ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, June 9, 2009

ਦੇਵਨੀਤ - ਨਜ਼ਮ

ਸਾਹਿਤਕ ਨਾਮ: ਦੇਵਨੀਤ

ਅਸਲੀ ਨਾਮ : ਬਲਦੇਵ ਸਿੰਘ ਸਿੱਧੂ

ਜਨਮ : 23/03/1951 (ਨੰਗਲਾ), ਪੰਜਾਬ

ਕਿੱਤਾ: ਸੇਵਾ-ਮੁਕਤ ਪੰਜਾਬੀ ਲੈਕਚਰਾਰ

ਕਿਤਾਬਾਂ : ਕਾਵਿ-ਸੰਗ੍ਰਹਿ : ਕਾਗਜ਼-ਕੰਦਰਾਂ (1996), ਪੱਥਰ 'ਤੇ ਪਈ ਸੈਕਸੋਫੋਨ (1999), ਯਾਤਰੀ ਧਿਆਨ ਦੇਣ (2001), ਹੁਣ ਸਟਾਲਿਨ ਚੁੱਪ ਹੈ (2009) ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਦੇਵਨੀਤ ਦੀਆਂ ਆਰਸੀ ਲਈ ਭੇਜੀਆਂ ਕਵਿਤਾਵਾਂ ਨਵੀਂ ਛਪੀ ਪੁਸਤਕ " ਹੁਣ ਸਟਾਲਿਨ ਚੁੱਪ ਹੈ " (2009) ਵਿਚੋਂ ਹਨ

ਗੁਰਪ੍ਰੀਤ

ਮਾਨਸਾ, ਪੰਜਾਬ

********

ਦੋਸਤੋ! ਮਾਨਸਾ ਵਸਦੇ ਲੇਖਕ ਗੁਰਪ੍ਰੀਤ ਜੀ ਨੇ ਦੇਵਨੀਤ ਜੀ ਦੀਆਂ ਇਹ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਲਈ ਭੇਜ ਕੇ ਉਹਨਾਂ ਦੀ ਅਦਬੀ ਮਹਿਫ਼ਿਲ ਚ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਉਹਨਾਂ ਦਾ ਬੇਹੱਦ ਸ਼ੁਕਰੀਆ । ਦੇਵਨੀਤ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ ਇਹਨਾਂ ਨਜ਼ਮਾਂ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।

ਅਦਬ ਸਹਿਤ

ਤਨਦੀਪ ਤਮੰਨਾ

*********

ਵੀਲ੍ਹ ਚੇਅਰ ਦੀ ਪ੍ਰਾਰਥਨਾ

ਨਜ਼ਮ

ਸਕੂਲ ਦੀ ਸਵੇਰ ਸਭਾ ਹੋ ਰਹੀ ਹੈ

ਵੀਲ੍ਹ ਚੇਅਰ 'ਚ ਬੈਠੀ ਕੁੜੀ

ਸੁਣ ਰਹੀ ਹੈ

ਸਾਵਧਾਨ ! ਵਿਸ਼ਰਾਮ ਆਰਾਮ ਸੇ !

...............

ਕੁੜੀ ਆਰਾਮ ਸੇ ਦੀ ਮੁਦਰਾ ਵਿੱਚ ਵੀ

ਆਰਾਮ ਸੇ ਨਹੀਂ

ਜੋ ਮਾਂਗੇ ਦੀ ਧੁਨ 'ਤੇ ਜੁੜੇ ਹੱਥ

ਕੁੜੀ ਸੋਚਦੀ ਹੈ:

..............

ਮੇਰੇ ਸਾਰੇ ਸਾਥੀ ਸਾਬਤ ਤਾਂ ਹਨ

ਉਹ ਠਾਕੁਰ ਤੋਂ ਕੀ ਮੰਗ ਰਹੇ ਹਨ?

====

ਥਾਹ ਕੋਲ਼

ਨਜ਼ਮ

ਜਾਣਦਾ ਨਹੀਂ ਸਾਂ

ਰਿਸ਼ਤਿਆਂ ਦੀ ਥਾਹ

ਸ਼ੀਤਲਤਾ, ਠੰਢਕ, ਸੁਗੰਧ

............

ਅੱਜ

ਮੇਰੇ ਨਾਲ਼ ਦੇ ਕਮਰੇ 'ਚ ਰਹਿੰਦੀ ਔਰਤ

ਮੇਰੇ ਤਪਦੇ ਮੱਥੇ ਲਈ

ਪਾਣੀ ਪੱਟੀ ਲਿਆਈ ਹੈ

.................

ਮੈਂ ਇੱਕ ਮਹਾਨ ਰਿਸ਼ਤੇ ਦੀ

ਥਾਹ ਕੋਲ਼ ਹਾਂ

=======

ਕਣਕਾਂ 'ਚ ਕੋਲਾ

ਨਜ਼ਮ

ਪੰਜਾਬ ਦਾ ਕਿਸਾਨ

ਤਾਂ ਅੱਜ

ਰੇਲਵੇ ਟਰੈਕ 'ਤੇ ਵਿਛਿਆ ਬੈਠਾ ਹੈ

.................

ਮਾਹੌਲ

ਕੋਲੇ ਵਾਲੇ ਇੰਜਣ ਦਾ

ਬੁਆਇਲਰ ਬਣ ਗਿਆ ਹੈ

......................

ਇਹ ਕੋਲਾ ਕਿੱਥੋਂ ਆ ਗਿਆ

ਸਿਆੜਾਂ ਅੰਦਰ

ਬੀਜਾਂ ਦੀ ਥਾਂ

.................

ਬੋਹਲ਼ ਪੁੱਛਦੇ ਹਨ...!


ਦਵਿੰਦਰ ਸਿੰਘ ਪੂਨੀਆ - ਨਜ਼ਮ

ਸੁਪਨੇ

ਨਜ਼ਮ

ਸੁਪਨੇ ਆਉਂਦੇ ਤੇ ਕਹਿੰਦੇ

ਕਿ ਜ਼ਿੰਦਗੀ ਹੈ

ਜੀ.ਟੀ. ਰੋਡ ਵਾਂਗ....

ਸਿੱਧ ਪੱਧਰੀ ਸੋਹਣੀ

ਕਿਸੇ ਸਾਜ਼ ਦੀ ਮਧੁਰ ਆਵਾਜ਼

ਲਤਾ-ਰਫ਼ੀ ਦੀ ਆਵਾਜ਼ ਵਾਂਗ

ਮਿੱਠੀ, ਸਾਫ਼ ਤੇ ਲੈਅ ਬੱਧ

ਨੁਸਰਤ ਦੀ ਸਰਗਮ ਵਾਂਗ ਬੇਨੁਕਸ

ਬਸੰਤ ਵੇਲ਼ੇ ਖਿੜੇ

ਹੱਸਦੇ ਜਵਾਨ ਖੇਤ ਵਰਗੀ

ਜਾਂ ਚਾਨਣੀ ਰਾਤ ਵਿਚ

ਚਮਕਦੇ ਤਾਜ ਮਹਿਲ ਵਰਗੀ

..........................

ਹਰ ਰੋਜ਼ ਅਸੀਂ ਜ਼ਿੰਦਗੀ ਦੇ ਸਨਮੁੱਖ ਹੁੰਦੇ

ਜਾਣਦੇ ਹਾਂ ਜ਼ਿੰਦਗੀ ਹੈ

ਕਿਸੇ ਪਿੰਡ ਨੂੰ ਜਾਂਦੀ ਟੁੱਟੀ ਭੱਜੀ

ਧੂੜ ਭਰੀ ਸੜਕ ਜਿਹੀ

ਕਿਸੇ ਮਸ਼ੀਨ ਦੀ ਘਰਰ-ਘਰਰ ਜਾਂ

ਕਿਸੇ ਇੰਜਨ ਦੀ ਫਿਟ-ਫਿਟ ਵਰਗੀ

ਕਿਸੇ ਫੇਰੀ ਵਾਲ਼ੇ ਦੇ ਹੋਕੇ ਵਰਹੀ

ਸ਼ਾਮ ਪਈ ਸਬਜ਼ੀ ਮੰਡੀ ਦੇ ਰੌਲ਼ੇ ਰੱਪੇ ਵਰਗੀ

ਕਿਸੇ ਮਜਬੂਰ ਕਿਸਾਨ ਦੇ ਨਦੀਨਾਂ ਭਰੇ

ਕੀੜਿਆਂ ਖਾਧੇ

ਬੀਮਾਰੀਆਂ ਚੱਟੇ ਖੇਤ ਵਰਗੀ ਜਾਂ

ਬਿਜਲੀ ਗੁੱਲ ਵੇਲ਼ੇ

ਉਬਾਸੀਆਂ ਲੈਂਦੇ ਪਿੰਡ ਜਿਹੀ

.................

ਜ਼ਿੰਦਗੀ ਤਾਂ ਜ਼ਿੰਦਗੀ ਹੁੰਦੀ ਹੈ!

..................

ਸੁਪਨੇ ਸਚਮੁੱਚ ਸੋਹਣੇ ਹੁੰਦੇ ਨੇ!!


Monday, June 8, 2009

ਮਨਮੋਹਨ ਆਲਮ – ਉਰਦੂ ਰੰਗ

ਸਾਹਿਤਕ ਨਾਮ: ਮਨਮੋਹਨ ਆਲਮ

ਜਨਮ: 1938 ਪਾਕਿਸਤਾਨ

ਅਜੋਕਾ ਨਿਵਾਸ: ਨਿਊਯਾਰਕ, ਯੂ.ਐੱਸ.ਏ.

ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਧੂਪ ਛਾਓਂ ( ਉਰਦੂ ਚ) ਪ੍ਰਕਾਸ਼ਿਤ ਹੋ ਚੁੱਕਾ ਹੈ।

ਮਨਮੋਹਨ ਆਲਮ ਨਿਊਯਾਰਕ ਦੇ ਸਾਹਿਤਕ ਹਲਕਿਆਂ ਵਿਚ ਮਨਮੋਹਨ ਭੱਲਾ ਕਰਕੇ ਮਸ਼ਹੂਰ ਹਨਉਹਨਾਂ ਦਾ ਜਨਮ 1938 ਵਿਚ ਗੁਜਰਾਤ ਜ਼ਿਲ੍ਹੇ (ਪਾਕਿਸਤਾਨ) ਦੇ ਪਿੰਡ ਡਿੰਗਾ ਵਿਚ ਹੋਇਆਉਹਨਾਂ ਦੀ ਮਾਤਾ ਜੀ ਡਾਕਟਰ ਸਨਉਹਨਾਂ ਦੇ ਪਿਤਾ ਜੀ ਬਚਪਨ ਵਿਚ ਹੀ ਰੱਬ ਨੂੰ ਪਿਆਰੇ ਹੋ ਗਏਸੰਤਾਲੀ ਤੋਂ ਪਹਿਲਾਂ ਉਹਨਾਂ ਦੇ ਮਾਤਾ ਜੀ ਪਾਕਿਸਤਾਨ ਵਿਚ ਹਸਪਤਾਲ ਵਿਚ ਸਰਕਾਰੀ ਨੌਕਰੀ ਕਰਦੇ ਸਨਸੰਤਾਲੀ ਤੋਂ ਪਹਿਲਾਂ ਉਹ ਹਿੰਦੋਸਤਾਨ ਵਿਚ ਆ ਗਏਜਲਦੀ ਹੀ ਉਹਨਾਂ ਦੀ ਵੀ ਮੌਤ ਹੋ ਗਈਮਨਮੋਹਨ ਆਲਮ ਨੇ ਡੀ ਏ ਵੀ ਕਾਲਜ ਜਲੰਧਰ ਤੋਂ ਬੀ ਏ ਪਾਸ ਕੀਤੀਦਿੱਲੀ ਯੂਨੀਵਰਸਿਟੀ ਤੋਂ ਐਮ ਏ ਦੀ ਡਿਗਰੀ ਲਈ

----

ਉਹ ਲੰਮਾ ਅਰਸਾ ਹਿੰਦੋਸਤਾਨ ਟਾਈਮਜ਼, ਇਕਨੌਮਿਕਸ ਟਾਈਮਜ਼, ਫਾਈਨੈਸ਼ਨਲ ਐਕਸਪ੍ਰੈਸ ਵਰਗੇ ਪਰਚਿਆਂ ਵਿਚ ਪੁਸਤਕ ਸਮੀਖਿਅਕ ਰਹੇਉਹ ਮੈਂਟਲ ਹੈਲਥ ਦੇ ਖੇਤਰ ਨਾਲ ਸੰਬੰਧਿਤ ਕਈ ਏਜੰਸੀਆਂ ਵਿਚ ਥੈਰੇਪਿਸਟ ਦੀ ਹੈਸੀਅਤ ਵਿਚ ਰਹੇ1971 ਵਿਚ ਉਹ ਅਮਰੀਕਾ ਆ ਗਏਅੱਜ ਕੱਲ੍ਹ ਉਹ ਨਿਊਯਾਰਕ ਵਿਚ ਡਿਪਾਰਟਮੈਂਟ ਆਫ਼ ਕੁਰੈਕਸ਼ਨ ਦੀ ਜੇਲ੍ਹ ਵਿਚ ਸਾਈਕੋ-ਥੈਰੇਪਿਸਟ ਵਜੋਂ ਸੇਵਾਵਾਂ ਨਿਭਾ ਰਹੇ ਹਨ

----

ਉਹਨਾਂ ਨੇ ਮਨੋਵਿਗਿਆਨ ਦੇ ਵਿਸ਼ੇ ਤੇ ਕਈ ਲੇਖ ਅੰਗਰੇਜ਼ੀ ਵਿਚ ਲਿਖੇਧੂਪ ਛਾਓਂਉਹਨਾਂ ਦਾ 2009 ਵਿਚ ਪ੍ਰਕਾਸ਼ਿਤ ਹੋਇਆ ਪਹਿਲਾ ਉਰਦੂ ਗ਼ਜ਼ਲਾਂ ਦਾ ਸੰਗ੍ਰਹਿ ਹੈ, ਜਿਸ ਵਿਚ 131 ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨਇਕ ਹੋਰ ਗ਼ਜ਼ਲ-ਸੰਗ੍ਰਹਿ ਦਾ ਖਰੜਾ ਛਪਣ ਲਈ ਤਿਆਰ ਹੈਗ਼ਜ਼ਲਾਂ ਤੋਂ ਇਲਾਵਾ ਉਹ ਆਜ਼ਾਦ ਅਤੇ ਪਾਬੰਦ ਨਜ਼ਮਾਂ ਵੀ ਲਿਖਦੇ ਹਨ

----

ਮਨਮੋਹਨ ਆਲਮ ਦੀਆਂ ਗ਼ਜ਼ਲਾਂ ਰਿਵਾਇਤੀ ਗ਼ਜ਼ਲ ਨਾਲੋਂ ਇਕ ਵਿਥ ਸਥਾਪਤ ਕਰਦੀਆਂ ਹਨਜ਼ੁਲਫ਼, ਰਿੰਦ, ਸਾਕੀ, ਮੈਖ਼ਾਨਾ, ਵਰਗੀ ਸ਼ਬਦਾਵਲੀ ਨੂੰ ਉਹਨਾਂ ਨੇ ਸੁਚੇਤ ਪੱਧਰ ਤੇ ਤਿਲਾਂਜਲੀ ਦਿੱਤੀਉਹਨਾਂ ਦੀਆਂ ਗ਼ਜ਼ਲਾਂ ਜ਼ਬਾਨ ਪੱਖੋਂ ਬੇਹੱਦ ਸਾਦਾ, ਪਰ ਖ਼ਿਆਲ ਪੱਖੋਂ ਡੂੰਘੀਆਂ ਹਨਉਹਨਾਂ ਦੀ ਸ਼ਾਇਰੀ ਕੀ, ਕਿਵੇਂ, ਕਿਉਂ ਜਿਹੇ ਸਵਾਲ ਪੈਦਾ ਕਰਕੇ ਪਾਠਕ ਦੇ ਦਿਲ ਵਿਚ ਹਰ ਚੀਜ਼ ਨੂੰ ਹੋਰ ਬਰੀਕੀ ਨਾਲ ਘੋਖਣ ਦੀ ਜਗਿਆਸਾ ਪੈਦਾ ਕਰਦੀ ਹੈਸਾਦਾ ਜ਼ਬਾਨ ਵਿਚ ਫ਼ਲਸਫ਼ਾਨਾ ਖ਼ਿਆਲ ਪੇਸ਼ ਕਰ ਜਾਣਾ ਮਨਮੋਹਨ ਆਲਮ ਦੀਆਂ ਗ਼ਜ਼ਲਾਂ ਦੀ ਅਹਿਮ ਪ੍ਰਾਪਤੀ ਹੈਮਨੋਵਿਗਿਆਨ ਦ੍ਰਿਸ਼ਟੀਕੋਣ ਤੋਂ ਪੇਸ਼ ਹੋਏ ਖ਼ਿਆਲ ਮਨਮੋਹਨ ਆਲਮ ਨੂੰ ਬਾਕੀ ਗ਼ਜ਼ਲਗੋਆਂ ਨਾਲੋਂ ਨਿਖੇੜ ਕੇ ਉਸਦੀ ਅਲਗ ਪਹਿਚਾਣ ਬਣਾਉਣ ਵਿਚ ਕਾਮਯਾਬ ਹੋਏ ਹਨ

----

ਮਨਮੋਹਨ ਆਲਮ ਬੇਹੱਦ ਮਿਲਾਪੜੇ, ਸਾਦਾ ਤਬੀਅਤ ਇਨਸਾਨ ਹਨਆਪਣੀ ਸ਼ਾਇਰੀ ਦੀ ਕਾਮਯਾਬੀ ਪਿੱਛੇ ਉਹ ਆਪਣੀ ਪਤਨੀ ਦੇ ਯੋਗਦਾਨ ਨੂੰ ਅੱਖੋਂ ਓਹਲੇ ਨਹੀਂ ਕਰਦੇਕਈ ਵਾਰ ਮਸਤੀ ਵਿਚ ਆਏ ਹੋਏ ਆਲਮ ਸਾਹਿਬ ਆਪਣੀ ਪਤਨੀ ਬਾਰੇ ਲਿਖੀ ਰੁਬਾਈ ਸੁਣਾ ਕੇ ਆਪਣੇ ਗੰਭੀਰ ਸੁਭਾਅ ਪਿੱਛੇ ਲੁਕੇ ਹੋਏ ਚੰਚਲ, ਸ਼ੋਖ ਤੇ ਹਸਮੁਖ ਮਨਮੋਹਨ ਆਲਮ ਦੇ ਦਰਸ਼ਨ ਵੀ ਕਰਵਾ ਦਿੰਦੇ ਹਨ-

....ਰੋਜ਼ ਚਾਵਲ ਉਬਾਲ ਰਖਤੀ ਹੋ

ਸਾਥ ਮੂੰਗੀ ਕੀ ਦਾਲ ਰਖਤੀ ਹੋ

ਬਾਜ਼-ਓ-ਕਾਤ ਸੋਚਤਾ ਹੂੰ ਕਿ ਤੁਮ,

ਮੇਰਾ ਕਿਤਨਾ ਖ਼ਿਆਲ ਰਖਤੀ ਹੋ....।

ਸੁਰਿੰਦਰ ਸੋਹਲ

*********

ਦੋਸਤੋ! ਸੁਰਿੰਦਰ ਸੋਹਲ ਜੀ ਨੇ ਮਨਮੋਹਨ ਆਲਮ ਸਾਹਿਬ ਦੀਆਂ ਇਹ ਬੇਹੱਦ ਖ਼ੂਬਸੂਰਤ ਉਰਦੂ ਗ਼ਜ਼ਲਾਂ ਆਰਸੀ ਲਈ ਭੇਜੀਆਂ ਹਨ । ਉਹਨਾਂ ਦਾ ਬੇਹੱਦ ਸ਼ੁਕਰੀਆ । ਆਲਮ ਸਾਹਿਬ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ ਦੋਵਾਂ ਗ਼ਜ਼ਲਾਂ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।

ਅਦਬ ਸਹਿਤ

ਤਨਦੀਪ ਤਮੰਨਾ

************

ਗ਼ਜ਼ਲ

ਪੁਰਾਨੀ ਕਦਰ-ਓ-ਕੀਮਤ ਕਾ ਸਿਲਾ ਅੱਛਾ ਨਹੀਂ ਲਗਤਾ

ਮਗਰ ਹੈ ਆਜ ਕਲ ਜੋ ਭੀ ਨਯਾ ਅੱਛਾ ਨਹੀਂ ਲਗਤਾ

----

ਮੁਝੇ ਅੱਛਾ ਲਗੇ ਯਾ ਨਾ ਲਗੇ ਅਬ ਇਸ ਕੇ ਕਯਾ ਮਾਈਨੇ,

ਕਿ ਜੋ ਅੱਛਾ ਲਗਾ ਵੋ ਭੀ ਸਦਾ ਅੱਛਾ ਨਹੀਂ ਲਗਤਾ

----

ਮੇਰੀ ਹਰ ਸੋਚ ਤੋ ਸਭ ਕੋ ਬੜੀ ਅੱਛੀ ਲਗੀ ਆਖ਼ਿਰ,

ਮਗਰ ਤਰਜ਼ੇ ਅਮਲ ਹੈ ਜੋ ਮੇਰਾ ਅੱਛਾ ਨਹੀਂ ਲਗਤਾ

----

ਖ਼ਿਆਲ ਆਯਾ ਮੁਝੇ ਯੇ ਭੀ ਕਿ ਮੈਂ ਕਿਯੂੰ ਸੋਚਤਾ ਹੂੰ ਯੇ,

ਕਿ ਅੱਛਾ ਉਨ ਕੋ ਕਯਾ ਲਗਤਾ ਹੈ ਕਯਾ ਅੱਛਾ ਨਹੀਂ ਲਗਤਾ

----

ਮੇਰੇ ਦਿਲ ਨੇ ਕਹਾ ਜੋ ਭੀ ਮੁਝੇ ਅੱਛਾ ਲਗਾ ਲੇਕਿਨ,

ਮੁਹੱਬਤ ਮੇਂ ਖ਼ਿਰਦ* ਕਾ ਫ਼ੈਸਲਾ ਅੱਛਾ ਨਹੀਂ ਲਗਤਾ

----

ਵੋ ਮੇਰੀ ਜੁਰੱਤੇ ਇਨਕਾਰ ਸੇ ਭੀ ਤੋ ਪਰੇਸ਼ਾਂ ਹੈਂ,

ਉਨ੍ਹੇ ਯੇ ਮੇਰੇ ਦਿਲ ਕਾ ਹੌਸਲਾ ਅੱਛਾ ਨਹੀਂ ਲਗਤਾ

----

ਅਨਾ** ਮੇਰੀ ਨਾ ਜਾਨੇ ਕਿਯੂੰ ਉਨ੍ਹੇ ਅੱਛੀ ਨਹੀਂ ਲਗਤੀ,

ਉਨ੍ਹੇ ਰਿਸ਼ਤਾ ਇਧਰ ਖ਼ੁਦ ਸੇ ਮੇਰਾ ਅੱਛਾ ਨਹੀਂ ਲਗਤਾ

----

ਮੇਰੇ ਦਿਲ ਕੋ ਯਕੀਂ ਦਰਕਾਰ*** ਹੈ ਹਰ ਬਾਤ ਕੋ ਲੇਕਰ,

ਮੇਰੇ ਦਿਲ ਕੋ ਗੁਮਾਂ ਕੋਈ ਜ਼ਰਾ ਅੱਛਾ ਨਹੀਂ ਲਗਤਾ

----

ਨਾ ਗ਼ਮ ਕੋਈ ਮੁਝੇ ਹੈ ਔਰ ਨਾ ਕੋਈ ਖ਼ੁਸ਼ੀ ਮੁਝ ਕੋ,

ਮੇਰੇ ਦਿਲ ਮੇਂ ਜੋ ਹੈ ਅਬ ਯੇ ਖ਼ਲਾਅ ਅੱਛਾ ਨਹੀਂ ਲਗਤਾ

======

ਗ਼ਜ਼ਲ

ਕਬ ਹੈ ਅੱਛਾ ਆਜ ਕਲ ਕੁਛ ਭੀ ਕਿਸੀ ਸੇ ਪੂਛਨਾ

ਆਪ ਲੇਕਿਨ ਮੁਝ ਸੇ ਜੋ ਚਾਹੋ ਖ਼ੁਸ਼ੀ ਸੇ ਪੂਛਨਾ

----

ਜ਼ਿੰਦਗੀ ਸੇ ਕੈਸੇ ਕੈਸੇ ਮੈਨੇ ਸਮਝੌਤੇ ਕੀਏ,

ਪੂਛਨਾ ਹੋ ਤੋ ਯੇ ਮੇਰੀ ਬੇਬਸੀ ਸੇ ਪੂਛਨਾ

----

ਦਾਸਤਾਨੇ ਦਿਲ ਬਤਾ ਦੇਤੇ ਹੈਂ ਚਿਹਰੇ ਕੇ ਨਕੂਸ਼,

ਜੀ ਮੇਂ ਆਤਾ ਹੈ ਮੇਰੇ ਅਬ ਕਯਾ ਕਿਸੀ ਸੇ ਪੂਛਨਾ

----

ਪੂਛਨੀ ਹੋ ਬਾਤ ਕੁਛ ਤੋ ਪਿਆਰ ਸੇ ਪੂਛੋ ਮੁਝੇ,

ਰਾਏਗਾਂ* ਹੈ ਸਭ ਤੇਰਾ ਯੂੰ ਬੇਦਿਲੀ ਸੇ ਪੂਛਨਾ

----

ਮੁਸਕਰਾਹਟ ਦੇਖ ਕਰ ਇਸ ਕੀ ਨਾ ਅੰਦਾਜ਼ੇ ਲਗਾ,

ਬਾਤ ਮਤਲਬ ਕੀ ਜੋ ਹੈ ਐ ਦਿਲ ਉਸੀ ਸੇ ਪੂਛਨਾ

----

ਜ਼ਿੰਦਗੀ ਹਰ ਹਾਲ ਮੇਂ ਹੈ ਖ਼ੂਬਸੂਰਤ ਇਸ ਕਦਰ,

ਤੁਮ ਕਭੀ ਇਸ ਕੀ ਸਦਾਕਤ** ਬੇਖ਼ੁਦੀ ਸੇ ਪੂਛਨਾ

*****

ਔਖੇ ਸ਼ਬਦਾਂ ਦੇ ਅਰਥ

ਪਹਿਲੀ ਗ਼ਜ਼ਲ: - ਅਕਲ 2. ਅਣਖ, ਗ਼ੈਰਤ 3. ਲ਼ੋੜੀਂਦਾ

ਦੂਜੀ ਗ਼ਜ਼ਲ: - 1. ਫ਼ਜ਼ੂਲ 2. ਸੱਚਾਈ


ਹਰਜਿੰਦਰ ਕੰਗ - ਗ਼ਜ਼ਲ

ਗ਼ਜ਼ਲ

ਭਟਕਦੀ ਰਾਤ ਰਹਿੰਦੀ ਹੈ ਮੇਰੇ ਸੀਨੇ ਚ ਸਾਰਾ ਦਿਨ।

ਧਮਕ ਖ਼ਾਬਾਂ ਦੀ ਪੈਂਦੀ ਹੈ ਮੇਰੇ ਸੀਨੇ ਚ ਸਾਰਾ ਦਿਨ।

----

ਸੁਣੇ ਜੋ ਛਣਕ ਵੰਗਾਂ ਦੀ ਖਿੜੇ ਇਕ ਵੇਲ ਰੰਗਾਂ ਦੀ,

ਕੋਈ ਤਸਵੀਰ ਲਹਿੰਦੀ ਹੈ ਮੇਰੇ ਸੀਨੇ ਚ ਸਾਰਾ ਦਿਨ।

----

ਉਹਦਾ ਸੰਗਦਾ ਜਿਹਾ ਹਾਸਾ ਖਿਲਰਿਆ ਤਾਰਿਆਂ ਵਾਂਗੂੰ,

ਘੁਲ਼ੀ ਸ਼ਗਨਾਂ ਦੀ ਮਹਿੰਦੀ ਹੈ ਮੇਰੇ ਸੀਨੇ ਚ ਸਾਰਾ ਦਿਨ।

----

ਕਿਸੇ ਸੁਪਨੇ ਦੀਆਂ ਕਿਰਚਾਂ ਉਹਦੇ ਨੈਣਾਂ ਚ ਬਾਕੀ ਨੇ,

ਅਜੇ ਲਿਸ਼ਕੋਰ ਪੈਂਦੀ ਹੈ ਮੇਰੇ ਸੀਨੇ ਚ ਸਾਰਾ ਦਿਨ।

----

ਤਮਾਸ਼ਾ ਮਨ ਕਰੇ ਹਰਦਮ ਕਦੇ ਕੋਈ ਕਦੇ ਕੋਈ,

ਜੁੜੀ ਇਕ ਭੀੜ ਰਹਿੰਦੀ ਹੈ ਮੇਰੇ ਸੀਨੇ ਚ ਸਾਰਾ ਦਿਨ।

----

ਉਹ ਕਿਹੜੀ ਸ਼ਾਮ ਹੈ ਜਿਸਦਾ ਅਜੇ ਸੂਰਜ ਨਹੀਂ ਡੁੱਬਾ,

ਸੁਲਘਦੀ ਯਾਦ ਰਹਿੰਦੀ ਹੈ ਮੇਰੇ ਸੀਨੇ ਚ ਸਾਰਾ ਦਿਨ।

Sunday, June 7, 2009

ਗੁਰਪ੍ਰੀਤ - ਨਜ਼ਮ

ਅਧੂਰੀ ਕਵਿਤਾ

ਨਜ਼ਮ

ਰੁੱਖ ਲਈ

ਉਹਦੀ ਛਾਂ ਹੇਠ ਬੈਠਾ

ਦੂਰ ਦਾ ਮੁਸਾਫ਼ਿਰ ਹਾਂ

ਨਦੀ ਲਈ

ਦਰ ਦਰ ਭਾਉਂਦਾ

ਪਿਆਸਾ ਦੀਵਾਨਾ ਹਾਂ

ਚੋਰ ਲਈ ਚੋਰੀਆਂ ਕਰਦਾ

ਡਾਕੂ ਲਈ ਡਾਕੇ ਮਾਰਦਾ

ਕਿਸੇ ਭਜਨੀਕ ਲਈ

ਭਜਨ ਬੰਦਗੀ ਚ ਡੁੱਬਿਆ ਧਿਆਨੀ ਹਾਂ

ਮੈਂ ਜਦੋਂ ਵੀ

ਮੈਂ ਹੋਣ ਲਗਦਾ ਹਾਂ

ਘੇਰ ਲੈਂਦੇ ਨੇ ਸਾਰੇ ਮੈਨੂੰ

ਆਪੋ ਆਪਣੇ ਅਦਿਸਦੇ ਹਥਿਆਰਾਂ ਨਾਲ

ਹਰ ਵਾਰ ਰਹਿ ਜਾਂਦੀ ਹੈ

ਕਵਿਤਾ ਅਧੂਰੀ ...।।

======

ਸਮੁੰਦਰੀ ਹਵਾ

ਨਜ਼ਮ

ਪੈਰ ਉਦਾਸ ਨੇ

ਮੈਂ ਹੱਥਾਂ ਨਾਲ

ਕਦੋਂ ਤਕ ਲਿਖਦਾ ਰਹਾਂਗਾ

ਰਾਹ.......

ਰਾਹ ਕਦੋਂ ਤਕ

ਵਿਛਦੇ ਰਹਿਣਗੇ

ਮੇਰੀਆਂ ਅੱਖਾਂ ਮੂਹਰੇ

ਮੈਂ ਕੰਨਾਂ ਨੂੰ

ਕਿਹੜੀ ਆਵਾਜ਼ ਨਾਲ

ਖੇਡ ਲਾ ਕੇ ਰੱਖਿਆ ਹੈ

ਸ਼ੁਕਰ ਹੈ

ਨੱਕ ਕਿਸੇ ਫੁੱਲ ਦੀ ਖ਼ੁਸ਼ਬੂ '

ਗੁਆਚਿਆ ਹੋਇਆ ਹੈ

ਮੈਂ ਤੁਰਦਾ ਰਹਾਂਗਾ

ਆਖ਼ਰ ਤੋਂ ਵੀ ਬਾਅਦ

ਹਮੇਸ਼ਾ ਲਈ ...

ਰੁੱਖ ਮੇਰੇ ਦੋਸਤ ਨੇ

ਪੰਛੀ ਮੇਰੇ ਖ਼ਿਆਲ

ਤੂੰ ਕਿੱਥੇ ਹੈਂ

ਸਮੁੰਦਰੀ ਹਵਾ ..।।


Saturday, June 6, 2009

ਪ੍ਰੋ: ਜਸਪਾਲ ਘਈ - ਨਜ਼ਮ

ਸਾਹਿਤਕ ਨਾਮ: ਪ੍ਰੋ: ਜਸਪਾਲ ਘਈ

ਅਜੋਕਾ ਨਿਵਾਸ: ਫਿਰੋਜ਼ਪੁਰ, ਪੰਜਾਬ

ਕਿਤਾਬਾਂ: ਗ਼ਜ਼ਲ-ਸੰਗ੍ਰਹਿ ਸਲੀਬਾਂ ਅਤੇ ਸ਼ੀਸ਼ਾ ਨਹੀਂ ਹਾਂ ਮੈਂ ਪ੍ਰਕਾਸ਼ਿਤ ਹੋ ਚੁੱਕੇ ਹਨ।

----

ਦੋਸਤੋ! ਅੱਜ ਸਰੀ ਵਸਦੇ ਲੇਖਕ ਜਸਬੀਰ ਮਾਹਲ ਸਾਹਿਬ ਨੇ ਪ੍ਰੋ: ਘਈ ਜੀ ਦੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਲਈ ਭੇਜ ਕੇ ਉਹਨਾਂ ਦੀ ਅਦਬੀ ਮਹਿਫ਼ਿਲ ਚ ਪਹਿਲੀ ਹਾਜ਼ਰੀ ਲਵਾਈ ਹੈ। ਘਈ ਜੀ ਨੂੰ ਸਾਰੇ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ ਇਹਨਾਂ ਨਜ਼ਮਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਦਵਿੰਦਰ ਪੂਨੀਆ ਜੀ ਨੇ ਉਹਨਾਂ ਦਾ 2008 'ਚ ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ਸ਼ੀਸ਼ਾ ਨਹੀਂ ਹਾਂ ਮੈਂ ਆਰਸੀ ਲਈ ਦਿੱਤਾ ਸੀ, ਪਰ ਮੇਰੀ ਤਬੀਅਤ ਨਾਸਾਜ਼ ਰਹਿਣ ਕਰਕੇ ਹੀ ਅਜੇ ਤੀਕ ਉਹਨਾਂ ਦੀ ਹਾਜ਼ਰੀ ਨਹੀਂ ਸੀ ਲੱਗ ਸਕੀ। ਆਉਂਣ ਵਾਲ਼ੇ ਦਿਨਾਂ ਚ ਘਈ ਜੀ ਦੀਆਂ ਖ਼ੂਬਸੂਰਤ ਗ਼ਜ਼ਲਾਂ ਵੀ ਤੁਹਾਡੇ ਨਾਲ਼ ਜ਼ਰੂਰ ਸਾਂਝੀਆਂ ਕੀਤੀਆਂ ਜਾਣਗੀਆਂ। ਮੈਂ ਮਾਹਲ ਸਾਹਿਬ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ।

******

ਬੁੱਤ ਦੀ ਔਖ

ਨਜ਼ਮ

ਸੰਸਦ 'ਚ ਲੱਗਾ

ਭਗਤ ਸਿੰਘ ਦਾ ਬੁੱਤ ਚੀਕਿਆ-

ਕਿੱਥੇ ਫਸਾ ਦਿੱਤਾ ਮੈਨੂੰ?

ਅੱਖਾਂ ਅੱਕ ਗਈਆਂ ਨੇ

ਕੰਨ ਪੱਕ ਗਏ ਨੇ

ਦਿਮਾਗ ਚੋਂ ਚਿੰਗਿਆੜੀਆਂ ਨਿਕਲਦੀਆਂ ਨੇ

ਬਟੁਕੇਸ਼ਵਰ ਦੱਤ

ਜ਼ਰਾ ਬੰਬ ਫੜਾਵੀਂ

=====

ਜ਼ਰਾ ਠਹਿਰੋ

ਨਜ਼ਮ

ਬੈੱਲ ਵੱਜੀ ਹੈ

ਮਹਿਮਾਨ ਆਏ ਹੋਣਗੇ

ਬੂਹਾ ਖੋਲ੍ਹਣ ਤੋਂ ਪਹਿਲਾਂ

ਜ਼ਰਾ ਮੁਸਕਾਨ ਪਹਿਨ ਲਵਾਂ

=====

ਸੌਰੀ

ਨਜ਼ਮ

ਮੈਂ ਸਰਵਣ ਤਾਂ ਬਣ ਗਿਆ ਹਾਂ

ਪ੍ਰੰਤੂ

ਹੇ ਪਿਤਾ ਸ਼੍ਰੀ! ਹੇ ਮਾਤਾ ਸ਼੍ਰੀ!!

ਮੇਰੇ ਮੋਢੇ ਹਾਲੇ ਖ਼ਾਲੀ ਨਹੀਂ ਹਨ

=====

ਅਸੀਂ

ਨਜ਼ਮ

ਸਾਡਾ ਸਭਨਾਂ ਦਾ ਇਕ ਹੀ ਨਾਮ ਹੈ

ਨੰਬਰ ਅਲੱਗ-ਅਲੱਗ ਹੈ

ਉਹ ਸਾਨੂੰ ਮਹਿਸੂਸਦੇ ਨਹੀਂ

ਸਿਰਫ ਗਿਣਦੇ ਹਨ

=====

ਮਿਲਾਪ

ਨਜ਼ਮ

ਬਸ ਮਿਲਣ ਦੀ

ਰਸਮ ਨਿਭਾਉਂਦੇ ਹਾਂ

ਉਸ ਦੇ ਚਿਹਰੇ ਤੇ ਨਕਾਬ ਹੁੰਦਾ ਹੈ

ਤੇ ਮੇਰੇ ਹੱਥਾਂ ਚ ਦਸਤਾਨੇ

=====

ਆਪਣੀ ਆਪਣੀ ਮਜਬੂਰੀ

ਨਜ਼ਮ

ਮੈਂ ਵੀ ਮਜਬੂਰ ਹਾਂ

ਸ਼ਹਿਰ ਵੀ ਮਜਬੂਰ ਹੈ

ਮੈਂ ਦਰਿਆ ਹਾਂ, ਮੈਂ ਵਗਣਾ ਹੈ

ਸ਼ਹਿਰ ਨੇ ਵਸਣਾ ਹੈ

ਮੈਂ ਵਗਾਂਗਾ

ਤਾਂ ਸ਼ਹਿਰ ਦਾ ਬੜਾ ਕੁਝ ਖੁਰੇਗਾ

ਦਰਿਆਵਾਂ ਵਿਚ ਸ਼ਹਿਰ ਸਮਾ ਸਕਦੇ ਨੇ

ਸ਼ਹਿਰਾਂ ਵਿਚ ਦਰਿਆ ਨਹੀਂ

************

ਪੰਜਾਬੀ ਸਾਹਿਤਕ ਮੈਗਜ਼ੀਨ ਅੱਖਰ ਚੋਂ ਧੰਨਵਾਦ ਸਹਿਤ

Friday, June 5, 2009

ਜਗਜੀਤ ਸੰਧੂ - ਗ਼ਜ਼ਲ

ਗ਼ਜ਼ਲ

ਮੈਂ ਅਪਣੇ ਵਾਲ਼ਾਂ ਵਿੱਚ ਗੁੰਝਲ ਵੇਖ ਰਿਹਾਂ

ਤੇਰੇ ਗੋਰੇ ਹੱਥ ਵਿਆਕੁਲ ਵੇਖ ਰਿਹਾਂ

----

ਰੀਣ ਕੁ ਭਰ ਵੀ ਤੇਰਾ ਪਿਆਰ ਸੁਆਂਗ ਨਹੀਂ,

ਤੇਰੀ ਧੜਕਣ ਬਿਹਬਲ, ਪਾਗਲ ਵੇਖ ਰਿਹਾਂ

----

ਵੇਖ ਰਿਹਾਂ, ਤਸਵੀਰ ਮੁਕੰਮਲ ਵੇਖ ਰਿਹਾਂ,

ਬਾਰਿਸ਼ ਦੀ ਹਰ ਬੂੰਦ ਚ ਬੱਦਲ ਵੇਖ ਰਿਹਾਂ

----

ਲਗਦੈ ਰਾਤੀਂ ਤੇਰੇ ਕੁਝ ਸੁਪਨੇ ਤਿੜਕੇ,

ਮੈਂ ਆਪਣੇ ਨੈਣਾਂ ਵਿੱਚ ਹਲਚਲ ਵੇਖ ਰਿਹਾਂ

----

ਅੱਜ ਮੈਂ ਅਪਣੀ ਉਮਰ ਨੂੰ ਕੋਲ਼ ਬਿਠਾਇਆ ਏ,

ਕੀ ਕੀ ਝੋਰਾ ਕੀ ਕੀ ਹਾਸਲ ਵੇਖ ਰਿਹਾਂ


Thursday, June 4, 2009

ਰਾਜਿੰਦਰਜੀਤ - ਗ਼ਜ਼ਲ

ਗ਼ਜ਼ਲ

ਏਸ ਨਗਰ ਦੇ ਲੋਕ ਹਮੇਸ਼ਾ ਸੋਚਾਂ ਵਿਚ ਗ਼ਲਤਾਨ ਰਹੇ

ਨਜ਼ਰਾਂ ਦੇ ਵਿੱਚ ਬਾਗ਼-ਬਗੀਚੇ, ਖ਼ਾਬਾਂ ਵਿੱਚ ਸ਼ਮਸ਼ਾਨ ਰਹੇ

-----

ਡਿੱਗਦਾ ਹੋਇਆ ਹੰਝੂ ਮੇਰੇ ਨਾਂ ਉਸ ਤਾਂ ਹੀ ਕਰ ਦਿੱਤਾ,

ਅਪਣਾ ਦੁਖੜਾ ਰੋ ਹੋ ਜਾਵੇ, ਮੇਰੇ 'ਤੇ ਅਹਿਸਾਨ ਰਹੇ

----

ਰਾਹਾਂ ਦੇ ਵਿੱਚ ਰੋੜ ਨੁਕੀਲੇ, ਜਾਂ ਫਿਰ ਤਪਦੀ ਰੇਤ ਸਹੀ,

ਤੁਰਨਾ ਹੈ ਜਦ ਤੱਕ ਪੈਰਾਂ ਵਿਚ ਥੋੜ੍ਹੀ-ਬਹੁਤੀ ਜਾਨ ਰਹੇ

----

ਭਾਵੁਕਤਾ ਦੀ ਧੁੱਪ-ਛਾਂ ਦੇਵੀਂ, ਤੇ ਨੈਣਾਂ ਦਾ ਪਾਣੀ ਵੀ,

ਤਾਂ ਜੋ ਸੱਧਰਾਂ ਦੇ ਬੀਜਾਂ ਦਾ ਪੁੰਗਰਨਾ ਆਸਾਨ ਰਹੇ

----

ਚਾਰੇ ਪਾਸੇ ਖ਼ੂਨ ਦੇ ਛੱਪੜ, ਫਿਰ ਵੀ ਦਿਖਦੇ ਸ਼ਾਂਤ ਬੜੇ,

ਪੱਥਰ ਦੇ ਭਗਵਾਨ ਤਾਂ ਆਖ਼ਿਰ ਪੱਥਰ ਦੇ ਭਗਵਾਨ ਰਹੇ


Wednesday, June 3, 2009

ਕਮਲ ਕੰਗ - ਗੀਤ

ਪੈਂਤੀ
ਗੀਤ

ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ,

ਵਸ ਕੇ ਵਿੱਚ ਪਰਦੇਸ ਵੀ, ਤੈਨੂੰ ਹਰ ਪਲ ਚਾਹਵਾਂ

ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ

ਲਿੱਪੀ ਗੁਰਮੁਖੀ ਰਾਣੀਏ ਤੈਨੂੰ ਸੀਸ ਝੁਕਾਵਾਂ

ਮਾਂ ਬੋਲੀ ਪੰਜਾਬੀਏ, ਨੀ ਤੈਥੋਂ ਸਦਕੇ ਜਾਵਾਂ.....

----

ਊੜਾ ਐੜਾ ਈੜੀ ਸੱਸਾ, ਹਾਹਾ ਹਰ ਦਮ ਯਾਦ ਕਰਾਂ,

ਕੱਕਾ ਖੱਖਾ ਗੱਗਾ ਘੱਗਾ, ਙੰਙੇ ਨੂੰ ਫਰਿਆਦ ਕਰਾਂ

ਚੱਚਾ ਛੱਛਾ ਸੋਹਣੀਏ, ਮੈਂ ਗਲ਼ ਨੂੰ ਲਾਵਾਂ

ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ,

ਵਸ ਕੇ ਵਿੱਚ ਪਰਦੇਸ ਵੀ, ਤੈਨੂੰ ਹਰ ਪਲ ਚਾਹਵਾਂ

ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ

ਲਿੱਪੀ ਗੁਰਮੁਖੀ ਰਾਣੀਏ ਤੈਨੂੰ ਸੀਸ ਝੁਕਾਵਾਂ

ਮਾਂ ਬੋਲੀ ਪੰਜਾਬੀਏ, ਨੀ ਤੈਥੋਂ ਸਦਕੇ ਜਾਵਾਂ.....

----

ਜੱਜਾ ਝੱਜਾ ਞੱਈਆਂ ਮੈਨੂੰ, ਸਾਹਾਂ ਤੋਂ ਵੀ ਪਿਆਰੇ ਨੇ,

ਟੈਂਕਾ ਠੱਠਾ ਡੱਡਾ ਢੱਡਾ, ਣਾਣਾ ਰਾਜ ਦੁਲਾਰੇ ਨੇ

ਤੱਤੇ ਥੱਥੇ ਬਿਨਾਂ ਮੈਂ ਪਲ ਵਿੱਚ ਮਰ ਜਾਵਾਂ

ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ,

ਵਸ ਕੇ ਵਿੱਚ ਪਰਦੇਸ ਵੀ, ਤੈਨੂੰ ਹਰ ਪਲ ਚਾਹਵਾਂ

ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ

ਲਿੱਪੀ ਗੁਰਮੁਖੀ ਰਾਣੀਏ ਤੈਨੂੰ ਸੀਸ ਝੁਕਾਵਾਂ

ਮਾਂ ਬੋਲੀ ਪੰਜਾਬੀਏ, ਨੀ ਤੈਥੋਂ ਸਦਕੇ ਜਾਵਾਂ.....

----

ਦੱਦਾ ਧੱਦਾ ਨੱਨਾ ਪੱਪਾ, ਪੈਂਤੀ ਦਾ ਪਰਵਾਰ ਨੇ,

ਫੱਫਾ ਬੱਬਾ ਭੱਬਾ ਮੱਮਾ, ਸਾਡੇ ਪਹਿਰੇਦਾਰ ਨੇ

ਯੱਈਏ ਨਾਲ਼ ਮੈਂ ਯਾਰੀਆਂ ਜੀਅ ਤੋੜ ਚੜਾਵਾਂ

ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ,

ਵਸ ਕੇ ਵਿੱਚ ਪਰਦੇਸ ਵੀ, ਤੈਨੂੰ ਹਰ ਪਲ ਚਾਹਵਾਂ

ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ

ਲਿੱਪੀ ਗੁਰਮੁਖੀ ਰਾਣੀਏ ਤੈਨੂੰ ਸੀਸ ਝੁਕਾਵਾਂ

ਮਾਂ ਬੋਲੀ ਪੰਜਾਬੀਏ, ਨੀ ਤੈਥੋਂ ਸਦਕੇ ਜਾਵਾਂ.....

----

ਰਾਰਾ ਲੱਲਾ ਵਾਵਾ ੜਾੜਾ, ਆਉਂਦੇ ਵਿੱਚ ਆਖ਼ੀਰ ਨੇ

'ਕੰਗ' ਦੇ ਵਾਂਗੂੰ ਇਹ ਵੀ ਸਾਰੇ ਪੈਂਤੀ ਦੀ ਜਾਗੀਰ ਨੇ

ਪੈਂਤੀ ਦੀ ਤਸਵੀਰ ਨੂੰ, ਦਿਲ ਵਿੱਚ ਜੜਾਵਾਂ

ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ,

ਵਸ ਕੇ ਵਿੱਚ ਪਰਦੇਸ ਵੀ, ਤੈਨੂੰ ਹਰ ਪਲ ਚਾਹਵਾਂ

ਮਾਂ ਬੋਲੀ ਪੰਜਾਬੀਏ, ਤੈਨੂੰ ਸੀਸ ਨਿਵਾਵਾਂ

ਲਿੱਪੀ ਗੁਰਮੁਖੀ ਰਾਣੀਏ ਤੈਨੂੰ ਸੀਸ ਝੁਕਾਵਾਂ

ਮਾਂ ਬੋਲੀ ਪੰਜਾਬੀਏ, ਨੀ ਤੈਥੋਂ ਸਦਕੇ ਜਾਵਾਂ.....

Tuesday, June 2, 2009

ਸੁਖਿੰਦਰ - ਨਜ਼ਮ

ਸੰਤੁਸ਼ਟੀ

ਨਜ਼ਮ

ਕੁਝ ਸ਼ਖ਼ਸ

ਮਨੁੱਖ ਦੀ ਜੂਨ ਚ ਪੈ

ਸੰਤੁਸ਼ਟੀ ਮਹਿਸੂਸ ਨਹੀਂ ਕਰਦੇ

ਉਹ

ਹਰ ਵਕਤ

ਪਸ਼ੂ ਬਣਨਾ ਹੀ

ਲੋਚਦੇ ਹਨ-

................

ਅਜਿਹੇ ਮਨੁੱਖਾਂ ਨੂੰ,

ਮੈਂ ਦੇਖਿਆ:

ਖ਼ੂੰਖਾਰ ਦੰਦਾਂ ਵਾਲੇ ਕੁੱਤਿਆਂ ਵਾਂਗ ਵੱਢਦੇ

ਸੱਪਾਂ ਵਾਂਗ ਮੂੰਹਾਂ ਚੋਂ ਵਿਸ ਘੋਲ਼ਦੇ

ਬਾਂਦਰਾਂ ਵਾਂਗ ਟਪੂਸੀਆਂ ਮਾਰਦੇ

ਖੋਤਿਆਂ ਵਾਂਗ ਦੁਲੱਤੀਆਂ ਚਲਾਂਉਂਦੇ

ਸਾਨ੍ਹਾਂ ਵਾਂਗ ਖੌਰੂ ਪਾਉਂਦੇ

ਗਧਿਆਂ ਵਾਂਗ, ਸ਼ਰਾਬੀ ਹੋ,

ਨਾਲੀਆਂ ਚ ਡਿੱਗਦੇ

.................

ਕੁਝ ਸ਼ਖ਼ਸ

ਮਨੁੱਖ ਦੀ ਜੂਨ ਚ ਪੈ

ਸੰਤੁਸ਼ਟੀ ਮਹਿਸੂਸ ਨਹੀਂ ਕਰਦੇ-

ਅਜਿਹੇ ਮਨੁੱਖਾਂ ਨੂੰ,

ਤੁਸੀਂ ਵੀ ਦੇਖਿਆ ਹੋਵੇਗਾ:

ਪਾਰਲੀਮੈਂਟ ਹਾਲਾਂ , ਇੱਕ ਦੂਜੇ ਪਿੱਛੇ,

ਲੰਗੂਰਾਂ ਵਾਂਗ ਭੱਜਦਿਆਂ

ਗੁਰਦੁਆਰਿਆਂ ਚ ਪ੍ਰਸ਼ਾਦ ਦੀਆਂ

ਭਰੀਆਂ ਪਰਾਤਾਂ ਨੂੰ ਠੁੱਡੇ ਮਾਰਦਿਆਂ

ਧਾਰਮਿਕ ਜਨੂੰਨ ਚ ਅੰਨ੍ਹੇ ਹੋ,

ਗਰਭਵਤੀਆਂ ਦੇ ਢਿੱਡਾਂ ਚ ਛੁਰੇ ਖੋਭਦਿਆਂ

ਮਸ਼ੀਨ ਗੰਨਾਂ ਚੋਂ ਗੋਲੀਆਂ ਦੀ ਵਾਛੜ ਕਰਕੇ

ਲਾਸ਼ਾਂ ਦੇ ਅੰਬਾਰ ਲਗਾਉਂਦਿਆਂ

........................

ਕੁਝ ਸ਼ਖ਼ਸ

ਮਨੁੱਖ ਦੀ ਜੂਨ ਚ ਪੈ

ਸੰਤੁਸ਼ਟੀ ਮਹਿਸੂਸ ਨਹੀਂ ਕਰਦੇ

ਉਹ

ਹਰ ਵਕਤ

ਪਸ਼ੂ ਬਣਨਾ ਹੀ

ਲੋਚਦੇ ਹਨ-

ਅਜਿਹੇ ਮਨੁੱਖਾਂ ਨੂੰ,

ਤੁਸੀਂ ਕੋਈ ਵੀ ਨਾਮ ਦੇ ਸਕਦੇ ਹੋ:

ਜੋਰਜ ਬੁੱਸ਼, ਹਿਟਲਰ, ਮੂਸੋਲੀਨੀ,

ਓਸਾਮਾ-ਬਿਨ-ਲਾਦੇਨ ਜਾਂ ਈਦੀ ਅਮੀਨ

ਆਪਣੀ ਤਾਕਤ ਦੇ ਨਸ਼ੇ ਵਿੱਚ ਮਗ਼ਰੂਰ ਹੋ

ਉਹ

ਜ਼ਿੰਦਗੀ ਦੇ ਰੰਗ-ਮੰਚ ਉੱਤੇ ਆਉਂਦੇ ਹਨ

ਮਨੁੱਖੀ ਇਤਿਹਾਸ ਦੇ ਪਹੀਏ ਨੂੰ ਜਾਮ ਕਰਨ ਲਈ

..................

ਕਬਰਸਤਾਨਾਂ ਚ ਰੁਲ ਰਹੀਆਂ ਨੇ,

ਉਨ੍ਹਾਂ ਦੀਆਂ ਹੱਡੀਆਂ

ਰੇਤ ਦਾ ਕਿਣਕਾ ਕਿਣਕਾ ਬਣਕੇ

ਪਰ ਉਨ੍ਹਾਂ ਤੋਂ ਬੇਪ੍ਰਵਾਹ

ਮਨੁੱਖੀ ਕਾਫ਼ਿਲਾ ਤੁਰਿਆ ਜਾ ਰਿਹਾ

ਆਪਣੇ ਪੂਰੇ ਜਾਹੋ-ਜਲਾਲ ਵਿੱਚ:

ਪੂਰਬ ਤੋਂ ਪੱਛਮ

ਉੱਤਰ ਤੋਂ ਦੱਖਣ ਤੱਕ

ਧਰਤੀ ਦੇ ਗੀਤ ਗਾਉਂਦਾ-

ਗੁਲਾਬਾਂ ਦੀ ਮਹਿਕ ਵੰਡਦਾ-

ਕਿਰਨਾਂ ਦੇ ਸਤਰੰਗ ਬਖੇਰਦਾ-

ਜ਼ਿੰਦਗੀ-ਜ਼ਿੰਦਾਬਾਦਦੇ

ਨਾਅਰੇ ਲਗਾਉਂਦਾ.....


Monday, June 1, 2009

ਛੈਣੇ - ਲੋਕ ਬੋਲੀ

ਛੈਣੇ
ਲੋਕ ਬੋਲੀ
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੈਣ੍ਹੇ।
ਜੇ ਤੂੰ ਮੇਰਾ ਗੌਣ ਵੇਖਣਾ,
ਥਾਲ਼ੀ ਭੰਨ ਕੇ ਘੜਾ ਦੇ ਛੈਣੇ।