ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, February 17, 2013

ਆਰਸੀ 'ਤੇ ਖ਼ੁਸ਼ਆਮਦੇਦ - ਰੇਨੂ ਨਈਅਰ - ਗ਼ਜ਼ਲ



ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਰੇਨੂ ਨਈਅਰ
ਅਜੋਕਾ ਨਿਵਾਸ:  ਜਲੰਧਰ, ਪੰਜਾਬ
ਪ੍ਰਕਾਸ਼ਿਤ ਕਿਤਾਬਾਂ: ਇਕ ਕਾਵਿ-ਸੰਗ੍ਰਹਿ ਪ੍ਰਕਾਸ਼ਨ ਅਧੀਨ ਹੈ।
------
ਦੋਸਤੋ! ਅੱਜ ਜਲੰਧਰ ਵਸਦੀ ਸ਼ਾਇਰਾ ਦੋਸਤ ਰੇਨੂ ਨਈਅਰ ਜੀ ਨੇ ਦੋ ਖ਼ੂਬਸੂਰਤ ਗ਼ਜ਼ਲਾਂ ਘੱਲ ਕੇ ਆਰਸੀ ਬਲੌਗ
ਤੇ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਉਹ ਜਸਵਿੰਦਰ ਮਹਿਰਮ ਸਾਹਿਬ ਤੋਂ ਗ਼ਜ਼ਲ ਦੀਆਂ ਬਾਰੀਕੀਆਂ ਸਿੱਖ ਰਹੇ ਹਨ। ਪਿਛਲੇ ਇਕ ਸਾਲ ਤੋਂ ਕੋਲਾਜ ਪਬਲੀਕੇਸ਼ਨ ਤੋਂ ਕਿਤਾਬਾਂ ਦੀ ਸੰਪਾਦਨਾ ਅਤੇ ਪ੍ਰਕਾਸ਼ਨਾ ਵੀ ਕਰ ਰਹੇ ਹਨ। ਉਹ ਫੇਸਬੁੱਕ ਤੇ ਆਰਸੀ ਸਾਹਿਤਕ ਕਲੱਬਾਂ ਦੇ ਕੋ-ਐਡਮਿਨ ਵੀ ਹਨ। ਮੇਰੀ ਘੌਲ਼ ਕਰਕੇ ਇਹ ਹਾਜ਼ਰੀ ਵੀ ਦੇਰੀ ਨਾਲ਼ ਲੱਗ ਰਹੀ ਹੈ। ਮੈਂ ਰੇਨੂ ਜੀ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਜੀ ਆਇਆਂ ਆਖ ਰਹੀ ਹਾਂ, ਤੇ ਦੁਆ ਕਰਦੀ ਹਾਂ ਕਿ ਜਲਦੀ ਹੀ ਉਹਨਾਂ ਦੀ ਕਿਤਾਬ ਪੜ੍ਹਨ ਨੂੰ ਮਿਲ਼ੇ....ਆਮੀਨ! ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ
********
ਗ਼ਜ਼ਲ
ਤੇਰੇ ਸਦਕੇ ਗ਼ਜ਼ਲ ਮੇਰੀ, ਮੇਰਾ ਅਭਿਮਾਨ ਬਣ ਕੇ ਆ
ਨਿਭਾਵਾਂਗੀ ਸਦਾ ਤੈਨੂੰ ਕੋਈ ਫੁਰਮਾਨ ਬਣ ਕੇ ਆ

ਬਡ਼ੇ ਆਰੋਹ ਤੇ ਅਵਰੋਹ ਹੰਢਾ ਬੈਠੀ ਹਾਂ ਜੀਵਨ ਦੇ
ਜੇ ਆ ਸਕਦੈਂ ਤਾਂ ਹੁਣ ਕੋਈ ਸੁਰੀਲੀ ਤਾਨ ਬਣ ਕੇ ਆ

ਭੁਲਾ ਕੇ ਤੂੰ ਤੇਰਾ ਰੁਤਬਾ ਵਿਚਰ ਦੁਸ਼ਵਾਰ ਦੁਨੀਆਂ ਵਿਚ
ਤੂੰ ਪਥਰ ਦੇ ਖ਼ੁਦਾ ਦੀ ਥਾਂ ਕਦੀ ਇਨਸਾਨ ਬਣ ਕੇ ਆ

ਜੋ ਰੂਹ ਨੂੰ ਪਾਕ ਕਰ ਦੇਵੇ ਤੇ ਮਨ ਦੀ ਵੀ ਗਿਰਹ ਖੋਲ੍ਹੇ
ਸੁਬ੍ਹਾ ਦੀ ਆਰਤੀ ਵਰਗੀ ਕੋਈ ਆਜ਼ਾਨ ਬਣ ਕੇ ਆ

ਨਿਰਰਥਕ ਦੌੜ ਵਿੱਚ ਲੱਗਿਆ ਹੈ ਮਨ ਦਾ ਬੇਲਗਾਮਾ ਰਥ
ਮੈਂ ਇਸ ਵਾਰੀ ਵੀ ਅਰਜੁਨ ਹਾਂ, ਮੇਰਾ ਰਥਵਾਨ ਬਣ ਕੇ ਆ

ਦੁਸ਼ਾਸਨ ਅੱਜ ਵੀ ਐਥੇ ਹੈ, ਤੇ ਅੱਜ ਵੀ ਦਰੋਪਦੀ ਐਥੇ
ਜੋ ਰੋਕੇ ਚੀਰ-ਹਰਨਾਂ ਨੂੰ, ਕਿਸ਼ਨ ਭਗਵਾਨ ਬਣ ਕੇ ਆ

ਧਰਤ ਬਣ ਕੇ ਵਿਛਾ ਰੱਖਿਆ ਹੈ ਆਪਣਾ ਆਪ ਕ਼ਦਮਾਂ ਵਿੱਚ
ਦਿਖਾ ਅਪਣਾ ਵਡੱਪਨ ਤੂੰ ਮੇਰਾ ਅਸਮਾਨ ਬਣ ਕੇ ਆ

ਉਡੀਕੇ ਘਰ ਦਾ ਆਂਗਨ ਫਿਰ ਕੋਈ ਮਾਸੂਮ ਕਿਲਕਾਰੀ
ਐ ਮੇਰੀ ਮਾਂ ਤੂੰ ਇਸ ਵਾਰੀ ਮੇਰੀ ਸੰਤਾਨ ਬਣ ਕੇ ਆ

ਭਰਮ ਵਿੱਚ ਜਾਲ਼ ਜਾਂਦੇ ਨੇ ਕਿਉਂ ਮਿਥਿਹਾਸ ਦੇ ਪਾਤਰ
ਜੇ ਤੋੜੇਂ ਜਕੜਨਾ ਮਨ ਦੀ ਤਾਂ ਤੂੰ ਵਿਗਿਆਨ ਬਣ ਕੇ ਆ

ਉਡੀਕਾਂਗੀ ਐ ਸ਼ਾਮੇ-ਜ਼ਿੰਦਗੀ ਤੈਨੂੰ ਮੈਂ ਹਰ ਪਲ ਹੀ
ਤੂੰ ਭਾਵੇਂ ਮਾਣ ਬਣ ਕੇ ਆ, ਭਾਵੇਂ  ਅਪਮਾਨ ਬਣ ਕੇ ਆ
-----
ਗ਼ਜ਼ਲ
ਚਲੋ ਹੁਣ ਤਾਂ ਚਿਰਾਂ ਤੋਂ ਧੁਖ ਰਿਹਾ ਲਾਵਾ ਨਿਕਲ ਜਾਵੇ
ਅਗਰ ਪੂਰੀ ਨਹੀਂ ਤਾਂ ਕੁਝ ਨਾ ਕੁਝ ਹਾਲਤ ਬਦਲ ਜਾਵੇ

ਮੈਂ ਕੁਝ ਵੀ ਕਹਿਣ ਲੱਗਾਂ ਤਾਂ ਤੇਰਾ ਹੀ ਜ਼ਿਕਰ ਆ ਜਾਂਦੈ
ਮੇਰੀ ਹਰ ਸੋਚ ਆਖ਼ਿਰ ਤੇਰੀਆਂ ਸੋਚਾਂ 'ਚ ਢਲ ਜਾਵੇ

ਕਰੀਂ ਇਹ ਆਸ ਮੌਸਮ ਤੋਂ ਨਵੀਂ ਰੁਤ ਆਉਣ ਤੋਂ ਪਹਿਲਾਂ
ਗਈ ਰੁਤ ਵਾਂਗ ਜੀਵਨ ਦਾ ਵੀ ਹਰ ਮੰਜ਼ਰ ਬਦਲ ਜਾਵੇ

ਕਿਵੇਂ ਪਰਪੰਚ ਰਚਦਾ ਹੈ ਨਾ ਤੂੰ ਜਾਣੇਂ ਨਾ ਮੈਂ ਜਾਣਾਂ
ਇਹ ਭੈੜਾ ਮੌਤ ਦਾ ਅਜਗਰ ਕਦੋਂ ਕਿਸ ਨੂੰ ਨਿਗਲ ਜਾਵੇ

ਇਵੇ ਲੱਗਿਆ ਤੇਰਾ ਮੈਨੂੰ ਬਿਨਾ ਮਿਲਿਆਂ ਹੀ ਮੁੜ ਜਾਣਾ
ਹਵਾ ਜੀਕਣ ਬਿਨਾ ਮਹਿਕੇ ਹੀ ਗੁਲਸ਼ਨ 'ਚੋਂ ਨਿਕਲ ਜਾਵੇ

ਕਹੇਂ ਤਾਂ ਮੁਸਕੁਰਾ ਕੇ ਪੀ ਲਵੇਗੀ ਜ਼ਹਿਰ ਵੀ ਰੇਨੂ
ਬਸ਼ਰਤੇ ਇਸ 'ਚ ਤੇਰੇ ਪਿਆਰ ਦੀ ਇਕ ਬੂੰਦ ਰਲ ਜਾਵੇ

No comments: