ! ਮਾਂ ਬੋਲੀ ਪੰਜਾਬੀ ਦਾ ਇਹ ਕੋਮਲਚਿਤ ਪੁੱਤਰ ਲੰਬੀ ਉਮਰ ਤੇ ਚੰਗੀ ਸਿਹਤ ਮਾਣੇ ! ਨਰਿੰਦਰ ”ਮਾਨਵ”
-----
ਈਮੇਲ ਕਰਕੇ ਟਿੱਪਣੀ ਘੱਲਣ ਲਈ ਬਹੁਤ-ਬਹੁਤ ਸ਼ੁਕਰੀਆ ਮਾਨਵ ਸਾਹਿਬ..:) ਹਾਜ਼ਰੀ ਲਵਾਉਂਦੇ ਰਿਹਾ ਕਰੋ ਜੀ...ਅਦਬ ਸਹਿਤ..ਤਨਦੀਪ
kinne rujjh gaye haan asin, k is mahaan din da vi pata nahin lagga kadon langh gia... ajj Aarsi kholea taan pata lagga. Baadal sahib di kalam nu hamesha vaang salaam bhejda haan... Rajinderjeet
Post a Comment