ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, March 1, 2013

ਆਰਸੀ ‘ਤੇ ਖ਼ੁਸ਼ਆਮਦੇਦ – ਜਨਾਬ ਡਾ: ਰਵਿੰਦਰ ਜੀ - ਨਜ਼ਮਾਂ - ਭਾਗ ਤੀਜਾ



ਖ਼ਤ ਬਨਾਮ ਮੋਬਾਇਲ ਸੁਨੇਹੇ
ਨਜ਼ਮ
ਇਹ ਖ਼ਤ ਤੈਨੂੰ ਲਿਖਣ ਲੱਗਿਆਂ
ਪਤਾ ਨਹੀਂ ਉਹ ਕਿੰਨੀ ਵਾਰੀ
ਆਪਣੇ ਅੰਦਰ ਡੁੱਬੀ ਹੋਵੇ
ਕਿੰਨੀ ਵਾਰੀ
ਜਾਗਦੀਆਂ ਅੱਖਾਂ ਵਿਚ
ਸੁਪਨਾ ਸੁਪਨਾ ਹੋਈ ਹੋਵੇ
ਕਿੰਨੀ ਵਾਰ
ਧੋ ਉਂਗਲਾਂ ਦੇ ਪੋਟੇ
ਇਕ ਇਕ ਸ਼ਬਦ ਨੂੰ ਚੁੰਮਿਆ ਹੋਵੇ
ਕਿੰਨੀ ਦੇਰ
ਲਿਫ਼ਾਫ਼ਾ ਚੁਣਨ ਚ ਲਾਈ ਹੋਵੇ
ਮੋਹਰਾਂ ਡਾਕਖ਼ਾਨੇ ਦੀਆਂ
ਵਾਂਗ ਹਥੌੜੇ ਵੱਜਣ
ਚੂਰ ਚੂਰ ਨਾ ਹੋ ਜਾਵਣ ਅਹਿਸਾਸ ਮੇਰੇ
ਤਰਲੇ ਮਾਰੇ ਹੋਣੇ ਨੇ ਹਰਕਾਰੇ ਦੇ
ਪਲ ਪਲ ਸਾਹ ਸਾਹ ਨਾਲ ਪਿਰੋ ਕੇ
ਤੇਰੇ ਤੱਕ ਖ਼ਤ
ਸੁੱਖੀ ਸਾਂਦੀ ਅੱਪੜਣ ਲਈ
ਕਿੰਨੀਆਂ ਸੁੱਖਣਾਂ ਸੁੱਖੀਆਂ ਹੋਵਣ

 ਖ਼ਤ ਆਉਂਦੇ ਤਾਂ
ਲਿਖਣ ਵਾਲ਼ੇ ਦਾ
ਕਈ ਕੁਝ ਨਾਲ਼ ਲਿਆਉਂਦੇ
ਉਸਦੇ ਹੱਥਾਂ ਸਾਹਾਂ ਬੁੱਲ੍ਹਾਂ ਦੀ ਖ਼ੁਸ਼ਬੋ
ਉਹਦੇ ਸੰਸੇ ਖ਼ੁਸ਼ੀਆਂ ਅਣਬੋਲੇ ਅਹਿਸਾਸ
ਉਹਦੇ ਵੇਖੇ ਤੇ ਅਣਵੇਖੇ ਸੁਪਨੇ
ਏਸ ਜਨਮ ਚ ਨਾ ਸਹੀ
ਅਗਲੇ ਜਨਮ
ਮਹਿਬੂਬਾ ਦਾ ਧਰਮ ਨਿਭਾਉਣ ਦੇ ਇਕਰਾਰ

 ਸਾਂਭ ਸਾਂਭ ਕੇ ਰੱਖੇ ਖ਼ਤ
ਸਰਮਾਇਆ ਬਣਦੇ
ਭਾਵੇਂ ਪੁਰਜ਼ਾ ਪੁਰਜ਼ਾ ਕਰਕੇ
ਰਾਖ਼ ਉਹਨਾਂ ਦੀ
ਤੇਜ਼ ਹਵਾਵਾਂ ਵਿਚ ਉਡਾਈਏ
ਵਹਿੰਦੀ ਨਦੀ ਦੀ ਝੋਲ਼ੀ ਪਾਈਏ
ਮਹਿਕ ਉਹਨਾਂ ਦੀ
ਫਿਰ ਵੀ ਫ਼ੈਲੀ ਰਹੇ ਚੁਫ਼ੇਰੇ

 ਪਰ ਮੋਬਾਇਲ ਸੁਨੇਹੇ
ਇਕ ਪੋਟੇ ਦੀ ਛੁਹ ਨਾਲ਼
ਬੇਗ਼ਾਨੀ ਲਿਪੀ ਵਿਚ
ਰੁੱਖੀਆਂ ਸਤਰਾਂ ਬਣਦੇ
ਕਿਸੇ ਹੋਰ ਦੇ
ਕਿਸੇ ਹੋਰ ਨਾਂ ਲਿਖੇ ਸੁਨੇਹੇ 
ਕਿਸੇ ਹੋਰ ਨੂੰ ਭੇਜੇ ਜਾਂਦੇ
ਨਾ ਕੋਈ ਚਿੰਤਾ ਪਹੁੰਚਣ ਦੀ
ਨਾ ਕੋਈ ਉਡੀਕ
ਨਾ ਕੋਈ ਛੁਹ
ਨਾ ਮਹਿਕ, ਭੁਲੇਖਾ ਕੋਲ਼ ਹੋਣ ਦਾ
ਇੱਕੋ ਪੋਟਾ ਛੂੰਹਦੇ
ਸਭ ਕੁਝ ਪੂੰਝਿਆ ਜਾਵੇ
ਅਣਦਿਸਦੀ ਰੱਦੀ ਦੇ ਡੱਬੇ ਵਿਚ ਪੈ ਜਾਵੇ
ਨਾ ਕੋਈ ਕਾਗ਼ਜ਼ ਪੁਰਜਾ ਪੁਰਜਾ
ਨਾ ਕੋਈ ਜਲ਼ੇ ਹੋਏ ਸ਼ਬਦਾਂ ਦੀ ਰਾਖ਼ ਬਚੇ

 ਖ਼ਤ ਤਾਂ ਹੋਣ ਕਬੂਤਰ ਬੀਬੇ
ਬਹਿਣ ਬਨੇਰੇ ਦਿਲ ਦੇ
ਚੁੰਮੀਏ ਲਾਡ ਲਡਾਈਏ
ਵੇਖ ਵੇਖ ਨਾ ਰੱਜੀਏ
ਇਹ ਮਸ਼ੀਨੀ ਸੁੱਖ ਸੁਨੇਹੇ
ਧੜਕਣ ਜਿਉਂ ਮਸਨੂਈ ਦਿਲ ਦੀ
ਆਪਣੇ ਅੰਦਰ ਹੁੰਦੀ ਵੀ ਬੇਗ਼ਾਨੀ ਲੱਗੇ
ਕਿਸੇ ਹੋਰ ਨਾਲ਼
ਉੱਧਲ ਗਈ ਮਹਿਬੂਬ ਜਿਹੀ
=====
ਸਾਡੇ ਪਿਤਰ
ਨਜ਼ਮ
ਜੰਗਲ ਨੂੰ ਅੱਗ ਲੱਗੀ ਤਾਂ
ਕਈ ਖੜ੍ਹੇ ਖੜੋਤੇ
ਰੁੱਖ ਸੜੇ
ਝੁਲ਼ਸੇ ਪੱਤੇ ਫੁੱਲ ਝੜੇ
ਸਦੀਆਂ ਤੋਂ ਪੌਣਾਂ ਦੇ ਬੋਲ
ਲਗਰਾਂ ਪੱਤਿਆਂ ਦੇ  ਸਾਜ਼ਾਂ ਤੇ ਗਾਉਂਦੇ
ਸੜੇ ਸਾਜ਼ਿੰਦੇ
ਯੁਗਾਂ ਯੁਗਾਂ ਤੋਂ ਬਣਦੇ ਆਏ
ਬੱਚਿਆਂ ਲਈ ਗਡੀਰੇ ਗੁੱਲੀ ਡੰਡੇ
ਤਖ਼ਤੀ ਕਾਗ਼ਜ਼ ਕ਼ਲਮ ਕਿਤਾਬਾਂ
ਛੱਤਾਂ ਲਈ ਬਾਲੇ ਸ਼ਤੀਰ
ਬੂਹੇ ਬਾਰੀਆਂ ਕੁਰਸੀ ਮੰਜੇ
ਗੱਡੇ ਹਲ਼ ਪੰਜਾਲੀ
ਗੱਭਰੂਆਂ ਲਈ ਡਾਗਾਂ ਟਕੂਏ
ਬਿਰਧਾਂ ਲਈ ਡੰਗੋਰੀ
ਮਾਂ ਦੇ ਦਾਜ ਦਾ ਪਲੰਘ ਸੰਦੂਕ
ਦਾਦੀ ਲਈ ਮਧਾਣੀ ਚਰਖ਼ਾ
ਦਾਦੇ ਦੇ ਕੇਸਾਂ ਲਈ ਕੰਘਾ

ਖੜ੍ਹੇ ਖੜੋਤੇ
ਝੁਲ਼ਸ ਗਏ ਬਜ਼ੁਰਗ ਅਸਾਡੇ
ਅਜੇ ਤਾਂ ਉਹਨਾਂ
ਸਾਡੇ ਨਾਲ਼ ਸਫ਼ਰ ਤੇ
ਆਖ਼ਰ ਤੱਕ ਜਾਣਾ ਸੀ
ਸਾਨੂੰ ਆਪਣੀ ਸੇਜ ਲਿਟਾ ਕੇ
ਸੋਨਾ ਢਾਲ਼ ਕੇ ਕੁੰਦਨ ਕਰਕੇ
ਸਾਡੇ ਤਨ ਨਾਲ ਇਕ ਮਿਕ ਹੋ ਕੇ
ਰਾਖ਼ ਦਾ ਰੂਪ ਵਟਾਉਣਾ ਸੀ
ਪੋਟਲੀਆਂ ਵਿਚ ਪੈ ਕੇ
ਸਾਡੇ ਫੁੱਲਾਂ ਦੇ ਸੰਗ
ਨਦੀਏ ਤੈਰਨ ਜਾਣਾ ਸੀ

 ਉਹਨਾਂ ਦਾ ਕੋਈ ਵਾਰਸ
ਕੋਈ ਚਿਖ਼ਾ ਨਹੀਂ
ਆਪਣੇ ਤਨ ਨੂੰ ਲਾਂਬੂ ਲਾ ਕੇ
ਆਪਣਾ ਖ਼ੁਦ ਕਰਦੇ ਸੰਸਕਾਰ
ਨਾ ਕੋਈ ਕਿਰਿਆ ਕਰਮ
ਨਾ ਕੋਈ ਭੋਗ ਰਸਮ
ਬਾਬਾਣੀਆਂ ਕਹਾਣੀਆਂ
ਨਾ ਕੋਈ ਪੁੱਤ ਸਪੁੱਤ ਕਰਾਵੇ

ਇੰਝ ਹੀ ਅਗਨੀ ਭੇਟ ਹੋਣ
ਮਿੱਟੀ ਦੇ ਜਾਏ
ਮਿੱਟੀ ਵਿਚ ਮਿੱਟੀ ਹੋ ਰਲ਼ਦੇ
ਪਿਤਰ ਅਸਾਡੇ

No comments: