ਮੁਰਦਿਆਂ ਦੀ ਉਡੀਕ
ਨਜ਼ਮ
ਬਹੁਤ ਡਰ ਆਉਂਦਾ ਹੈ
ਮੁਰਦਾਘਰ ਦੀ ਇਕੱਲ ਤੋਂ
ਵੈਸੇ ਬਹੁਤ ਨੇ ਏਥੇ ਆਪਣੇ ਜਿਹੇ
ਬਕਸਿਆਂ ‘ਚ ਬੰਦ ਕਰਦੇ ਉਡੀਕ
ਆਖ਼ਰੀ ਦਰਸ਼ਨ ਲਈ ਆ ਰਹੇ
ਜੀ ਜਾਨ ਤੋਂ ਪਿਆਰੇ ਰਿਸ਼ਤਿਆਂ ਦੀ
ਉਡੀਕ ਤਾਂ ਬੰਦੇ ਨੂੰ
ਜਿਉਂਦਿਆਂ ਮਾਰ ਸੁੱਟੇ
ਮੁਰਦਿਆਂ ਦੀ ਉਡੀਕ ਤਾਂ
ਸਚਮੁੱਚ ਬੜੀ ਭਿਆਨਕ
ਨਾ ਬੋਲ ਹੋਏ
ਨਾ ਰੋਇਆ ਚੀਕਿਆ ਜਾਵੇ
ਨਾ ਡਰ ਦਾ ਪਰਛਾਵਾਂ ਚਿਹਰੇ ‘ਤੇ
ਨਾ ਮਿਲਣ ਦੀ ਤੜਪ ਕੋਈ
ਬੜਾ ਚੰਗਾ ਹੈ
ਬੋਟ ਆਲ੍ਹਣੇ ਚੋਂ ਨਿੱਕਲ਼
ਉੱਡਣ ਆਪਣੇ ਅਸਮਾਨ ਵਿਚ
ਘਰ ਆਲ੍ਹਣੇ ਬਣਾਉਣ
ਕਿਸੇ ਧਰਤੀ ਕਿਸੇ ਵੀ ਰੁੱਖ ‘ਤੇ
ਕਦੀ ਨਾ ਮੁੜਨ ਬੇਸ਼ਕ ਘਰਾਂ ਨੂੰ
ਸਾਨੂੰ ਵੀ ਤਾਂ ਖੁੱਲ੍ਹ ਹੋਵੇ
ਮਨ ਮਰਜ਼ੀ ਨਾਲ ਮਰਨ ਦੀ
ਬਿਨਾਂ ਕਿਸੇ ਰਸਮ ਦੇ ਤੁਰ ਜਾਣ ਦੀ
ਬਿਨਾਂ ਅਹਿਸਾਨ ਚੁੱਕਿਆਂ
ਤੁਖ਼ਮਾਂ ਵਾਰਸਾਂ ਦਾ
ਚਿਖ਼ਾ ਨੂੰ ਦਾਗ਼ ਦੇਣ ਲਈ
ਜੇ ਬੋਟ ਰਹਿ ਨਾ ਸੱਕਣ ਆਲ੍ਹਣੇ ‘ਚ
ਜੇ ਪੰਛੀ ਭਾਲ਼ਦੇ
ਉੱਡਣ ਲਈ ਵੱਖਰਾ ਅਕਾਸ਼
ਸਿਵੇ ਦੀ ਅੱਗ ਵੀ
ਫਿਰ ਕਿਉਂ ਉਡੀਕੇ
ਖ਼ਾਨਦਾਨ ਦੇ ਚਿਰਾਗ਼ ਹੱਥੋਂ ਅੰਤਿਮ ਸੰਸਕਾਰ
ਕਿਉਂ ਰਾਹ ਵੇਖਣ ਬੇਜਾਨ ਜਿਸਮ
ਹਰੀਆਂ ਵਾਦੀਆਂ ‘ਚ ਚਰਦੇ ਘੋੜਿਆਂ ਦਾ
ਖੁੱਲ੍ਹੇ ਅਸਮਾਨ ‘ਚ
ਲੁੱਡੀਆਂ ਮਾਰਦੇ ਕਬੂਤਰਾਂ ਦਾ
ਜੇ ਜਿਉਂਦੇ ਜਾਗਦੇ
ਨਾ ਆਸ ਰੱਖੀ ਕਿਸੇ ‘ਤੇ
ਤਾਂ ਹੁਣ ਕਿਉਂ
ਰਿਸ਼ਤਿਆਂ ਦੀ ਡੋਰ
ਪ੍ਰਵਾਸੀ ਪੰਛੀਆਂ ਦੇ ਪੈਰੀਂ ਬੰਨ੍ਹੀਏ
ਉਂਝ ਹੈ ਤਾਂ ਬੜਾ ਔਖਾ
ਮੁਰਦਾ ਘਰ ਦੇ ਯਖ਼ ਦਰਾਜ਼ਾਂ ‘ਚੋਂ
ਰਿਸ਼ਤਿਆਂ ਦਾ ਨਿੱਘ ਲੱਭਣਾ
ਚਿਖ਼ਾ ਨੂੰ ਅੱਗ ਵਿਖਾਉਣ ਲਈ
ਪ੍ਰਦੇਸੀ ਮੁਆਤਿਆਂ ਦੀ ਉਡੀਕ ਕਰਨਾ
====
ਸਮੁੰਦਰ ਕੰਢੇ
====
ਸਮੁੰਦਰ ਕੰਢੇ
ਨਜ਼ਮ
ਖੜ੍ਹਾ ਹਾਂ ਸਮੁੰਦਰ ਕੰਢੇ
ਠੰਡੀ ਰੇਤ ਉੱਤੇ
ਨੰਗੇ ਪੈਰੀਂ
ਲਹਿਰ ਆਉਂਦੀ
ਥੋੜ੍ਹਾ ਜਿਹਾ ਡੋਬ ਕੇ ਪਰਤ ਜਾਂਦੀ
ਹਰ ਵਾਰ ਲੱਗੇ
ਪੈਰਾਂ ਹੇਠਲੀ ਜ਼ਮੀਨ ਖਿਸਕੇ
ਪੈਰ ਤਿਲ੍ਹਕਦੇ
ਫਿਰ ਅਗਲੀ ਲਹਿਰ ਉਡੀਕਦਾ
ਪੈਰਾਂ ਹੇਠ
ਖੁਰਦੀ ਜ਼ਮੀਨ ਮਹਿਸੂਸਦਾ
ਲਹਿਰਾਂ ‘ਚ ਘੁਲ਼ ਘੁਲ਼ ਜਾਂਦਾ
ਤੂੰ ਜਿੰਨੀ ਵਾਰ ਆਉਂਦੀ
ਮੇਰਾ ਕੁਝ ਨਾ ਕੁਝ
ਖੋਰ ਲੈ ਜਾਂਦੀ
ਫਿਰ ਵੀ ਤੇਰੀ ਹਰ ਮਿਲ਼ਣੀ ਉਡੀਕਦਾ
ਹਰ ਵਾਰ ਥੋੜ੍ਹਾ ਜਿਹਾ ਹੋਰ
ਤੇਰੇ ਹੱਥੋਂ ਖੁਰ ਜਾਂਦਾ
ਥੋੜ੍ਹਾ ਜਿਹਾ ਹੋਰ
ਤੇਰੇ ਵਿਚ ਘੁਲ਼ ਜਾਂਦਾ
ਆਪੋ ਆਪਣੇ
ਦਾਇਰਿਆਂ ‘ਚ ਸਿਮਟ
ਆਪੋ ਆਪਣੇ
ਘਰ ਵਾਪਸ ਆ ਕੇ
ਤੂੰ ਫੇਰ
ਲਹਿਰ ਲਹਿਰ ਸਮੁੰਦਰ....
ਮੈਂ ਫੇਰ
ਕਿਨਾਰੇ ਖੜ੍ਹਾ
ਉਡੀਕ.... ਉਡੀਕ....
======
ਅਣਲਿਖੀਆਂ ਕਵਿਤਾਵਾਂ
======
ਅਣਲਿਖੀਆਂ ਕਵਿਤਾਵਾਂ
ਨਜ਼ਮ
ਕਿੱਥੇ ਰਹਿ ਜਾਂਦੀਆਂ ਨੇ ਕਵਿਤਾਵਾਂ
ਜੋ ਅਸੀਂ
ਤੁਰਦੇ ਫਿਰਦੇ
ਬੱਸਾਂ ‘ਚ ਸਫ਼ਰ ਕਰਦੇ
ਸੋਚਦੇ ਹਾਂ ਲਿਖਣ ਲਈ
ਫਿਰ ਕੋਈ ਹੋਰ
ਜ਼ਰੂਰੀ ਕੰਮ ਯਾਦ ਆਉਣ ਕਾਰਨ
ਉੱਠ ਪੈਂਦੇ ਹਾਂ
ਅਧੂਰੀਆਂ
ਅੱਗੋਂ ਪਿੱਛੋਂ ਖੁੱਲ੍ਹੀਆਂ ਛੱਡ ਕੇ
ਜੋ ਏਨੀਆਂ ਧੱਕੜ ਹੁੰਦੀਆਂ ਨੇ
ਸਾਡੇ ‘ਚ
ਉਹਨਾਂ ਨਾਲ਼
ਤੋੜ ਨਿਭਣ ਦੀ ਹਿੰਮਤ ਨਹੀਂ ਹੁੰਦੀ
ਜੋ ਅਣਘੜਤ ਮਿੱਟੀ
ਅਲਕ ਵਛੇਰੀਆਂ
ਅਣਛੋਹ ਮੁਟਿਆਰਾਂ ਵਾਂਗ
ਹੱਥ ਛੁਡਾ ਕੇ
‘ਫਿਰ ਕਦੀ ਸਹੀ’ ਆਖ
ਖਿਸਕ ਜਾਂਦੀਆਂ
ਦੂਰੋਂ ਕਾਗਜ਼ਾਂ ‘ਤੇ ਲਿਟੀਆਂ ਮਚਲਦੀਆਂ
ਸਾਡਾ ਮੂੰਹ ਚਿੜ੍ਹਾਉਂਦੀਆਂ
‘ਵਿਚਾਰਾ ਸਾਬਕਾ ਕਵੀ’
ਕਹਿ ਕੇ ਛੇੜਦੀਆਂ
ਬੜਾ ਔਖਾ ਹੈ
ਇਹਨਾਂ ਨੂੰ ਕਾਬੂ ਕਰਨਾ
ਇਹਨਾਂ ਨਾਲ ਅਖ਼ੀਰ ਤੱਕ ਜਾਣਾ
ਇਹ ਸੋਚ ਕੇ
ਸੁੱਟ ਦੇਂਦਾ ਕਵੀ
ਕਾਗ਼ਜ਼ ਪੁਰਜ਼ਾ ਪੁਰਜ਼ਾ ਕਰਕੇ
ਕਦੀ ਤਾਂ ਗੇੜ ‘ਚ ਆਉਣਗੀਆਂ
ਮੇਰੇ ਸ਼ਬਦਾਂ ਮੇਰੀ ਕ਼ਲਮ ਦੇ
ਉਹ ਹੱਸਦੀਆਂ ਨੇ ਦੂਰੋਂ
ਕਵੀ ਦੀ ਕਲਪਨਾ ਨੂੰ ਲਲਕਾਰਦੀਆਂ
ਉਹਦੇ ਸ਼ਬਦਾਂ ਦੇ
ਖ਼ਾਲੀ ਖ਼ਜ਼ਾਨੇ ਨੂੰ ਤਰਸ ਨਾਲ਼ ਵਿਹੰਦੀਆਂ
ਉਹਦੇ ਸ਼ਿਲਪ ਦੀ ਚਲਾਕੀ ਤਾੜਦੀਆਂ
ਉਹ ਉਹਦੇ ਕੋਲ਼
ਉਦੋਂ ਆਉਣ ਦਾ ਇਕ਼ਰਾਰ ਕਰਦੀਆਂ
ਜਦੋਂ ਉਹ ਬਿਨਾਂ ਕਿਸੇ ਲੋਭ ਸਵਾਰਥ
ਇਨਾਮ ਸਨਮਾਨ ਦੀ ਲਾਲਸਾ ਤੋਂ
ਆਪਣੇ ਅੰਦਰੋਂ
ਉਹਨਾਂ ਨੂੰ ‘ਵਾਜ ਮਾਰੇਗਾ
ਕੋਲ਼ ਬਹਿਣ ਲਈ ਆਖੇਗਾ
ਆਪਣੀ ਕ਼ਲਮ
ਉਹਨਾਂ ਹੱਥ ਫੜਾ
ਸ਼ਬਦ ਉਹਨਾਂ ਦੀ ਝੋਲੀ ਪਾ
ਜਿੱਥੇ ਮਰਜ਼ੀ ਲੈ ਜਾਣ ਲਈ
ਆਪਣਾ ਆਪ
ਉਹਨਾਂ ਹਵਾਲੇ ਕਰ ਦਏਗਾ
======
ਬਰਫ਼ੀਲਾ ਖ਼ੰਜਰ
======
ਬਰਫ਼ੀਲਾ ਖ਼ੰਜਰ
ਨਜ਼ਮ
ਤੂੰ ਕਿੰਨਾ
ਬਦਲ ਬਦਲ ਜਾਂਦੀ ਏਂ
ਪਲ ਪਲ
ਪਹਾੜੀ ਮੀਂਹ ਦੀਆਂ ਕਣੀਆਂ
ਵਿਹੰਦਿਆਂ ਵਿਹੰਦਿਆਂ
ਨਿੱਕੇ ਨਿੱਕੇ
ਬਰਫ਼ ਦੇ ਗੋਹੜੇ ਬਣਦੀਆਂ
ਨਿੱਘੀ ਨਿੱਘੀ ਬਰਫ਼
ਛੂਹਣ ਨੂੰ
ਚੁੰਮਣ ਨੂੰ
ਅੱਖਾਂ ‘ਤੇ ਲਾਉਣ
ਨੂੰ
ਹੱਥਾਂ ‘ਚ ਘੁੱਟਣ ਨੂੰ ਜੀਅ ਕਰਦਾ
ਹੌਲ਼ੀ ਹੌਲ਼ੀ ਤੂੰ ਸਖ਼ਤ ਹੁੰਦੀ
ਤਿਲ੍ਹਕਵੀਂ ਪਗਡੰਡੀ ਬਣਦੀ
ਛੱਤਾਂ ਤੋਂ ਲਮਕਦੀ
ਪਾਰਦਰਸ਼ੀ ਬਰਫ਼ ਦੀ ਛੁਰੀ ਬਣਦੀ
ਡਰ ਆਉਂਦਾ ਤੇਰੇ ਨੇੜੇ ਜਾਦਿਆਂ
ਕਿੰਨਾ ਬਦਲ ਬਦਲ ਜਾਂਦੀ ਤੂੰ
ਪਲ ਪਲ
ਮੀਂਹ ਦੀਆਂ ਮਾਸੂਮ ਕਣੀਆਂ ਤੋਂ
ਗ਼ੁਸੈਲ ਬਰਫ਼ੀਲੇ ਖ਼ੰਜਰ ਤੱਕ
No comments:
Post a Comment