ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, August 29, 2012

ਜਨਾਬ ਸੁਰਿੰਦਰ ਧੰਜਲ ਸਾਹਿਬ - ਆਰਸੀ 'ਤੇ ਜੀ ਆਇਆਂ - ਨਜ਼ਮਾਂ

ਆਰਸੀ 'ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਸੁਰਿੰਦਰ ਧੰਜਲ
ਅਜੋਕਾ ਨਿਵਾਸ: ਕੈਮਲੂਪਸ, ਬੀਸੀ, ਕੈਨੇਡਾ
ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ਸੂਰਜਾਂ ਦੇ ਹਮਸਫ਼ਰ, ਤਿੰਨ ਕੋਣ, ਜ਼ਖ਼ਮਾਂ ਦੀ ਫ਼ਸਲ, ਪਾਸ਼ ਦੀ ਯਾਦ ਵਿਚ ਦਸ ਕਵਿਤਾਵਾਂ, ਕਵਿਤਾ ਦੀ ਲਾਟ, ਆਲੋਚਨਾ
ਨਾਟਕ ਰੰਗਮੰਚ ਆਤਮਜੀਤ ਅਤੇ ਕੈਮਲੂਪਸ ਦੀਆਂ ਮੱਛੀਆਂ, ਉੱਤਰੀ ਅਮਰੀਕਾ ਦੀ ਪੰਜਾਬੀ ਕਵਿਤਾ : ਆਧੁਨਿਕ ਸੰਵੇਦਨਾ ( ਅਣਛਪੀ ), ਸੰਪਾਦਨਾ: ਪਾਸ਼ ਤਾਂ ਸੂਰਜ ਸੀ
------
 ਧੰਜਲ ਸਾਹਿਬ ਕੈਮਲੂਪਸ ਵਿਖੇ ਯੂਨੀਵਰਸਿਟੀ ਵਿਚ ਕੰਪਿਊਟਿੰਗ ਸਾਇੰਸ ਪੜ੍ਹਾ ਰਹੇ ਹਨ ਅਤੇ ਨਾਲ਼ ਹੀ ਨਾਲ਼ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਵੀ ਹਨ।  ਇਹ ਟਰੱਸਟ ਪਾਸ਼ ਦੀ ਯਾਦ ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ
ਤੇ ਅਨੇਕਾਂ ਸਮਾਗਮਾਂ ਦਾ ਆਯੋਜਨ ਕਰਦੀ ਹੈ ਅਤੇ ਕਈ ਭਾਸ਼ਾਵਾਂ ਵਿਚ ਕਿਤਾਬਾਂ ਛਾਪ ਕੇ ਪਾਠਕਾਂ ਤੱਕ ਪਹੁੰਚਾਉਣ ਲਈ ਵਚਨ-ਬੱਧ ਹੈ। ਉਹ ਰਿਚਮੰਡ ਵਸਦੇ ਸ਼ਾਇਰ ਚਰਨ ਸਿੰਘ  ਹੁਰਾਂ ਦੀਆਂ ਕਿਤਾਬਾਂ 'ਤੇ ਪੀ.ਐੱਚ.ਡੀ. ਵੀ ਕਰ ਚੁੱਕੇ ਹਨ। 
-----
ਦੋਸਤੋ! ਪਿਛਲੇ ਚਾਰ-ਪੰਜ ਸਾਲਾਂ
ਚ ਜਦ ਵੀ ਕਦੇ ਟਰਾਂਟੋ ਵਸਦੇ ਲੇਖਕ ਸੁਖਿੰਦਰ ਜੀ ਨਾਲ਼ ਫ਼ੋਨ ਤੇ ਗੱਲ ਹੋਈ.....ਉਹਨਾਂ ਨੇ ਹਮੇਸ਼ਾ ਇਹੀ ਗੱਲ ਆਖੀ: ਤਮੰਨਾ! ਤੂੰ ਆਰਸੀ ਦੇ ਜ਼ਰੀਏ.... ਫ਼ੋਨ ਕਾਲਾਂ ਰਾਹੀਂ ਹਲੂਣੇ ਦੇ-ਦੇ  ਕੇ...ਪੁਰਾਣੇ ਤੋਂ ਪੁਰਾਣੇ ਲੇਖਕਾਂ ਨੂੰ ਵਰ੍ਹਿਆਂ ਦੀ ਨੀਂਦ ਚੋਂ ਜਗਾ ਲਿਆ ਹੈ....ਪਰ ਸਾਡਾ ਇਕ ਮਿੱਤਰ ਹੈ....ਸੁਰਿੰਦਰ ਧੰਜਲ....ਯੂ ਸ਼ੁੱਡ ਵੇਕ ਹਿਮ ਅੱਪ....ਮੈਂ ਹੱਸ ਕੇ ਸੁਖਿੰਦਰ ਜੀ ਨਾਲ਼ ਧੰਜਲ ਸਾਹਿਬ ਨੂੰ ਜਗਾਉਣ ਦਾ ਵਾਅਦਾ ਕਰ ਲੈਂਦੀ।

ਇਹਨਾਂ ਵਰ੍ਹਿਆਂ ਦੌਰਾਨ.....ਮੈਂ ਦੋ-ਤਿੰਨ ਸਾਹਿਤਕ ਸਮਾਗਮਾਂ ਤੇ ਧੰਜਲ ਸਾਹਿਬ ਨੂੰ ਮਿਲ਼ੀ ਵੀ.... ਆਰਸੀ ਬਾਰੇ ਮੇਰੀ ਹੌਸਲਾ-ਅਫ਼ਜ਼ਾਈ ਕਰਨ ਲਈ ਉਹਨਾਂ ਦੀਆਂ ਈਮੇਲਾਂ ਅਤੇ ਫ਼ੋਨ ਵੀ ਆਉਂਦੇ ਰਹੇ....ਉਹ ਮੇਰੇ ਲਈ ਬਹੁਤ ਹੀ ਅਪਣੱਤ, ਮੁਹੱਬਤ, ਸਨੇਹ ਨਾਲ਼ ਲਬਰੇਜ਼ ਸੁਨੇਹਿਆਂ ਨਾਲ਼ ਆਸ਼ੀਰਵਾਦ ਘੱਲਦੇ ਰਹੇ....ਪਰ ਪਤਾ ਨਹੀਂ ਮੇਰੀ ਖ਼ਾਮੋਸ਼ੀ ਸਹਾਰਾ ਦੇ ਰੇਗਿਸਤਾਨ ਜਿਹੀ ਸੀ ਜਾਂ ਧੰਜਲ ਸਾਹਿਬ ਦੀ ਨਮੀਬੀਆ ਦੇ ਸਹਿਰਾ ਜਿਹੀ... ਇਹ ਮਾਰੂਥਲ ਸਾਡੀ ਦੋਵਾਂ ਦੀ ਖ਼ਾਮੋਸ਼ੀ ਆਪੋ-ਆਪਣੀ ਰੇਤ ਵਿਚ ਹੀ ਜਜ਼ਬ ਕਰਦੇ ਰਹੇ ਤੇ ਸਾਡੀਆਂ ਆਵਾਜ਼ਾਂ....ਲੱਖ ਕੋਸ਼ਿਸ਼ਾਂ ਦੇ ਬਾਵਜੂਦ ....ਸਾਡੇ ਗਲ਼ਿਆਂ ਚੋਂ ਬਾਹਰ ਹੀ ਨਾ ਨਿਕਲ਼ ਸਕੀਆਂ....ਈਮੇਲਾਂ ਦੇ ਜਵਾਬ ਮੈਂ ਨਾ ਦੇ ਸਕੀ... ਫ਼ੋਨ ਤੇ ਧੰਜਲ ਸਾਹਿਬ ਦੀ ਨਜ਼ਮ ਸੁਣਨ ਨੂੰ ਨਾ ਮਿਲ਼ੀ....ਇੰਝ ਲਗਦਾ ਸੀ ਜਿਵੇਂ ਘੁੱਗੀਆਂ ਤੇ ਕੋਇਲਾਂ ਨੇ ਮੌਨ ਧਾਰਿਆ ਹੋਵੇ.....

ਪਰ ਮੈਨੂੰ ਯਕੀਨ ਸੀ ਕਿ ਇਕ ਦਿਨ ਧੰਜਲ ਸਾਹਿਬ ਦੀ ਨਜ਼ਮਾਂ ਕਿਸੇ ਪਹਾੜੀ ਝਰਨੇ ਵਾਂਗ......ਫੇਰ ਕਲ-ਕਲ ਵਹਿ ਤੁਰਨਗੀਆਂ...ਤੇ ਉਹ ਦਰਦ, ਉਦਾਸੀ, ਇਕੱਲਤਾ, ਖ਼ਾਮੋਸ਼ੀ ਦੇ ਆਲਮ
ਚੋਂ ਬਾਹਰ ਆ.....ਪੰਜਾਬੀ ਸਾਹਿਤ ਵਿਚ ਕਿਸੇ ਬੇਹਤਰੀਨ ਕਿਤਾਬ ਨਾਲ਼ ਖ਼ੂਬਸੂਰਤ ਇਜ਼ਾਫ਼ਾ ਕਰਨਗੇ। ਉਹੀ ਗੱਲ ਹੋਈ ਹੈ.... ਵਰ੍ਹਿਆਂ ਦੀ ਲੰਮੀ ਉਡੀਕ ਬਾਅਦ ਧੰਜਲ ਸਾਹਿਬ ਦੀ ਕਾਵਿ-ਪੁਸਤਕ ਕਵਿਤਾ ਦੀ ਲਾਟ ਆਈ ਹੈ....

ਇਸ ਕਿਤਾਬ ਨੂੰ ਪੜ੍ਹ ਕੇ ਮੈਂ ਲਿਖਿਆ ਸੀ ਕਿ ...ਪਿਛਲੇ ਚਾਲ਼ੀ ਸਾਲਾਂ ਤੋਂ ਵੱਧ ਦੇ ਸਮੇਂ ਵਿਚ ਰਚੀਆਂ ਗਈਆਂ ਨਜ਼ਮਾਂ ਇੰਝ ਲਗਦੈ ਕਿਸੇ ਐਸੇ ਧਰੁਵ ਤੇ ਰਚੀਆਂ ਗਈਆਂ ਨੇ ਜਿੱਥੇ ਕਦੇ ਰਾਤ ਪੈਂਦੀ ਹੀ ਨਹੀਂ…..ਕਿਉਂਕਿ ਸੂਰਜ ਹਜ਼ਾਰ ਹੱਥਾਂ ਨਾਲ਼ ਉਸ ਦੀ ਨਜ਼ਮ ਦੀ ਸਲਾਮਤੀ ਦੀ ਦੁਆ ਮੰਗਦਾ ਰਿਹਾ ਹੈਅਤੇ ਉੱਥੇ ਸਦਾ ਮੌਸਮ ਉਸਦੀ ਚੁੱਪ ਦੇ ਅਨੂਕੂਲ ਹੀ ਰਹਿੰਦਾ ਹੈ…”

ਧੰਜਲ ਸਾਹਿਬ! ਬਹੁਤ-ਬਹੁਤ ਮੁਬਾਰਕਾਂ ਹੋਣ ਜੀ....ਆਸ ਹੈ ਕਿ ਹੁਣ ਅਗਲੀ ਕਿਤਾਬ
ਚ ਏਨਾ ਵਕਫ਼ਾ ਨਹੀਂ ਪਵੇਗਾ....ਆਮੀਨ! ਭਵਿੱਖ ਵਿਚ ਰੱਬ ਸੋਹਣਾ ਕੋਈ ਐਸਾ ਸਬੱਬ ਬਣਾਏ ਕਿ ਆਰਸੀ ਵੱਲੋਂ ਇਕ ਸਾਹਿਤਕ ਮਹਿਫ਼ਿਲ ਆਯੋਜਿਤ ਕਰਕੇ ਅਸੀਂ ਤੁਹਾਡੀਆਂ ਨਜ਼ਮਾਂ ਦਾ ਆਨੰਦ ਮਾਣ ਸਕੀਏ। ਕਵਿਤਾ ਦੀ ਲਾਟ ਪੜ੍ਹਦਿਆਂ ਇੰਝ ਜਾਪਿਆ ਜਿਵੇਂ ਕੋਈ ਤਾਜ਼ਾ ਹਵਾ ਦਾ ਬੁੱਲਾ ਆਇਆ ਹੋਵੇ....ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਇਸ ਖ਼ੂਬਸੂਰਤ ਕਿਤਾਬ ਨੂੰ ਪੰਜਾਬੀ ਅਦਬ ਵਿਚ ਖ਼ੁਸ਼ਆਮਦੇਦ ਆਖਦੀ ਹੋਈ, ਅੱਜ ਏਸੇ ਸੰਗ੍ਰਹਿ ਵਿੱਚੋਂ ਚੰਦ ਅਤਿ ਖ਼ੂਬਸੂਰਤ ਨਜ਼ਮਾਂ ਤੁਹਾਡੇ ਸਭ ਨਾਲ਼ ਸਾਂਝੀਆਂ ਕਰਨ ਜਾ ਰਹੀ ਹਾਂ....ਇਸ ਹਾਜ਼ਰੀ ਦੀ ਮੈਨੂੰ ਦਿਲੀ ਖ਼ੁਸ਼ੀ ਵੀ ਹੈ ਤੇ ਮਾਣ ਵੀ....ਤੁਹਾਡੇ ਪ੍ਰਤੀਕਰਮਾਂ ਦਾ ਇੰਤਜ਼ਾਰ ਰਹੇਗਾ.... ਅਦਬ ਸਹਿਤ...ਤਨਦੀਪ
*****

ਕਵਿਤਾ ਦੀ ਲਾਟ
ਨਜ਼ਮ

ਬਦਚਲਣ ਕੁਰਸੀ ਨੇ
ਸੱਤ ਐਲਾਨ ਜਾਰੀ ਕਰ ਦਿੱਤੇ:

ਪਹਿਲਾ ਐਲਾਨ -
ਹਵਾ ਨੂੰ ਕਹੋ:
ਬਦਬੂ ਨੂੰ ਪੁੱਛ ਕੇ ਵਗਿਆ ਕਰੇ
ਕਵਿਤਾ ਦੀ ਲਾਟ ਨੂੰ ਕਹੋ:
ਮੱਥੇ
ਚ ਨਾ ਜਗਿਆ ਕਰੇ

ਦੂਜਾ ਐਲਾਨ -
ਸੂਰਜ ਨੂੰ ਕਹੋ:
ਪਤਾਲ਼ਾਂ ਦੀ ਆਗਿਆ ਬਿਨਾਂ ਨਾ ਚੜ੍ਹਿਆ ਕਰੇ
ਹਨੇਰੇ ਨੂੰ ਕਹੋ ਖ਼ੁਸ਼ਆਮਦੀਦ
ਬਰਫ਼ ਨਾਲ਼ ਨਾ ਲੜਿਆ ਕਰੇ

ਤੀਜਾ ਐਲਾਨ -
ਦਰਿਆਵਾਂ ਨੂੰ ਕਹੋ:
ਮਾਰੂਥਲ ਨੂੰ ਪੁੱਛੇ ਬਿਨਾਂ ਨਾ ਤੁਰਿਆ ਕਰਨ
ਪਰਬਤ ਦੇ ਪੈਰਾਂ
ਚ ਹੀ ਰੁਕਿਆ ਕਰਨ
ਝੀਲ ਦੀ ਅੱਖ
ਚ ਹੀ ਸੁੱਕਿਆ ਕਰਨ

ਚੌਥਾ ਐਲਾਨ -
ਫੁੱਲਾਂ ਨੂੰ ਕਹੋ:
ਕੰਡਿਆਂ ਨੂੰ ਪੁੱਛ ਕੇ ਖਿੜਿਆ ਕਰਨ
ਹਰ ਕਲੀ ਨਾਲ਼ ਬਲਾਤਕਾਰ ਕਰਨ
ਹਰ ਗੁਆਂਢੀ ਫੁੱਲ ਨਾਲ਼ ਭਿੜਿਆ ਕਰਨ

ਪੰਜਵਾਂ ਐਲਾਨ -
ਪੰਛੀਆਂ ਨੂੰ ਕਹੋ:
ਬੰਦੂਕਾਂ ਨੂੰ ਪੁੱਛੇ ਬਿਨਾਂ
ਪਰਵਾਜ਼ਾਂ
ਤੇ ਨਾ ਜਾਇਆ ਕਰਨ
ਆਹਲਣਿਆਂ ਦੀਆਂ
ਬਰਸੀਆਂ ਮਨਾਇਆ ਕਰਨ

ਛੇਵਾਂ ਐਲਾਨ -
ਭਗਤ ਸਿੰਘ ਨੂੰ ਕਹੋ:
ਅਸੈਂਬਲੀ
ਚ ਬੰਬ ਨਾ ਸੁੱਟਿਆ ਕਰੇ
ਰਾਜਗੁਰੂ ਤੇ ਸੁਖਦੇਵ ਤੋਂ
ਪੋਟਾ-ਪੋਟਾ ਟੁੱਟਿਆ ਕਰੇ

ਸੱਤਵਾਂ ਤੇ ਆਖ਼ਰੀ ਐਲਾਨ:
ਸ਼ਾਇਰ ਨੂੰ ਕਹੋ:
ਲਿਖੇ ਨਾ ਭੈਭੀਤ ਭਵਿੱਖ ਦੇ ਖ਼ਿਲਾਫ਼ ਕੋਈ ਗੀਤ
ਭੁੱਲ ਜਾਵੇ ਆਪਣਾ ਲਹੂ-ਲੁਹਾਣ ਵਰਤਮਾਨ
ਸਾਂਭੀ ਫਿਰੇ ਆਪਣਾ ਜ਼ਖ਼ਮੀ ਅਤੀਤ
=====
ਜਦੋਂ ਤੂੰ
ਨਜ਼ਮ

ਜਦੋਂ ਤੂੰ ਮਿਲ਼ਦਾ ਏਂ
ਤਾਂ ਇਸ ਤਰ੍ਹਾਂ ਮਿਲ਼ਿਆ ਕਰ
ਕਿ
ਵਿਛੋੜਾ ਨਾਮ ਦਾ ਸ਼ਬਦ
ਹਰ ਸ਼ਬਦਕੋਸ਼
ਚੋਂ ਮਿਟ ਜਾਵੇ...

ਜਦੋਂ ਤੂੰ ਵਿੱਛੜਦਾ ਏਂ
ਤਾਂ ਇਸ ਤਰ੍ਹਾਂ ਵਿੱਛੜਿਆ ਕਰ
ਕਿ ਮਿਲਾਪ ਨਾਮ ਦਾ ਸ਼ਬਦ
ਸ਼ਬਦਕੋਸ਼ ਦੇ ਹਰ ਪੰਨੇ
ਤੇ ਫ਼ੈਲ ਜਾਵੇ...

ਜਦੋਂ ਤੂੰ ਮਿਲ਼ਦਾ ਏਂ
ਤਾਂ ਇੰਞ ਮਿਲ਼ਿਆ ਕਰ
ਜਿਵੇਂ ਤੂੰ
ਆਪਣੇ ਆਪ ਨੂੰ ਮਿਲ਼ ਰਿਹਾ ਹੋਵੇਂ...

ਜਦੋਂ ਤੂੰ ਵਿੱਛੜਦਾ ਏਂ
ਤਾਂ ਇੰਞ ਵਿੱਛੜਿਆ ਕਰ
ਜਿਵੇਂ ਤੂੰ ਆਪਣੇ ਆਪ ਤੋਂ ਵਿੱਛੜ ਰਿਹਾ ਹੋਵੇਂ...
=====
ਸੁੱਕੇ ਪੱਤਰ
ਨਜ਼ਮ

ਚੀਥੜਿਆਂ ਵਿਚ ਪਲ਼ ਰਹੀ ਮਿਹਨਤ
ਜਦੋਂ ਉਦਾਸ ਗੀਤਾਂ ਦੀ ਜਨਮ-ਪੀੜਾ ਸਹਿੰਦੀ ਹੈ
ਸ਼ਾਮਿਲ ਹੋ ਜਾਂਦੀਆਂ ਨੇ ਹਵਾ ਵਿਚ
ਉਹ ਗ਼ਮਗੀਨ ਧੁਨਾਂ
ਹਵਾ ਵਿਚ ਪਲ਼ ਰਹੇ ਹਰੇ ਪੌਦਿਆਂ ਦਾ ਰੰਗ
ਲਾਲ ਹੋ ਜਾਂਦਾ ਹੈ...

ਜਜ਼ਬਾ ਜਦੋਂ ਜੋਬਨ
ਤੇ ਆਉਂਦਾ ਹੈ
ਹਵਾ, ਤੂਫ਼ਾਨ ਬਣ ਜਾਂਦੀ ਹੈ
ਬਿਰਖ਼ਾਂ ਤੋਂ ਟੁੱਟ ਕੇ ਡਿੱਗੇ ਸੁੱਕੇ ਪੱਤਰ
ਪਤਾ ਨਹੀਂ ਕਿੱਥੇ ਉੱਡ ਜਾਂਦੇ ਨੇ....
=====
ਭਾਬੀ ਤੇ ਗੁਆਂਢੀ ਮੁੰਡਾ
ਨਜ਼ਮ

ਹਸਪਤਾਲ
ਚੋਂ ਪਰਤੀ ਗਰਭਵਤੀ ਭਾਬੀ
ਕੀ ਦਾ ਕੀ ਬਣ ਗਈ ਹੈ:
ਅਣਜੰਮੀ ਬੱਚੀ ਦੇ ਕ਼ਤਲ ਨਾਲ਼ ਭਰੀ ਲਹੂ ਦੀ ਨਦੀ
ਆਲ੍ਹਣੇ
ਚੋਂ ਡਿੱਗੇ ਬੋਟ ਦੀ ਦਿਲ ਚੀਰਵੀਂ ਚੀਕ-
ਸੱਸ ਦੇ ਮਗਰਮੱਛੀ ਜਬਾੜਿਆਂ
ਚ ਤੜਫ਼ਦੀ ਮਮਤਾ-
ਖ਼ੁਦਕੁਸ਼ੀ ਕਰ ਚੁੱਕੇ ਕਿਸਾਨ ਦੇ
ਬੰਜਰ ਖੇਤਾਂ
ਚ ਉੱਗਿਆ ਨੂੰਹ ਦਾ ਵਿਰਲਾਪ-

ਉਹਦੀਆਂ ਅੱਖਾਂ
ਚੋਂ ਹੁਣ ਦਿਨ-ਰਾਤ ਸਿੰਮਦਾ ਰਹਿੰਦਾ ਹੈ
ਅਣਜੰਮੀਆਂ ਲੋਰੀਆਂ ਦਾ ਦਰਦ
ਉਹਦੇ ਪੇਟ
ਚ ਖੁੱਭੀ ਖੁੰਢੀ ਕਰਦ ਨੂੰ
ਹੁਣ ਹਰ ਵਾਕਿਫ਼ ਚਿਹਰਾ ਨਾਵਾਕਿਫ਼ ਲਗਦਾ ਹੈ
ਉਹਦੇ ਘੁੰਗਰਾਲ਼ੇ ਵਾਲ਼
ਹੁਣ ਪਹਿਲਾਂ ਵਾਂਗ ਆਪ ਮੁਹਾਰੇ
ਹਵਾ ਨੂੰ ਸਲਾਮ ਨਹੀਂ ਕਰਦੇ

ਅੱਗੇ, ਅੱਗ ਦੀ ਮੂਰਤ ਵਰਗੀ ਭਾਬੀ
ਜਦੋਂ ਪਹੁ ਪਾਟਦੀ ਨਾਲ਼ ਪੋਲੇ ਪੈਰੀਂ ਪੌੜੀਆਂ ਉੱਤਰਦੀ ਸੀ
ਨਲ਼ਕਾ ਗੇੜਦਾ ਗੁਆਂਢੀਆਂ ਦਾ ਮਨਚਲਾ ਨੌਜਵਾਨ
ਉਸਦਾ ਨਿੰਮ੍ਹਾ ਜਿਹਾ ਹਾਸਾ ਪੀਂਦਾ, ਗੁਣਗੁਣਾਉਂਦਾ ਸੀ:
ਰਾਤੀਂ ਰੋਂਦੀ ਦਾ ਭਿੱਜ ਗਿਆ ਲਾਲ ਪੰਘੂੜਾ

ਹੁਣ, ਜਦੋਂ ਭਾਬੀ ਦੇ ਚਿਹਰੇ ਤੋਂ
ਅੱਥਰੂਆਂ ਦੀਆਂ ਕਤਾਰਾਂ ਸਚਮੁੱਚ ਪੜ੍ਹੀਆਂ ਜਾ ਸਕਦੀਆਂ ਨੇ,
ਹੁਣ, ਜਦੋਂ ਭਾਬੀ ਦੀਆਂ ਅਣਦਿੱਤੀਆਂ ਲੋਰੀਆਂ
ਉਹਦੇ ਪੇਟ
ਚ ਕ਼ਤਲ ਹੋਈ ਪਲੇਠੀ ਧੀ ਦੀਆਂ ਲੇਰਾਂ ਬਣ ਕੇ
ਸਾਰਾ ਦਿਨ ਹਵਾ
ਚ ਗੂੰਜਦੀਆਂ ਰਹਿੰਦੀਆਂ ਨੇ,
ਗੁਆਂਢੀ ਮੁੰਡੇ ਨੂੰ ਪਤਾ ਨਹੀਂ ਲਗਦਾ, ਕਿਵੇਂ ਕਹੇ:
ਭਾਬੀ! ਮੈਂ ਤਾਂ ਐਵੇਂ ਮਿੱਚੀ ਕਲੋਲਾਂ ਕਰਦਾ ਹੁੰਦਾ ਸੀ
ਭਾਬੀ! ਮੈਨੂੰ ਕੀ ਪਤਾ ਸੀ : ਤੇਰਾ ਪੰਘੂੜਾ
ਸਾਰੀ ਉਮਰ ਲਈ ਤੇਰੇ ਲਹੂ
ਚ ਭਿੱਜ ਜਾਵੇਗਾ
ਭਾਬੀ! ਮੈਨੂੰ ਕੀ ਪਤਾ ਸੀ...ਮੈਨੂੰ ਕੀ ਪਤਾ ਸੀ...
====
ਮੈਂ ਤਾਂ ਕੁਝ ਵੀ ਅਜਿਹਾ ਨਹੀਂ ਲਿਖਿਆ
ਨਜ਼ਮ

ਮੋਮਬੱਤੀ ਦੇ ਸਿਰਹਾਣੇ ਬੈਠਾ
ਲਿਖ ਰਿਹਾ ਹਾਂ
ਮੋਮਬੱਤੀ ਜਲ਼ ਰਹੀ ਹੈ
ਮੋਮ ਢਲ਼ ਰਹੀ ਹੈ
ਕ਼ਲਮ ਚੱਲ ਰਹੀ ਹੈ

ਜੋ ਕੁਝ ਸਮਾਂ ਪਹਿਲਾਂ ਕੋਰਾ ਕਾਗ਼ਜ਼ ਸੀ
ਕਦੇ ਆਪਣੇ
ਤੇ ਉੱਸਰਿਆ
ਤਾਜ ਮਹੱਲ ਦੇਖਦਾ ਹੈ
ਕਦੇ ਜੁਮੈਟਰੀ ਬੌਕਸ

ਕੁੱਤਾ ਕਮਰੇ ਦੇ ਇਕ ਖੂੰਜੇ
ਊਂਘ ਰਿਹਾ ਹੈ
ਸੋਚਦਾ ਹਾਂ: ਕੁੱਤਾ ਟੱਪ ਕੇ ਮੋਮਬੱਤੀ ਸੁੱਟ ਦੇਵੇ
ਸਾੜ ਦੇਵੇ ਕਾਗ਼ਜ਼ਾਂ ਦਾ ਥੱਬਾ
ਤੇ ਮੈਂ ਪਾਗਲ ਜਿਹਾ ਹੋ ਕੇ
ਕੁੱਤੇ ਨੂੰ ਕਹਾਂ:ਤੈਨੂੰ ਨਹੀਂ ਪਤਾ
ਤੂੰ ਕੀ ਕੀਤਾ ਹੈ ਡਾਇਮੰਡ!

ਪਰ ਮੈਂ ਤਾਂ ਕੁਝ ਵੀ ਅਜਿਹਾ ਨਹੀਂ ਲਿਖਿਆ
ਜਿਸ ਦੇ ਸੜਨ ਤੇ ਮੈਂ ਪਾਗਲ ਹੋ ਜਾਵਾਂਗਾ....

4 comments:

ਸੁਖਿੰਦਰ said...

I am glad that Surinder Dhanjal has started writing and publishing his poems once again. He is a talented Canadian Punjabi poet. He should now spend more time in Poetry writing. He should come back again in this field by writing and publishing punjabi poems every month. I send him best wishes for his new adventure.
-Sukhinder
Editor: SANVAD
Toronto Canada
Tel. (416) 858-7077
Email: poet_sukhinder@hotmail.com

सुभाष नीरव said...

तनदीप जी, आपने बिल्कुल सही कहा। सुरिंदर धंजल की ये कविताएं ताज़ा हवा के झोंके जैसी ही हैं… इतनी खूबसूरत कविताएं पढ़कर मन खुश हो गया…अब तो धंजल साहिब की कविता पुस्तक 'कविता दी लाट' पढ़ने को मन है… मैं आरसी में छ्पी इन कविताओं में से कुछ का हिंदी में अनुवाद करके अपने ब्लॉग में लगाना चाहूंगा।

Unknown said...

ਜੀਉ ਧੰਜਲ ਸਾਬ ਰੱਬ ਤੁਹਾਡੀ ਉਮਰ ਤੁਹਾਡੀਆ ਲਿਖਤਾਂ ਜਿੰਨੀ ਲੰਬੀ ਕਰੇ...

ਦਰਸ਼ਨ ਦਰਵੇਸ਼ said...

ਦੇਰ ਬਾਦ, ਠਹਿਰਾ ਦੇ ਨਾਲ ਨਾਲ ਤੀਬਰਤਾ ਹੰਢਾਉਂਦੇ ਛਿਣਾਂ ਵਿੱਚੋਂ ਬੋਲਦੀਆਂ ਮੋਮਬੱਤੀਆਂ ਨਾਲ ਗੂਹੜਾ ਸੰਵਾਦ ਕਰਨ ਦਾ ਸਬੱਬ ਬਣਿਆ ਹੈ, ਸ਼ੁਕਰੀਆ ਧੰਜਲ ...!!!!!