ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, August 31, 2012

ਸੁਖਿੰਦਰ - ਨਜ਼ਮਾਂ



ਨੀਲਮ, ਤੂੰ ਕਦ ਬੋਲੇਂਗੀ
ਨਜ਼ਮ
ਸਦੀਆਂ ਬੀਤ ਗਈਆਂ
ਪਰ ਤੇਰੀ ਚੁੱਪ ਨਹੀਂ ਟੁੱਟੀ
ਨੀਲਮ, ਤੂੰ ਕਦ ਬੋਲੇਂਗੀ-

ਕਿਸ ਨੇ ਤੇਰੇ ਪੈਰਾਂ ਵਿੱਚ
ਗ਼ੁਲਾਮੀ ਦੀਆਂ ਜ਼ੰਜੀਰਾਂ ਬੰਨ੍ਹੀਆਂ
ਕਿਸ ਨੇ ਤੇਰੇ ਸਾਹ ਸੂਤ ਲੈਣ ਲਈ
ਤੇਰੇ ਹਰ ਰਾਹ ਉੱਤੇ ਫ਼ਨੀਅਰ ਸੱਪ ਛੱਡੇ
ਕਿਸ ਨੇ ਤੇਰੀ ਪੱਤ ਰੋਲਣ ਲਈ
ਧਰਮ ਗ੍ਰੰਥਾਂ ਵਿੱਚ ਤੈਨੂੰ ਨੀਚ ਦਿਖਾਇਆ
ਕਿਸ ਨੇ ਉਮਰਾਂ ਦਾ ਰੋਣਾ ਤੇਰੇ ਪੱਲੇ ਬੰਨ੍ਹਣ ਲਈ
ਹਰ ਸ਼ਹਿਰ, ਹਰ ਦੇਸ਼, ‘ਚ ਤੈਨੂੰ ਚਕਲੇ ਵਿੱਚ ਬਿਠਾਇਆ
ਕਿਸ ਨੇ ਤੈਨੂੰ ਮਾਂ ਦੀ ਕੁੱਖ ਵਿੱਚ ਹੀ ਕ਼ਤਲ ਕਰਨ ਲਈ
ਧਰਤੀ ਦੇ ਚੱਪੇ ਚੱਪੇ ਉੱਤੇ ਕੋਹੜ ਫੈਲਾਇਆ
ਕਿਸ ਨੇ ਤੇਰੇ ਹੋਠਾਂ ਨੂੰ ਜੰਦਰਾ ਲਾਉਣ ਲਈ
ਆਪਣੇ ਹੰਕਾਰੀ ਹੋਣ ਦਾ ਢੋਲ ਵਜਾਇਆ

ਸਦੀਆਂ ਬੀਤ ਗਈਆਂ
ਪਰ ਤੇਰੀ ਚੁੱਪ ਨਹੀਂ ਟੁੱਟੀ
ਨੀਲਮ, ਤੂੰ ਕਦ ਬੋਲੇਂਗੀ-

ਇੱਕ ਦਿਨ ਤਾਂ ਤੈਨੂੰ ਬੋਲਣ ਦੀ
ਜੁਅਰਤ ਕਰਨੀ ਪੈਣੀ
ਭਰੀ ਸਭਾ ਵਿੱਚ ਤੇਰੀ ਪੱਤ ਰੋਲਣ ਵਾਲੇ
ਦਰਯੋਧਨ ਦੇ ਮੂੰਹ ਉੱਤੇ ਥੁੱਕਣਾ ਪੈਣਾ
ਤੈਨੂੰ ਨੀਚ ਗੰਵਾਰ ਲਿਖਣ ਵਾਲੇ
ਮਹਾਂ ਕਵੀ ਤੁਲਸੀ ਦੀ ਬੋਦੀ ਖਿਚਣੀ ਪੈਣੀ
ਭੱਠ ਰੰਨਾਂ ਦੀ ਦੋਸਤੀ ਕਹਿੰਦੇ
ਪੀਲੂ ਦੇ ਕੰਨ ਖਿੱਚਣੇ ਪੈਣੇ
ਗਰਭਵਤੀ ਹੁੰਦਿਆਂ ਵੀ ਤੈਨੂੰ ਜੰਗਲ ਵੱਲ ਧੱਕਣ ਵਾਲੇ
ਰਾਮ ਦੀ ਸੂਰਮਗਤੀ ਤੇ ਸੁਆਲੀਆ ਚਿੰਨ੍ਹ ਲਗਾਣਾ ਪੈਣਾ

ਸਦੀਆਂ ਬੀਤ ਗਈਆਂ
ਪਰ ਤੇਰੀ ਚੁੱਪ ਨਹੀਂ ਟੁੱਟੀ-


ਨੀਲਮ, ਹੁਣ ਤਾਂ ਤੈਨੂੰ
ਜਵਾਲਾ ਮੁਖੀ ਬਣ ਫਟਣਾ ਪੈਣਾ
ਸੁਨਾਮੀ ਦੀਆਂ ਤੂਫ਼ਾਨੀ ਲਹਿਰਾਂ ਬਣ
ਉੱਚੇ ਮਹਿਲਾਂ ਨੂੰ ਧਰਤੀ ਉੱਤੇ ਡੇਗਣਾ ਪੈਣਾ

ਜਿਨ੍ਹਾਂ ਦੇ ਸੁਨਹਿਰੀ ਗੁੰਬਦਾਂ ਵਿੱਚ ਬੈਠੇ
ਕ਼ਾਤਿਲ, ਤੇਰੀ ਰੂਹ ਨੂੰ ਕ਼ਤਲ ਕਰਨ ਲਈ
ਨਿਤ ਦਿਨ, ਨਵੇਂ ਨਵੇਂ, ਮਨਸੂਬੇ ਘੜਦੇ
ਤੈਨੂੰ ਜਲ ਬਿਨ, ਤੜਫ਼ ਰਹੀ ਮਛਲੀ ਵਾਂਗੂੰ
ਤੱਕ ਕੇ ਤਾੜੀ ਲਾਉਂਦੇ, ਤਾਂਡਵ ਨੱਚਦੇ
ਸੱਜਣ ਠੱਗਾਂ ਵਾਂਗੂੰ ਕਹਿਕਹੇ ਲਗਾਂਦੇ

=====
ਸੈਂਸਰ ਬੋਰਡ
 ਨਜ਼ਮ
ਮੇਰੀਆਂ ਕਵਿਤਾਵਾਂ ਹੁਣ
ਪੱਤਰਕਾਵਾਂ ਵਿੱਚ ਨਹੀਂ ਛਪਦੀਆਂ
ਸੰਪਾਦਕੀ ਸੈਂਸਰ ਬੋਰਡ
ਬਿਨ੍ਹਾਂ ਕੁਝ ਕਹੇ
ਰੱਦੀ ਦੀ ਟੋਕਰੀ ਵਿਚ
ਸੁੱਟ ਦਿੰਦੇ ਹਨ

ਬਹੁਤ ਕੁਝ ਊਲ-ਜਲੂਲ
ਦੱਸਦੀਆਂ ਰਹਿੰਦੀਆਂ ਹਨ
ਮੇਰੀਆਂ ਕਵਿਤਾਵਾਂ -

ਮਸਲਨ : ਧਾਰਮਿਕ ਸਥਾਨਾਂ ਉੱਤੇ ਕਾਬਜ਼
ਗੋਲਕ ਚੋਰਾਂ ਦੇ ਕਿੱਸੇ
ਭ੍ਰਿਸ਼ਟ ਰਾਜਨੀਤੀਵਾਨਾਂ ਦੀਆਂ
ਸਮਗਲਰਾਂ ਨਾਲ਼ ਯਾਰੀਆਂ ਦੀਆਂ ਕਹਾਣੀਆਂ
ਦੋਗਲੇ ਪੱਤਰਕਾਰਾਂ ਦੇ ਬੈਂਕ ਅਕਾਊਂਟਾਂ ਵਿੱਚ
ਠੱਗ ਬਾਬਿਆਂ ਦੇ ਚੈਕਾਂ ਦਾ ਹਿਸਾਬ-ਕਿਤਾਬ
ਉਂਗਲ਼ੀ ਨੂੰ ਲਹੂ ਲਗਾ ਕੇ ਬਣੇ
ਮਹਾਂ-ਕਰਾਂਤੀਕਾਰੀਆਂ ਦੀਆਂ ਅੰਤਰੀਵ-ਇੱਛਾਵਾਂ
ਪਤਨੀਆਂ ਨੂੰ ਕੁੱਟਣ ਵਾਲੇ ਲੇਖਕਾਂ ਵੱਲੋਂ
ਔਰਤ ਕਲਿਆਣ ਮੰਚ ਬਣਾਉਣ ਦਾ ਭੇਤ
ਅਫ਼ੀਮ, ਚਰਸ, ਕਰੈਕ, ਕੁਕੇਨ ਦੇ ਸਮਗਲਰਾਂ ਦਾ
ਕਬੱਡੀ ਟੂਰਨਾਮੈਂਟਾਂ ਦੇ ਪਲਾਟੀਨਮ ਸਪਾਂਸਰ ਬਣਨਾ

ਮੇਰੀਆਂ ਕਵਿਤਾਵਾਂ ਹੁਣ
ਪੱਤਰਕਾਵਾਂ ਵਿੱਚ ਨਹੀਂ ਛਪਦੀਆਂ
ਸੰਪਾਦਕੀ ਸੈਂਸਰ ਬੋਰਡ
ਬਿਨ੍ਹਾਂ ਕੁਝ ਕਹੇ
ਰੱਦੀ ਦੀ ਟੋਕਰੀ ਵਿਚ
ਸੁੱਟ ਦਿੰਦੇ ਹਨ

ਕਵਿਤਾਵਾਂ ਨੂੰ ਹੁਣ ਮੈਂ
ਕਿੰਝ ਸਮਝਾਵਾਂ ਕਿ
ਸੰਪਾਦਕੀ ਸੈਂਸਰ ਬੋਰਡ ਨੇ
ਦੇਖਣਾ ਹੁੰਦਾ ਹੈ ਕਿ ਕਿਸੇ ਕਵਿਤਾ ਵਿਚ
ਕਿਸੀ ਮੰਤਰੀ ਦੀ ਪੱਗ ਉੱਤੇ ਪਏ
ਦਾਗ਼ਾਂ ਵੱਲ ਕਿਸੇ ਨੇ
ਇਸ਼ਾਰਾ ਤਾਂ ਨਹੀਂ ਕੀਤਾ
 ਸੱਭਿਆਚਾਰ ਦੇ ਬਾਬਾ ਬੋਹੜਾਂ ਦੀਆਂ
ਦਰਸ਼ਨੀ ਦਾਹੜੀਆਂ ਹੇਠ ਲੁਕੀਆਂ
ਬਲੂ ਫਿਲਮਾਂ ਤਾਂ ਕੋਈ ਦਿਖਾ ਨਹੀਂ ਰਿਹਾ
ਬਲਾਤਕਾਰੀ ਸੰਤ ਬਾਬਿਆਂ ਨੂੰ ਸਿਰੋਪੇ ਦੇਣ ਵਾਲੇ
ਗੁਰਦੁਆਰਾ ਪ੍ਰਬੰਧਕਾਂ ਦੇ ਨਾਮ
ਕਿਸੀ ਨੇ ਜੱਗ-ਜ਼ਾਹਿਰ ਤਾਂ ਨਹੀਂ ਕਰ ਦਿੱਤੇ
ਕੈਨੇਡਾ ਦੀ ਇਮੀਗਰੇਸ਼ਨ ਲੈਣ ਖ਼ਾਤਿਰ
ਆਪਣੀਆਂ ਹੀ ਧੀਆਂ ਨਾਲ ਵਿਆਹ ਰਚਾਉਣ ਵਾਲੇ
ਭੱਦਰ ਪੁਰਸ਼ਾਂ ਦਾ ਕੋਈ ਜ਼ਿਕਰ ਤਾਂ ਨਹੀਂ ਕਰ ਰਿਹਾ

ਮੇਰੀਆਂ ਕਵਿਤਾਵਾਂ ਹੁਣ
ਪੱਤਰਕਾਵਾਂ ਵਿੱਚ ਨਹੀਂ ਛਪਦੀਆਂ
ਕਿਉਂਕਿ ਉਹ ਮੂੰਹ-ਮੁਲਾਹਜਾ
ਰੱਖਣ ਵਾਲੀ ਬੋਲੀ ਨਹੀਂ ਬੋਲਦੀਆਂ
=====
ਸੈਕਸ ਮੰਡੀ
ਨਜ਼ਮ
ਵਿਆਗਰਾ ਦੀ ਸੈਕਸ ਮੰਡੀ
ਵਿਕ ਗਏ ਮਿੱਤਰਾਂ ਦੇ
ਚਿਹਰਿਆਂ ਤੇ ਪਹਿਨੀਆਂ
ਰੇਸ਼ਮੀ ਮੁਸਕਰਾਹਟਾਂ
ਮੰਡੀ ਸੱਭਿਆਚਾਰ ਦੀ
ਪਲ ਪਲ ਹਾਮੀ ਭਰਦੀਆਂ
ਸਟਰਿਪਟੀਜ਼ ਕਲੱਬਾਂ ਦੇ ਬਾਹਰ
ਜਗਮਗ, ਜਗਮਗ ਕਰਦੀਆਂ
ਨਿਊਨ ਲਾਈਟਾਂ ਦੇ ਵਾਂਗ
ਇੰਟਰਨੈੱਟ ਦੇ ਚੌਰਸਤਿਆਂ ਚ ਖੜ੍ਹ ਕੇ
ਗਾਹਕਾਂ ਨੂੰ ਭਰਮਾਉਣ ਲਈ
ਦੇਹੀ ਨਾਦ ਦੇ ਬਹੁ-ਰੰਗੇ
ਸੁਨੇਹੇ ਘੱਲਦੀਆਂ ਹਨ-

ਬੁੱਢੇ ਖੱਚਰਾਂ ਨੂੰ ਦੱਸਦੀਆਂ ਹਨ
ਅਰਬੀ ਘੋੜੇ ਬਣਨ ਦੇ ਢੰਗ
ਬੁੱਢੀਆਂ ਘੋੜੀਆਂ ਨੂੰ ਵੰਡਦੀਆਂ ਹਨ
ਹਰ ਦੌੜ ਵਿੱਚ ਜਿੱਤਣ ਦੇ ਖ਼ਾਬ
ਉਦਾਸੇ ਮਨਾਂ ਨੂੰ ਦਿੰਦੀਆਂ ਹਨ
ਚਾਂਦੀ ਰੰਗੇ ਵਰਕਾਂ ਚ ਲਿਪਟੇ
ਸਤਰੰਗੀ ਪੀਂਘ ਦੇ ਸੁਪਨੇ
ਬੰਜਰ ਹੋ ਚੁੱਕੀਆਂ ਜ਼ਮੀਨਾਂ ਨੂੰ ਦਿੰਦੀਆਂ ਹਨ
ਲਾਰਾ ਮੌਨਸੂਨ ਦੀਆਂ ਮੂਸਲਾਧਾਰ ਬਰਸਾਤਾਂ ਦਾ

ਸਾਡੇ ਸਮਿਆਂ
ਨਵ-ਪੂੰਜੀਵਾਦੀ ਵਸਤ ਸੱਭਿਆਚਾਰ
ਜਿੱਥੇ ਵੀ ਦਰਸ਼ਨ ਦੇਣ ਪਹੁੰਚਿਆ
ਇਸ ਨੇ ਆਪਣੇ ਮੁਨਾਫ਼ਿਆਂ, ਆਪਣੇ ਹਿੱਤਾਂ ਨੂੰ
ਪਹਿਲ ਦੇ ਕੇ, ਆਮ ਆਦਮੀ ਨੂੰ
ਜ਼ਿੰਦਗੀ ਦੀਆਂ ਹਕ਼ੀਕ਼ਤਾਂ ਨਾਲੋਂ ਤੋੜਨ ਲਈ
ਬਲੂ ਮੂਵੀਆਂ, ਪੋਰਨੋਗਰਾਫੀ, ਵਿਆਗਰਾ ਸੱਭਿਆਚਾਰ
ਦਾ ਜਾਲ ਵਿਛਾ, ਸੁਪਨ ਮੰਡਲਾਂ ਦੀਆਂ
ਘੇਰੀਆਂ ਵਿੱਚ ਜਕੜ ਦਿੱਤਾ

ਵਿਆਗਰਾ ਦੀ ਸੈਕਸ ਮੰਡੀ
ਭੇਡਾਂ, ਬੱਕਰੀਆਂ ਵਾਂਗ ਵਿਕ ਗਏ ਮਿੱਤਰੋ !
ਮੁਬਾਰਕ ਹੋਣ ਤੁਹਾਨੂੰ ਇਹ
ਤੁਹਾਡੀਆਂ ਰੇਸ਼ਮੀ ਮੁਸਕਰਾਹਟਾਂ
ਮੁਬਾਰਕ ਹੋਣ ਤੁਹਾਨੂੰ
ਇੰਟਰਨੈੱਟ ਦੇ ਚੌਰਸਤਿਆਂ ਚ ਖੜ੍ਹ ਕੇ
ਗਾਹਕਾਂ ਨੂੰ ਭਰਮਾਉਣ ਲਈ
ਦਿਨ ਰਾਤ ਦੇਹੀ ਨਾਦ ਦੇ
ਬਹੁ-ਰੰਗੇ ਸੁਨੇਹੇ ਘੱਲਣੇ

2 comments:

Charanjeet said...

awesome!!!!

ਦਰਸ਼ਨ ਦਰਵੇਸ਼ said...

ਮਾਨਣ ਵਾਂਗ ਹੀ ਮਾਣੀਆਂ ..!