ਆਪਣੇ ਵਿਚਲੇ ਰੁੱਖ ਦੀ ਛਾਵੇਂ...
ਨਜ਼ਮਆਪਣੇ ਵਿਚਲੇ ਰੁੱਖ ਦੀ ਛਾਵੇਂ
ਜਦ ਕਦੀ ਵੀ ਬੈਠਾ ਹਾਂ
ਤਪ ਗਿਆ ਹਾਂ
ਕਿੰਨਾ ਜੀਵਨ
ਇਸ ਦੇਹੀ ਵਿਚ ਵਸ ਰਿਹਾ ਹੈ
ਮੇਰਾ ਆਪਾ
ਵਿਚਲੇ ਪਿੱਛੇ, ਨੱਸ ਰਿਹਾ ਹੈ
ਮੇਰਾ ਵਿਚਲਾ, ਅੱਖੀਆਂ ਸਾਹਵੇਂ
ਪਰਛਾਵੇਂ ਦੀ ਅਸਲੀਅਤ
ਵਿਚ ਵਸ ਰਿਹਾ ਹੈ
ਪਰਛਾਵਾਂ ਜੇ ਮੁੱਠ ‘ਚ ਫੜਦਾਂ
ਆਪਣੇ ਅਸਤਿੱਤਵ ਤੋਂ ਡਰਦਾਂ
ਮੋਮ ਵਾਂਗ ਇਹ ਢਲ਼ ਨਾ ਜਾਵੇ
ਪਰਛਾਵੇਂ ਵਿਚ ਰਲ਼ ਨਾ ਜਾਵੇ
ਆਪਣੀ ਹੋਂਦ ਗੁਆ ਨਾ ਬੈਠਾਂ
ਚੇਤਨ-ਬੁੱਧ ਦੀ ਜਗਦੀ ਜੋਤੀ
ਮਨ ਚੰਚਲਤਾ ਦੇ ਭਰਮਾਇਆਂ
ਆਪਣੇ ਆਪ ਬੁਝਾ ਨਾ ਬੈਠਾਂ
ਉੱਠ ਮਨਾ!
ਤੂੰ ਜੀਵਨ ਦੀ ਅਭਟਕਣ
ਤੋਂ ਕੀ ਲੈਣਾ ਹੈ
ਛਾਵਾਂ ਦੇ ਮੋਹ
ਧੁੱਪ ਦੀ ਉਮਰੇ ਕੌਣ ਹੰਢਾਉਂਦੈ?
ਤਪਦੇ ਥਲ ਦੇ ਲੰਬੇ ਪੈਂਡੇ
ਸਾਗ਼ਰ ਤਰ ਕੇ ਕੌਣ ਮੁਕਾਉਂਦੈ?
ਕੰਪਿਊਟਰ
ਆਲਸ ‘ਤੇ ਥੁੱਕਦੈ
ਕੰਪਿਊਟਰ ਦਾ ਸਿਰਜਣਹਾਰਾ
ਤੱਕ ਕੇ ਛਾਵਾਂ ਨੂੰ ਕਦ ਰੁਕਦੈ?
ਕ਼ਬਰਾਂ ਦੀ ਖ਼ਾਮੋਸ਼ੀ ਅੰਦਰ
ਕਿਹੜਾ ਸੁੱਖ ਹੈ
ਕ਼ਬਰਾਂ ਦੀ ਮਿੱਟੀ ਸੰਗ
ਕਿਸ ਨੇ ਘਰ ਲਿੱਪਿਆ ਹੈ
ਜ਼ਿੰਦਗੀ ਸੋਧ-ਮਈ
ਇਕ ਵੇਗ ਦਾ ਨਾਂ ਹੈ
ਗੁੰਗੀ ਜੀਭਾ ਕੀ ਬੋਲੇਗੀ
ਮਨ ਦੇ ਘੋੜੇ ‘ਤੇ ਬਹਿ ਕਿਧਰੇ
ਜੀਭਾ ‘ਤੇ ਚੁੱਪ ਧਰ ਨਾ ਬੈਠੀਂ
ਭਟਕਣ ਹੱਥੋਂ ਛੱਡ ਨਾ ਬੈਠੀਂ
ਅਭਟਕਣ ਨੂੰ ਫੜ ਨਾ ਬੈਠੀਂ
ਹਵਾ ਹਮੇਸ਼ਾ ਵਗਦੀ ਹੈ
ਦਰਿਆ ਕਦੇ ਖੜ੍ਹਿਆ ਹੈ ਦੱਸ ਖਾਂ?
ਸੂਰਜ ਨੇ ਕਦ ਤਲ਼ੀ ‘ਤੇ ਦੀਵਾ ਧਰਿਐ ਦੱਸ ਖਾਂ?
ਪਾਟੀ ਸੋਚ ‘ਤੇ ਟਾਕੀ ਲਾ ਕੇ
ਸ਼ੀਸ਼ਾ ਮੇਰੇ ਆਪੇ ਉੱਤੇ ਹੱਸ ਰਿਹਾ ਹੈ
ਕੁੱਲੀ, ਗੁੱਲੀ, ਜੁੱਲੀ ਦੀ ਗੱਲ ਦੱਸ ਰਿਹਾ ਹੈ
ਪੈਰਾਂ ਵਿਚਲੀ ਆਹਟ
ਤਰਲੋ-ਮੱਛੀ ਹੋ ਰਹੀ ਹੈ
ਜ਼ਿੰਦਗੀ ਦੇ ਇਕ ਮੋਏ ਪਲ ‘ਤੇ ਰੋ ਰਹੀ ਹੈ
ਇਸ ਰੁੱਖ ਹੇਠਾਂ
ਦੂਜਾ ਸਾਹ ਜੇ ਤੂੰ ਭਰਿਆ
ਸਮਝ ਲਵੀਂ ਫਿਰ
ਆਪਣੀ ਮੌਤੇ ਆਪੇ ਮਰਿਆ
ਉੱਠ ਮਨਾ!
ਛਾਵਾਂ ਦੇ ਮੋਹ
ਧੁੱਪ ਦੀ ਉਮਰੇ ਕੌਣ ਹੰਢਾਉਂਦੈ
ਤਪਦੇ ਥਲ ਦੇ ਲੰਬੇ ਪੈਂਡੇ
ਸਾਗ਼ਰ ਤਰ ਕੇ ਕੌਣ ਮੁਕਾਉਂਦੈ
=====
ਭਾਰਤ-ਪਾਕਿ
ਨਜ਼ਮ
ਮੇਰੇ ਮਸਤਕ ‘ਚ
ਅਜੇ ਵੀ ਸੜ ਰਿਹਾ
ਮੇਰਾ ਲਹੂ
ਤੇਰੇ ਮਸਤਕ ‘ਚ
ਭੁੱਲ ਗਈ ਲੱਗੇ
ਥਲਾਂ ਦੀ ਵਗਦੀ ਅੱਗ....
ਤੂੰ ਧਰ ਕੇ
ਸਾਗ਼ਰ ਤਲ਼ੀ ਮੇਰੀ
ਮੇਰੇ ਤੋਂ ਇੰਝ ਵਿਦਾ ਹੋਈ
ਸੜਦੀ ਅੱਗ ਥਲ਼ਾਂ ਦੀ ਜਿਉਂ
ਦੇਹ ‘ਚੋਂ ਗੁਜ਼ਰ ਗਈ
ਮੈਂ ਰੌਣਕ ਸਾਂ
ਸਿਰ ਤੋਂ ਤਲ਼ੀਆਂ ਤਕ
ਤੂੰ ਫੇਰੀ ਨਜ਼ਰ ਕੀ ਸੱਜਣ
ਉਦਾਸੀ...
ਛੱਤ ਦੇ ਰਾਹੀਂ
ਵਿਹੜੇ ‘ਚ ਉੱਤਰ ਗਈ
ਉਸ ਹਨੇਰੀ ਨੂੰ
ਬੜੇ ਹੀ ਔਲ਼ਿਆਂ ਦੇ
ਰੁੱਖ ਰੋਏ ਸਨ
ਫ਼ਸਲ ਕੁੱਖ ਤਕ
ਜਿਨ੍ਹਾਂ ਦੀ ਸੁਬਾਹ ਝੜ ਗਈ
ਹੁਣ ਵੀ ਜ਼ਾਮਨ ਹੈ
ਸਤਲੁਜ ਦਾ ਕੰਢਾ
ਮੌਤ ਦਾ ਸਾਗ਼ਰ ਸੀ
ਜ਼ਿੰਦਗੀ ਤਰ ਗਈ
ਲਾਲ ਸੂਹੇ ਹੋ ਗਏ ਰੁੱਖਾਂ ਦੇ ਪੱਤਰ
ਖ਼ੂਨ ਦੀ ਰੰਗਤ ਜਿੱਧਰ ਵੀ ਗਈ
ਇਕ ਫ਼ਾਸਲਾ ਸੀ
ਤਹਿ ਕਰਨਾ ਨੰਗੇ ਪੈਰੀਂ ਅਸੀਂ
ਬਗਲਿਆਂ ਦੀ ਜੁੰਡਲੀ
ਅੰਗਿਆਰ ਰਾਹਾਂ ‘ਚ
ਨਜ਼ਰ ‘ਚ ਕੰਡੇ ਧਰ ਗਈ
ਆਪਣੇ ਦਰਮਿਆਨ ਅਸਾਂ
ਕਾਗ਼ਜ਼ੀ ਦੀਵਾਰ ਚਿਣ ਲਈ
ਕਿ...
ਛਾਂ ਤੇਰੇ ਪਲਕਾਂ ਦੀ
ਮੇਰੀ ਧੁੱਪ ਦੇ ਟੋਟੇ ਨੂੰ ਤਰਸ ਗਈ
ਮਹਿਫ਼ਲਾਂ ਸਨ
ਜਿਨ੍ਹਾਂ ਪਿੱਪਲਾਂ ਹੇਠ ਮਿੱਤਰਾਂ ਦੀਆਂ
ਕੰਧ ਤੋਂ ਝਾਕਾਂ
ਇਕ ਇਕ ਪੈਰ ‘ਤੇ
ਬਸਤੀ ਹੈ ਚੌਂਕੀਆਂ ਦੀ ਬਣ ਗਈ
ਸਲਮਾ!
ਮੈਂ...
ਤੇਰਾ ਪਥਰਾਅ ਗਿਆ
ਉਹ ਚੰਨ ਹਾਂ
ਚਾਨਣੀ ਜਿਸ ਦੀ
ਮੁੱਦਤਾਂ ਤੋਂ ਬੁਝ ਗਈ ਹਨੇਰਾ ਕਰ ਗਈ
ਸਲਮਾ! ਤੂੰ ਸੁਣਾ...
ਤੇਰੀ ਗੱਲ੍ਹ ਦਾ ਤਿਲ ਹੈ ਕਿਹੋ ਜਿਹਾ
ਰੰਗ ਤੇਰਾ ਹੁਣ ਵੀ ਹੈ
ਕੰਧ ਪਿੱਛੇ ਉੱਗੇ
ਕਸ਼ਮੀਰੀ ਸਿਉ ਜਿਹਾ
ਸਲਮਾ! ਹੁਣ ਵੀ
ਉਸ ਅੰਬ ਦੀਆਂ ਨੇ ਖੱਟੀਆਂ ਅੰਬੀਆਂ
ਜੋ ਪੀਪਣੀ ‘ਚੋਂ
ਬੋਲਦਾ ਸੀ ਮਾਖਿਉਂ ਜਿਹਾ
ਸਲਮਾ! ਈਦ ਹੈ ਅੱਜ
ਆਪਣੀਆਂ ਬਾਹਾਂ ‘ਚ
ਆਪਣੇ-ਆਪ ਨੂੰ ਮੈਂ ਘੁੱਟ ਲਿਆ ਹੈ
ਕੰਧ ‘ਤੇ ਆਪਣੇ ਪਰਛਾਵੇਂ ਨੂੰ
ਆਪੇ ਚੁੰਮ ਲਿਆ ਹੈ
ਜਲ ਦੇ ਛੰਨੇ ‘ਚ ਆਪਣੇ ਆਪ ਨੂੰ
ਈਦ ਮੁਬਾਰਕ਼ ਆਖ ਲਈ ਏ
ਤੇ ਚੁੱਲ੍ਹੇ ‘ਤੇ ਧੁਖ ਰਹੀ
ਗਿੱਲੀ ਲਗਰ ਤੂਤ ਦੀ
ਸੁਣ ਰਹੀ ਏਂ....
ਤੂੰ ਹੀ ਤੂੰ ਅਲਾਪ ਰਹੀ ਹੈ....
ਤੂੰ ਹੀ ਤੂੰ ਅਲਾਪ ਰਹੀ ਹੈ....
ਮੇਰੇ ਮਸਤਕ ‘ਚ
ਅਜੇ ਵੀ ਸੜ ਰਿਹਾ ਮੇਰਾ ਲਹੂ
ਤੇਰੇ ਮਸਤਕ ‘ਚ
ਭੁੱਲ ਗਈ ਲੱਗੇ
ਥਲਾਂ ਦੀ ਵਗਦੀ ਅੱਗ....
No comments:
Post a Comment