ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, February 14, 2013

ਪਰਮਿੰਦਰ ਸੋਢੀ - ਨਵਾਂ ਕਾਵਿ-ਸੰਗ੍ਰਹਿ 'ਪਲ ਛਿਣ ਜੀਣਾ' - ਨਜ਼ਮਾਂ




ਦੋਸਤੋ! 12 ਫਰਵਰੀ, 2013 ਨੂੰ ਓਸਾਕਾ, ਜਾਪਾਨ ਵਸਦੇ ਸੁਪ੍ਰਸਿੱਧ ਲੇਖਕ ਜਨਾਬ ਪਰਮਿੰਦਰ ਸੋਢੀ ਸਾਹਿਬ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ  ਪਲ ਛਿਣ ਜੀਣਾ ਆਰਸੀ ਲਈ ਪਹੁੰਚੀ ਸੀ, ਜਿਸ  ਨਾਲ਼ ਆਰਸੀ ਦੀ ਲਾਇਬ੍ਰੇਰੀ ਵਿਚ ਨਾਯਾਬ ਵਾਧਾ ਹੋਇਆ ਹੈ। ਅੱਜ ਦੀ ਪੋਸਟ ਵਿਚ ਏਸੇ ਅਤਿ ਖ਼ੂਬਸੂਰਤ ਕਿਤਾਬ ਵਿੱਚੋਂ ਚੰਦ ਨਜ਼ਮਾਂ ਤੁਹਾਡੇ ਨਾਲ਼ ਸਾਂਝੀਆਂ ਕਰ ਰਹੀ ਹਾਂ... ਪਲ ਛਿਣ ਜੀਣਾ ਕਾਵਿ-ਸੰਗ੍ਰਹਿ ਦੀ ਵਿਸਤਾਰਿਤ ਜਾਣਕਾਰੀ ਟਾਈਟਲ ਸਕੈਨ ਸਹਿਤ ਆਰਸੀ ਸੂਚਨਾਵਾਂ ਤੇ ਵੀ ਪੋਸਟ ਕੀਤੀ ਗਈ ਹੈ, ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਦੋਸਤ ਸਾਰੀ ਜਾਣਕਾਰੀ ਉਥੋਂ ਹਾਸਿਲ ਕਰ ਸਕਦੇ ਹਨ। ਸੋਢੀ ਸਾਹਿਬ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਇਸ ਕਿਤਾਬ ਦੇ ਪ੍ਰਕਾਸ਼ਨ ਤੇ ਬਹੁਤ-ਬਹੁਤ ਮੁਬਾਰਕਬਾਦ..:)
ਅਦਬ ਸਹਿਤ

ਤਨਦੀਪ ਤਮੰਨਾ
=======
ਤੇਰੇ ਚਾਨਣ
ਨਜ਼ਮ

ਕੜੇ ਕੰਙਣ
ਮਖੌਟੇ ਵਸਤਰ
ਧਰਮ ਸ਼ਾਸਤਰ
ਵਿਚਾਰ ਅਸਤਰ
ਲਾਹ ਕੇ ਆਏ ਹੋ

ਕਿੰਨੇ ਸੋਹਣੇ
ਲਗਦੇ ਹੋ.....

ਮੈਂ ਵੀ ਅਗਨ-ਪ੍ਰੀਖਿਆ
ਚੋਂ
ਲੰਘ ਕੇ
ਆਇਆ ਹਾਂ

ਹੁਣ
ਸਹਿਜ ਤਨ
ਸਰਲ ਮਨ

ਤੇਰੇ ਚਾਨਣ

ਡੁੱਬਿਆ ਹਾਂ....

======
ਜੁਗਨੂੰ ਦੀ ਜੂਨ
ਨਜ਼ਮ

ਇਕ ਪਲ ਰੁਕਣਾ
ਫੁੱਲ ਕੋਲ਼ ਬਹਿਣਾ
ਤੇਰੇ ਵੱਲ ਦੇਖਣਾ

ਇਕ ਪਲ ਰੁਕਣਾ
ਨੰਗੇ ਪੈਰੀਂ ਤੁਰਨਾ
ਤੇਰੇ ਹੱਥਾਂ ਨੂੰ ਛੂਹਣਾ

ਇਕ ਪਲ ਰੁਕਣਾ
ਜ਼ਿੰਦਗੀ ਨੂੰ ਚੁੰਮਣਾ
ਤੇਰੇ ਕੋਲ਼ ਕੋਲ਼ ਹੋਣਾ

ਇਸ ਤੋਂ ਪਰੇ
ਜੋ ਵੀ ਹੈ
ਉਹ ਮੇਰਾ ਨਹੀਂ ਹੈ

ਮੈਨੂੰ ਰੇਤ ਦੇ
ਪਹਾੜ
ਤੇ
ਖੜ੍ਹਾ ਨਾ ਕਰ

ਮੈਨੂੰ ਬੀਤ ਗਏ
ਵਕ਼ਤ ਦੀ
ਸੂਲ਼ੀ ਨਾ ਟੰਗ

ਮੈਂ ਭੂਤਾਂ ਨਾਲ਼
ਲੜਨਾ ਨਹੀਂ ਜਾਣਦਾ

ਮੇਰੀ ਹਸਤੀ
ਕਿਸੇ ਜੁਗਨੂੰ ਦੀ
ਇਕ ਛਿਣ ਲੰਬੀ
ਟਿਮਟਿਮ ਤੋਂ ਵੱਧ
ਕੁਝ ਨਹੀਂ ਹੈ

ਮੈਨੂੰ ਸਾਲਾਂ
ਤੇ ਸਦੀਆਂ ਨਾਲ਼
ਨਾ ਨਾਪ

ਮੈਂ ਹੁਣ ਹਾਂ
ਸ਼ਾਮ ਤਕ ਹੋਵਾਂ
ਜਾਂ ਨਾ ਹੋਵਾਂ

ਮੈਂ ਇੱਥੇ ਹਾਂ
ਮੈਨੂੰ ਇੱਥੇ ਹੀ
ਹੋਣ ਦੇ

ਹੁਣ ਅਤੇ ਇੱਥੇ
ਇਸ ਪਲ
ਮੈਂ ਸਾਰੇ ਦਾ ਸਾਰਾ
ਤੇਰਾ ਹਾਂ....
=======
ਉਸਦੇ ਰੰਗ
ਨਜ਼ਮ

ਤੂੰ ਆਈ
ਤਾਂ ਬੱਦਲ਼ ਦਿਸਹੱਦੇ ਦੀਆਂ
ਪੌੜੀਆਂ ਉਤਰ ਗਏ

ਦੂਰ ਤਕ ਫੈਲੇ ਹਰੇ ਖੇਤ
ਤੇ ਖੇਤਾਂ
ਚ ਖੜ੍ਹਾ ਬਿਰਖ਼
ਨਿੱਖਰ ਕੇ ਲਿਸ਼ਕਣ ਲੱਗੇ

ਮੈਂ ਕਿਹਾ:-
”…ਇਹ ਮੇਰਾ ਪੰਜਾਬ ਹੈ
ਹਰਿਆਲੀ ਨਾਲ਼ ਭਾਵੇਂ
ਤੂੰ ਆਪਣੇ ਦਿਲ ਨੂੰ
ਨੱਕੋ-ਨੱਕ ਭਰ ਲੈ
.

ਉਸ ਨੇ ਕਿਹਾ:-
”….ਤੂੰ ਮੇਰੇ ਦੇਸ ਆਵੀਂ
ਦੂਰ ਤਕ ਪੱਸਰੇ ਸਾਗ਼ਰ ਦੇਖੀਂ
ਤੇ ਫਿਰ ਚਾਹੇ
ਆਪਣੀ ਰੂਹ ਨੂੰ
ਨੀਲ-ਅਸਮਾਨੀ ਕਰ ਲਈਂ
….”

ਸਾਹਮਣੀ ਤਾਰ
ਤੇ ਬੈਠਾ
ਪਰਿੰਦਾ ਜ਼ਰਾ ਕੁ ਹੱਸਿਆ
ਉਸ ਦੇ ਪੈਰਾਂ
  ਜੁੰਬਿਸ਼ ਹੋਈ

ਫਿਰ ਉਸਨੇ ਹਰਿਆਲੀ ਨਾਲ਼
ਆਪਣੀ ਚੁੰਝ ਭਰੀ
ਤੇ ਨੀਲੇ ਸਾਗ਼ਰਾਂ ਵੱਲ
ਉਡਾਰੀ ਮਾਰ ਗਿਆ....
====
ਤੇਰਾ ਮਿਲ਼ਣਾ
ਨਜ਼ਮ

ਜਦੋਂ ਮਿਲ਼ੇ ਸਾਂ
ਤਾਂ ਕਿੰਨੇ
ਵੱਖਰੇ ਸਾਂ

ਜਦੋਂ ਵਿੱਛੜੇ
ਤਾਂ ਕਿੰਨੇ
ਇਕ ਸਮਾਨ

ਮੈਂ ਤਾਂ
ਭਾਵਾਂ ਦੀ
ਉਲ਼ਝੀ ਬਾਤ ਸਾਂ
ਜਾਂ
ਸੋਚਾਂ ਦੀ
ਉੱਬੜ ਖਾਬੜ ਜ਼ਮੀਨ

ਤੈਨੂੰ ਮਿਲ਼ਣ ਤੋਂ ਬਾਅਦ
ਮੈਂ ਮਹਿਜ਼
ਉਹ ਰਹਿ ਗਿਆ ਹਾਂ
ਜੋ ਰਹਿਣਾ ਚਾਹੀਦਾ ਸੀ

ਖ਼ਾਲੀ ਤੇ ਹਲਕ਼ਾ
ਉੱਡਦੇ ਕਾਗ਼ਜ਼ ਦੇ ਟੋਟੇ ਜਿਹਾ

ਆਮ ਤੇ ਸਹਿਜ
ਮੀਂਹ
ਚ ਭਿੱਜਦੇ ਘਾਹ ਜਿਹਾ
======

ਕਾਮ
ਨਜ਼ਮ

ਉਹ ਕੌਣ ਹੈ
ਜੋ ਯੁਗਾਂ ਤੋਂ
ਮੇਰੇ ਨਾਲ਼ ਨਾਲ਼
ਤੁਰਿਆ ਆ ਰਿਹਾ

ਬਾਜ਼ਾਰ ਦੀ ਰੌਣਕ
ਖੁੱਲ੍ਹੇ ਮੈਦਾਨ ਹਰੇ ਘਾਹ
ਤਾਜ਼ਗੀ ਬਖੇਰਦੇ ਫੁੱਲ
ਰੰਗਾਂ
ਚ ਡੁੱਬੇ ਆਕਾਰ

ਉਹ ਜਿੱਥੇ ਵੀ ਦੇਖਦਾ
ਉੱਥੇ ਹੀ ਠਹਿਰ ਜਾਂਦਾ ਹੈ

ਮੈਂ ਬੋਧੀ ਮੰਦਿਰ ਦੀ
ਪੰਜਵੀਂ ਮੰਜ਼ਿਲ
ਤੇ
ਪਹੁੰਚ ਜਾਂਦਾ ਹਾਂ
ਪਰ ਉਹ ਤਾਂ
ਪਹਿਲੀ ਪੌੜੀ
ਤੇ ਖੜ੍ਹਾ ਰਹੇ
ਕਿਸੇ ਨਿੱਕੇ ਬੱਚੇ ਵਾਂਗ

ਉਹ ਕੌਣ ਹੈ
ਜੋ ਯੁਗਾਂ ਤੋਂ
ਮੇਰੇ ਨਾਲ਼ ਨਾਲ਼
ਤੁਰਿਆ ਆ ਰਿਹਾ

ਚੰਚਲ ਅਤੇ ਜ਼ਿੱਦੀ
ਆਪਣਾ ਤੇ ਬੇਗਾਨਾ...
=======
ਤਸਵੀਰ
ਨਜ਼ਮ

ਮੈਂ ਚੋਰਾਂ ਵਾਂਗ
ਦਾਖ਼ਲ ਹੋਣਾ ਚਾਹਾਂ
ਇਸ ਤਸਵੀਰ ਵਿਚ

ਜਿੱਥੇ ਤੇਰੇ ਬੁੱਲ੍ਹਾਂ
ਤੇ
ਕੋਈ ਛਿਣ ਸਦੀਵੀ
ਕਿਸੇ ਤਿਤਲੀ ਵਾਂਗ
ਠਹਿਰ ਗਿਆ ਹੈ

ਉਹ ਛਿਣ ਤੇ ਤੂੰ
ਤਿਤਲੀ ਤੇ ਮੈਂ
ਉਮਰ ਕ਼ੈਦੀ ਸਾਰੇ
ਇਕੋ ਤਸਵੀਰ ਦੇ
=====
ਅੱਜ ਮੈਂ ਮਰਨੋਂ ਬਚਿਆ
ਨਜ਼ਮ
ਬਾਰੀ ਵਾਂਗ ਹੈ
ਤੇਰਾ ਹੋਣਾ...

ਸੁੰਗੜ ਰਹੀਆਂ ਕੰਧਾਂ ਸਨ
ਉਦਾਸ ਸਰਦ ਕਮਰੇ ਸਨ

ਮੈਂ ਤੇਰੇ ਰਾਹੀਂ
ਬਾਹਰ ਵੱਲ ਝਾਕਿਆ ਸਾਂ ....

ਜ਼ਿੰਦਗੀ ਹਰੇ ਘਾਹ ਉਪਰ
ਖ਼ਰਗੋਸ਼ ਵਾਂਗ ਖੇਡ ਰਹੀ ਸੀ

ਜ਼ਿੰਦਗੀ ਰੰਗਾਂ , ਉਭਾਰਾਂ
ਤੇ ਆਤਿਸ਼ਬਾਜੀਆਂ ਵਾਂਗ
ਫੈਲ ਰਹੀ ਸੀ .....

ਮੈਂ ਨਦੀ ਦੇ ਨਾਲ਼-ਨਾਲ਼
ਸਰਪਟ ਦੌੜ ਪਿਆ ਸਾਂ

ਮੈਂ ਤੇਰੇ ਹੋਣ ਨਾਲ਼
ਹੋਣ ਲੱਗਦਾ ਹਾਂ

ਮੈਂ ਤੈਨੂੰ
ਪਿਆਰ ਕਰਨ ਲਗਦਾ ਹਾਂ

ਤੂੰ ਬਾਰੀ ਵਾਂਗ
ਖੁੱਲ੍ਹਦੀ ਰਹੀਂ

ਮੈਂ ਮਰਨ ਤੋਂ
ਬਚਿਆ ਰਹਾਂਗਾ....

1 comment:

HARVINDER DHALIWAL said...

ਸੋਢੀ ਸਾਹਿਬ ਬਹੁਤ ਉੱਚ ਕੋਟੀ ਦੇ ਸ਼ਾਇਰ ਹਨ !ਉਨਾਂ ਦਾ ਕਾਵਿ ਸੰਗ੍ਰਿਹ 'ਪਲ ਛਿਣ ਜੀਣਾ' ਸਾਰਾ ਹੀ ਪੜਿਆ ਹੀ ਨਹੀਂ ਸਗੋਂ ਮਾਣਿਆ ਹੈ ! ਉਨਾਂ ਦੀਆਂ ਨਜ਼ਮਾਂ ਚੋਂ ਪਿਆਰ ,ਨਿਰਛਲਤਾ ਤੇ ਹੁਣ ਪਲ ਵਿੱਚ ਜਿਓਂਣ ਦੀ ਲਾਲਸਾ ਡੁੱਲ ਡੁੱਲ ਪੈਂਦੀ ਹੈ ! ਇੰਨੀਆਂ ਸੁਹਣੀਆਂ ਨਜ਼ਮਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਉਣ ਲਈ ਉਨਾਂ ਦਾ ਬਹੁਤ ਬਹੁਤ ਧੰਨਵਾਦ ! ਤਨਦੀਪ ਹੋਰਾਂ ਦਾ ਵੀ ਨਜ਼ਮਾਂ ਸਾਂਝੀਆਂ ਕਰਨ ਲਈ ਬਹਤ ਧੰਨਵਾਦ !