ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, September 1, 2012

ਨਿਰਮਲ ਸਿੰਘ ਕੰਧਾਲਵੀ - ਕਾਵਿ-ਵਿਅੰਗ



ਦੋਸਤੋ! ਨਿਰਮਲ ਸਿੰਘ ਕੰਧਾਲਵੀ ਸਾਹਿਬ ਦੁਆਰਾ ਲਿਖਿਆ ਇਹ ਕਾਵਿ-ਵਿਅੰਗ ਯੂ.ਕੇ. ਤੋਂ ਮੈਡਮ ਸੁਰਜੀਤ ਕੌਰ ਹੁਰਾਂ ਨੇ ਫੇਸਬੁੱਕ ਤੇ ਪੋਸਟ ਕੀਤਾ ਸੀ, ਮੈਨੂੰ ਬਹੁਤ ਪਸੰਦ ਆਇਆ, ਸੋਚਿਆ ਤੁਹਾਡੇ ਨਾਲ਼ ਵੀ ਆਰਸੀ ਤੇ ਸਾਂਝਾ ਕਰ ਲਵਾਂ...ਆਸ ਹੈ ਬੰਤੋ ਦੀ ਘੋੜੀ ਤੁਹਾਨੂੰ ਵੀ ਇਕ ਵੱਖਰੇ ਜਿਹੇ ਕਾਵਿਕ ਬ੍ਰਹਿਮੰਡ ਦੀ ਸੈਰ ਤੇ ਲੈ ਜਾਵੇਗੀ....ਤੁਹਾਡੇ ਪ੍ਰਤੀਕਰਮਾਂ ਦਾ ਇੰਤਜ਼ਾਰ ਰਹੇਗਾ....:) ਮੈਡਮ ਸੁਰਜੀਤ ਜੀ ਅਤੇ ਕੰਧਾਲਵੀ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ...ਅਦਬ ਸਹਿਤ..ਤਨਦੀਪ
******
ਬੰਤੋ ਦੀ ਘੋੜੀ
ਕਾਵਿ-ਵਿਅੰਗ


ਬੰਤੋ ਬੀਬੀ ਜਾਂ ਉੱਠੀ ਸਾਝਰੇ,
ਵਿਹੜੇ ਦੇ ਵਿਚ ਦਿਸੀ ਨਾ ਘੋੜੀ
ਜੀ ਭਿਆਣੀ ਹੋ ਕੇ ਉਹ ਤਾਂ,
ਨਾਮ੍ਹੋ ਦੇ ਘਰ ਵੱਲ ਨੂੰ ਦੌੜੀ

ਨੀ ਨਾਮ੍ਹੀ! ਨ੍ਹੇਰ ਪੈ ਗਿਆ,
ਵਿਹੜੇ `ਚੋਂ ਕੋਈ ਲੈ ਗਿਆ ਘੋੜੀ
ਮੈਂ ਤਾਂ ਰੱਸੇ ਨਾਲ ਸੀ ਬੱਧੀ,
ਕਾਹਨੂੰ, ਮੈਂ ਨਾ ਲਾਹੀ ਪੌੜੀ

ਨਾਮ੍ਹੋ ਕਹਿੰਦੀ ਚੱਲ ਨੀਂ ਭੈਣੇ,
ਬਾਬੇ ਠੋਲ੍ਹੂ ਦੇ ਕੋਲ਼ ਜਾਈਏ
ਬਾਬਾ ਪੂਰਾ ਕਰਨੀ ਵਾਲ਼ਾ,
ਉਹਦੇ ਕੋਲੋਂ ਪੁੱਛ ਪੁਆਈਏ

ਪਤਾਲ਼ `ਚੋਂ ਚੀਜ਼ਾਂ ਕੱਢ ਲਿਆਵੇ,
ਜਦ ਨੇਤਰ ਤੀਜਾ ਖੋਲ੍ਹੇ
ਹਵਾ ਆਈ ਤੇ ਸਭ ਕੁਝ ਦੱਸੇ,
ਰੱਖਦਾ ਨਹੀਂ ਕੋਈ ਉਹਲੇ

ਛੇਤੀ ਕਰ ਹੁਣ ਚੱਲੀਏ ਡੇਰੇ,
ਉਹ ਕਿਧਰੇ ਨਾ ਟੁਰ ਜਾਵੇ
ਮਿਲ਼ਦਾ ਸੁੱਚੇ ਮੂੰਹ ਜੋ ਉਹਨੂੰ
ਮੂੰਹ ਮੰਗੀਆਂ ਮੁਰਾਦਾਂ ਪਾਵੇ

ਸੌ ਦਾ ਨੋਟ ਇਕ ਪੱਲੇ ਬੱਧਾ,
ਪਾਇਆ ਦੁੱਧ ਵਿਚ ਡੋਲੂ ਦੇ
ਅੱਗੜ ਪਿੱਛੜ ਦੋਵੇਂ ਤੁਰੀਆਂ
ਪੁੱਛ ਪੁਆਉਣੇ ਠੋਲ੍ਹੂ ਦੇ 

ਬੋਹੜਾਂ ਥੱਲੇ ਸਾਧ ਸੀ ਬੈਠਾ,
ਛੱਪੜ ਕੰਢੇ ਡੇਰਾ ਲਾਈ
ਇਕ ਚੇਲਾ ਪਿਆ ਲੱਤਾਂ ਘੁੱਟੇ,
ਇਕ ਰਗੜੇ ਸ਼ਰਦਾਈ

ਰੱਖ ਰੁਪਈਏ ਟੇਕਿਆ ਮੱਥਾ,
ਸਾਧ ਨੇ ਨਜ਼ਰਾਂ ਚਾਈਆਂ
ਕੀ ਬਿਪਤਾ ਭਈ ਆਣ ਬਣੀ ਹੈ?
ਸੁਬਾਹ- ਸਾਝਰੇ ਧਾਈਆਂ

ਚੇਲੇ ਕਹਿੰਦੇ ਮਿਲ਼ਦਾ ਸਭ ਕੁਛ,
ਜੋ ਕੋਈ ਏਥੋਂ ਮੰਗੂਗਾ
ਸਾਨੂੰ ਹੋ ਗਏ ਦੋਂਹ ਦੇ ਦਰਸ਼ਨ,
ਅੱਜ ਦਿਨ ਵਧੀਆ ਲੰਘੂਗਾ

ਬਾਬੇ ਨੇ ਫਿਰ ਘੂਰੇ ਚੇਲੇ,
ਅੱਖ ਨਾਲ ਸੈਨਤ ਮਾਰੀ
ਕੰਜਰੋ ਚਿੜੀਆਂ ਆਪੇ ਫ਼ਸੀਆਂ,
ਕਿਤੇ ਮਾਰ ਨਾ ਜਾਣ ਉਡਾਰੀ

ਗ਼ੁੱਸਾ ਨਾ ਤੁਸੀਂ ਕਰਿਉ ਭਾਈ,
ਇਹ ਬਾਲਕ ਅਜੇ ਨਿਆਣੇ
ਚੇਲੇ ਨਵੇਂ, ਮੈਂ ਹੁਣੇ ਹੀ ਮੁੰਨੇ,
ਹੋ ਜਾਣਗੇ ਜਲਦ ਸਿਆਣੇ

ਹਾਂ ਭਾਈ, ਹੁਣ ਦੱਸੋ ਦੁੱਖੜਾ,
ਤੁਸੀਂ ਹਾਲ ਬਤਾਉ ਸਾਰਾ
ਟੂਣਾ-ਟਾਮਣ ਕਰ ਗਿਆ ਕੋਈ,
ਜਾਂ ਕਾਲੇ ਜਾਦੂ ਦਾ ਕਾਰਾ

ਸੱਸ ਕੁਲਹਿਣੀ ਦਾ ਹੈ ਰੌਲਾ?
ਜਾਂ ਲੈਂਦੈ ਘਰ ਵਾਲਾ ਪੰਗੇ
ਦੇਖ ਗੁਆਂਢਣ ਸੜਦੀ ਤੈਨੂੰ,
ਐਵੇਂ ਛੜਾ ਜੇਠ ਪਿਆ ਖੰਘੇ?

ਜੰਤਰ ਮੰਤਰ ਪੜ੍ਹਾਂ ਮੈਂ ਐਸੇ,
ਰ ਇਨ੍ਹਾਂ ਦੇ ਚੀਜ਼ਾਂ ਲਾਵਾਂ
ਟਿਕਟ ਦੇਵਾਂ ਮੈਂ ਪੱਕੀ ਧੁਰ ਦੀ,
ਖ਼ੂਨ ਇਨ੍ਹਾਂ ਦਾ ਪੀਣ ਬਲਾਵਾਂ 

ਬਾਬਾ ਜੀ! ਨਾ ਗੱਲ ਅਜਿਹੀ,
ਸਾਡੀ ਤਾਂ ਕੋਈ ਲੈ ਗਿਆ ਘੋੜੀ
ਮੈਂ ਤਾਂ ਪੁੱਛ ਪੁਆਉਣੇ ਆਈ,
ਥੋਡੇ `ਤੇ ਹੁਣ ਰੱਖੀ ਡੋਰੀ

ਬਾਬਾ ਜੀ ਕਰੋ ਨਜ਼ਰ ਸਵੱਲੀ,
ਘਰ ਮਿਹਰਾਂ ਦੇ ਆਉ
ਰੇ ਮੇਕੋਈ ਮਾਰੋ ਛੇਤੀ,
ਘੋੜੀ ਦੀ ਦੱਸ ਪਾਉ

ਖੇਲ੍ਹ ਚੜ੍ਹੀ ਫਿਰ ਬਾਬੇ ਤਾਈਂ,
ਚਾਰੇ ਪਾਸੇ ਜਟਾਂ ਘੁੰਮਾਵੇ
ਗੋਗੜ ਤੂੰਬੜ ਵਰਗੀ ਉਹਦੀ,
ਨਾਲ ਮਟਕ ਦੇ ਉਹਨੂੰ ਹਿਲਾਵੇ

ਇਹ ਕਾਰਾ ਸਰਪੰਚ ਦਾ ਬੀਬੀ,
ਸਾਡਾ ਭੈਰੋਂ ਦੇਵੇ ਦੁਹਾਈਆਂ
ਪਿਛਲੀ ਵਾਰੀ ਚੋਣਾਂ ਵੇਲੇ
ਤੁਸੀਂ ਵੋਟਾਂ ਨਹੀਂ ਉਹਨੂੰ ਪਾਈਆਂ

ਏਸੇ ਗੱਲੋਂ ਖਿਝ ਕੇ ਉਹਨੇ,
ਇਹ ਕਾਰਾ ਕਰਵਾਇਆ
ਬੰਦੇ ਭਾੜੇ ਉੱਤੇ ਸੱਦ ਕੇ,
ਇਹ ਡਾਕਾ ਮਰਵਾਇਆ

ਸਾਡੀ ਪੁੱਛ ਅਟੱਲ ਹੈ ਹੁੰਦੀ,
ਹੁੰਦਾ ਜਿਉਂ ਧਰੂ ਤਾਰਾ
ਨਾਮ ਨਹੀਂ ਸਾਡਾ ਕਿਧਰੇ ਲੈਣਾ,
ਨਹੀਂ ਪਾਪ ਲੱਗੂਗਾ ਭਾਰਾ

ਭਲੇ ਵੇਲੇ ਤੂੰ ਆ ਗਈ ਬੀਬੀ,
ਕਿਸਮਤ ਸੀ ਤੇਰੀ ਚੰਗੀ
ਘੋੜੀ ਹੁਣ ਅਗਾਂਹ ਨਹੀਂ ਜਾਂਦੀ,
ਮੁੜ ਆਊ ਡੰਡੀ ਡੰਡੀ

ਘੋੜੀ ਵੇਚੀ ਮੁਕਸਰ ਉਹਨੀਂ
ਸਰਪੰਚ ਦਾ ਅੱਧਾ ਹਿੱਸਾ
ਕੀ ਕੀ ਤੈਨੂੰ ਦੱਸਾਂ ਬੀਬੀ,
ਇਹ ਲੰਮਾ ਹੈ ਕਿੱਸਾ

ਦਾਰੂ ਦੀ ਇਕ ਬੋਤਲ ਬੀਬੀ,
ਇਕ ਕੁੱਕੜ ਕਾਲੇ ਰੰਗ ਦਾ
ਸਾਨੂੰ ਤਾਂ ਨਹੀਂ ਲੋੜ ਇਨ੍ਹਾਂ ਦੀ,
ਇਹ ਚੀਜ਼ਾਂ ਭੈਰੋਂ ਮੰਗਦਾ

ਦੜੀ ਦੇਸੀ ਨਾ ਚੁੱਕ ਲਿਆਈਂ,
ਇਹਨੂੰ ਭੈਰੋਂ ਮੂੰਹ ਨੀਂ ਲਾਉਂਦਾ
ਖਰੀ ਜਿਹੀ ਕੋਈ ਹੋਵੇ ਵਿਸਕੀ,
ਉਹ ਫੇਰ ਹੀ ਖ਼ੁਸ਼ੀ ਮਨਾਉਂਦਾ

ਚੁੱਪ-ਚੁਪੀਤੇ ਸ਼ਾਮ ਨੂੰ ਬੀਬੀ,
ਸਭ ਵਸਤਾਂ ਲੈ ਆਈਂ
ਕੰਨੋਂ-ਕੰਨੀ ਖ਼ਬਰ ਨਾ ਹੋਵੇ,
ਮੂੰਹ ਮੰਗੀਆਂ ਮੁਰਾਦਾਂ ਪਾਈਂ

ਘੋੜੀ ਦਾ ਨਾ ਫ਼ਿਕਰ ਕਰੀਂ ਤੂੰ,
ਹੁੰਦੀ ਉਹਦੀ ਟਹਿਲ ਐ ਪੂਰੀ
ਦਾਣਾ-ਪੱਠਾ, ਪਾਣੀ-ਧਾਣੀ,
ਕੱਲ੍ਹ ਨੂੰ ਆ ਜਾਣੀ ਉਹ ਧੂਰੀ

ਨਾਮ੍ਹੋ ਸੀ ਕੁਝ ਬੋਲਣ ਲੱਗੀ,
ਚੇਲੇ ਚੁੱਕਿਆ ਚਿਮਟਾ ਭਾਰਾ
ਵਿਚੋਂ ਟੋਕ ਨਾ ਬਾਬਾ ਜੀ ਨੂੰ,
ਤੂੰ ਸੁਣ ਲੈ ਹੁਕਮ ਹਮਾਰਾ

ਦੇ ਕੇ ਚਿਮਟਾ ਨਾਮ੍ਹੋ ਡਰ ਗਈ,
ਕਰ ਹੌਸਲਾ ਬੰਤੋ ਬੋਲੀ
ਸਾਧਾ ਤੈਨੂੰ ਕੁਝ ਨਹੀਂ ਆਉਂਦਾ,
ਐਵੇਂ ਪਾਊਨੈ ਕਾਵਾਂ ਰੌਲੀ

ਬੂਬਨਿਆਂ ਤੂੰ ਠੱਗ ਐਂ ਪੂਰਾ,
ਐਵੇਂ ਜਾਨੈ ਗੱਪਾਂ ਜੋੜੀ,
ਔਂਤਰਿਆ ਮੇਰੀ ਚੋਰੀ ਹੋਈ,
ਸੇਵੀਆਂ ਵੱਟਣ ਵਾਲੀ ਘੋੜੀ 

1 comment:

surjeet kaur said...

ਤਨਦੀਪ ''ਤਮੰਨਾ' ਜੀ ਆਪ ਜੀ ਬਹੁਤ ਬਹੁਤ ਧੰਨਵਾਦ ....ਨਿਰਮਲ ਸਿੰਘ ਕੰਧਾਲਵੀ ਜੀ ਦੀ ਕਵਿਤਾ ਤੁਸੀਂ ਆਪਣੀ ਵੇਬਸਾਇਟ ਉਤੇ ਅਪਲੋਡ ਕੀਤੀ