ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, May 26, 2009

ਕੇਹਰ ਸ਼ਰੀਫ਼ - ਨਜ਼ਮ

ਬੇਚੈਨ ਪਰਿੰਦੇ

ਨਜ਼ਮ

ਉਦਾਸ ਸਮਿਆਂ ਦੇ ਬੇਚੈਨ ਪਰਿੰਦੇ

ਸਿਮਰਤੀਆਂ ਚ ਅਟਕੀ

ਚੁੱਪ ਦੇ ਅਰਥ ਢੂੰਡਦੇ

ਮਨੁੱਖ ਦੇ ਅੰਦਰਲੇ ਵਿਰੋਧਾਭਾਸ ਰਾਹੀਂ

ਸਮੇਂ ਨੂੰ ਰਾਹ ਦੱਸਦੇ

ਵਿਚਾਰਾਂ / ਵਿਚਾਰਧਾਰਾਵਾਂ ਦੇ ਜੰਗਲ ਵਿਚੋਂ ਲੰਘਦਿਆਂ

ਦਵੰਧ ਭਰਿਆ ਰਸਤਾ ਕੱਟਦੇ ਹੋਏ

ਅਟਕ ਕੇ ਸੋਚਣ ਲਗਦੇ ਹਨ

ਕਿ.....

......................

ਜਦੋਂ ਸਮਾਜੀ ਸਮੂਹਾਂ ਦੀ

ਜੰਮੀ ਬਰਫ਼ ਤਿੜਕਦੀ ਹੈ

ਧੂੰਆਂ ਖਿਲਰਦਾ ਹੈ , ਰੋਹ ਭਰੇ ਬੋਲਾਂ ਦਾ

ਬੋਲ / ਸ਼ਬਦ ਖੜਾਕ ਕਰਦੇ ਹਨ

ਗੂੰਜਦੇ ਹਨ ਚਾਰੇ ਪਾਸੇ

ਲਾਵਾ ਫੁੱਟਦਾ ਹੈ ਹੱਕ ਸੱਚ ਦਾ

ਅਰਥਾਂ ਦੀ ਕਾੜ ਕਾੜ ਹੁੰਦੀ ਹੈ

ਪਰ ਫੇਰ ਵੀ

ਚੁੱਪ ਕਿਉਂ ਨਹੀਂ ਟੁੱਟਦੀ

ਕੀ ਸੁਪਨਿਆਂ ਦੀ ਧਰਤ

ਅਸਲ ਵਿਚ ਪਥਰੀਲੀ ਹੁੰਦੀ ਹੈ?

ਬਗਾਵਤ ਦੇ ਪੈਰੀਂ ਬੇੜੀਆਂ ਹਨ

ਜਾਂ ਫੇਰ ਮਹਿੰਦੀ ਲੱਗੀ ਹੈ?

ਸੁਪਨਾ ਸੱਚ ਕਿਵੇਂ ਹੁੰਦਾ ਹੈ?

................

ਜੰਮਦੇ ਹਨ, ਸਵਾਲ ਦਰ ਸਵਾਲ

ਉਸ ਸੋਚ ਦੀ ਹਲਚਲ ਮੱਥੇ ਵਿਚ ਬਾਲਦੀ ਹੈ

ਚੇਤਨਾ ਦੀ ਧੂਣੀ

ਜੋ ਸੁਨੇਹਾ ਬਣ ਜਾਂਦੀ ਹੈ

ਕਿਸੇ ਦਿਸਦੀ ਅਣਦਿਸਦੀ ਮੰਜ਼ਿਲ ਦਾ

ਉਦਾਸ ਸਮਿਆਂ ਦੇ ਬੇਚੈਨ ਪਰਿੰਦੇ

ਜਦੋਂ ਵੀ ਉਡਦੇ ਹਨ

ਸੁਪਨੇ ਨੂੰ, ਆਸ ਦੇ ਫੰਗ ਲਾ ਕੇ

ਜ਼ਖ਼ਮੀ ਸੋਚਾਂ ਦੇ ਵਿਹੜੇ ਚੋਂ ਨਿਕਲ

ਬੀਤ ਗਏ ਦੇ ਝੋਰਿਆਂ ਦੇ ਝਾੜੇ ਝੰਬੇ

ਅੱਖਾਂ ਵਿਚ ਉੱਤਰ ਆਈ

ਗੁੱਸੇ ਦੀ ਲਾਲ ਡੋਰ ਲੈ ਕੇ

ਵਕਤ ਨਾਲ ਇਕ-ਮਿਕ ਹੋਣ ਵਾਸਤੇ

ਸੁਪਨਿਆਂ ਦੇ ਅੰਬਰ ਨੂੰ

ਟਾਕੀ ਲਾਉਣ ਲਈ

ਉਤਰ ਜਾਂਦੇ ਹਨ.......

ਪਤਾਲ ਦੇ ਧੁਰ ਤੱਕ

ਖਿਲਰ ਜਾਂਦੇ ਹਨ ਪੂਰੇ ਬ੍ਰਹਿਮੰਡ ਅੰਦਰ

ਆਪਣੀ ਦਬ-ਦ੍ਰਿਸ਼ਟੀ ਨਾਲ

ਭਵਿੱਖ ਵਾਲੀ ਡਿਉੜੀ ਦੀ ਸਰਦਲ ਤੇ ਜਾ ਕੇ

ਲੰਘ ਜਾਂਦੇ ਹਨ ਅੰਦਰ,

ਬਿਨ ਦਸਤਕ ਦਿੱਤਿਆਂ

ਅਤੇ ਘੂਰਦੇ ਹਨ ਅਧੂਰੇ ਸੁਪਨਿਆਂ ਨੂੰ

ਨਵੀਂ ਉੱਗ ਆਈ ਸੋਚ ਦੇ ਆਸਰੇ

ਲੋਕਾਂ ਦੇ ਝੁੰਡ ਵਿਚ ਬੈਠਕੇ

ਸਮੇਂ ਸੰਗ ਸੰਵਾਦ ਰਚਾਉਂਦੇ ਹਨ

ਸਮੇਂ ਦੀ ਤੋਰ ਬਦਲਨ ਦਾ ਅਹਿਦ ਲੈਂਦੇ ਹਨ

.....................

ਸਮਾਂ, ਸੰਵਾਦ ਤੇ ਸਲੀਕਾ ਆਪਸ ਵਿਚ ਮਿਲਦੇ ਹਨ

ਧਰਤੀ ਦੇ ਪੈਰੀਂ ਬੱਝੀ ਝਾਂਜਰ ਛਣਕਦੀ ਹੈ

ਆਪਾ ਵਾਰਨ ਦਾ ਸਿਦਕ ਜੰਮਦਾ ਹੈ

ਰਾਤ ਦੇ ਆਖਰੀ ਪਹਿਰ ਦਾ ਪਹੁ-ਫੁਟਾਲਾ

ਲੋਅ ਦਾ ਸਬੱਬ ਬਣ ਜਾਂਦਾ ਹੈ

ਪਰਿੰਦੇ ਚੜ੍ਹਦੇ ਦੀ ਲਾਲੀ ਨੂੰ ਵਾਜ ਮਾਰਦੇ ਹਨ

ਆਪਣੇ ਹੀ ਲੋਕਾਂ ਦਾ ਦਰਦ ਮੱਥੇ ਵਿਚ ਰੱਖਕੇ

ਸੋਚ ਤੇ ਜੋਸ਼ ਭਰੀ, ਥਕੇਵੇਂ ਰਹਿਤ

ਲੰਬੀ ਉਡਾਣ ਭਰਦੇ ਹਨ

..................

ਉਦਾਸ ਸਮਿਆਂ ਦੇ ਬੇਚੈਨ ਪਰਿੰਦੇ ਹੀ

ਇਸ ਧਰਤੀ ਦੇ ਪੈਗੰਬਰ ਹੁੰਦੇ ਹਨ


5 comments:

Unknown said...

ਕੇਹਰ ਸ਼ਰੀਫ ਦੀ ਨਜ਼ਮ ਮੱਥੇ 'ਚ ਚਾਨਣ ਬਾਲਦੀ ਹੈ। ਬਹੁਤ ਵਧੀਆ।
ਜਸਵੰਤ ਸਿੱਧੂ
ਸਰੀ
ਕੈਨੇਡਾ

Unknown said...

It would say it is a remarkable poem written by mr. Sharif. It reminds us to live transparent life just the birds. Truly great.

Amol Minhas
California

Unknown said...

ਕੇਹਰ ਸ਼ਰੀਫ ਜੀ ਦੀ ਕਵਿਤਾ ਸੱਚ ਦਾ ਹੱਥ ਫੜ ਦਿਲ 'ਚ ਲਹਿੰਦੀ ਕਵਿਤਾ ਹੈ। ਇਹਨਾਂ ਦੀਆਂ ਹੋਰ ਕਵਿਤਾਵਾਂ ਪੋਸਟ ਕਰਦੇ ਰਿਹਾ ਕਰੋ ਤਮੰਨਾਜੀ।
ਮਨਧੀਰ ਦਿਓਲ
ਕੈਨੇਡਾ

Unknown said...

Great poem. Mature thoughts. Enjoyed reading it.

Raaz Sandhu
Canada

Unknown said...

ਕੇਹਰ ਸ਼ਰੀਫ ਜੀ ਤੁਹਾਡੇ ਲੇਖ ਤਾਂ ਆਰਸੀ ਤੇ ਅਖਬਾਰਾਂ 'ਚ ਪੜ੍ਹੇ ਸੀ, ਪਰ ਇਹ ਕਵਿਤਾ ਬਹੁਤ ਵਧੀਆ ਹੈ। ਹਕੀਕਤ ਨਾਲ ਅੱਖਾਂ ਮਿਲਾ ਕੇ ਹੀ ਐਹੋ ਜਿਹੀ ਰਚਨਾ ਲਿਖੀ ਜਾ ਸਕਦੀ ਹੈ। ਤੁਹਾਨੂੰ ਵੀ ਵਧਾਈਆਂ।
ਸੁਖਵੀਰ ਸੈਂਹਬੀ
ਲੁਧਿਆਣਾ