ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, July 11, 2009

ਅੰਮ੍ਰਿਤ ਦੀਵਾਨਾ - ਨਜ਼ਮ

ਸਾਹਿਤਕ ਨਾਮ : ਅੰਮ੍ਰਿਤ ਦੀਵਾਨਾ

ਜਨਮ ਮਿਤੀ 1959, ਪਿੰਡ ਬਡੇਸਰੋਂ, ਜ਼ਿਲ੍ਹਾ - ਹੁਸ਼ਿਆਰਪੁਰ

ਅਜੋਕਾ ਨਿਵਾਸ: ਸਰੀ, ਕੈਨੇਡਾ

ਕਿਤਾਬਾਂ: ਕਾਵਿ-ਸੰਗ੍ਰਹਿ ਮਹਿਕ ਦੀ ਆਮਦ (1987) ਸੰਵੇਦਨਾ(2001) ਅਤੇ ਖ਼ੁਸ਼ਆਮਦੀਦ ਛਪ ਚੁੱਕੇ ਹਨ

ਇਸ ਤੋਂ ਇਲਾਵਾ ਸੁਰਜੀਤ ਪਾਤਰ ਅਤੇ ਡਾ: ਜਗਤਾਰ ਸਾਹਿਬ ਵੱਲੋਂ ਸੰਪਾਦਿਤ ਕਿਤਾਬਾਂ ਸਦੀ ਦੀਆਂ ਤ੍ਰਿਕਾਲ਼ਾਂ, ਅਤੇ ਬਰਫ਼ ਹੇਠਾਂ ਦੱਬੇ ਹਰਫ਼ ਵਿਚ ਵੀ ਦੀਵਾਨਾ ਸਾਹਿਬ ਦੀਆਂ ਲਿਖਤਾਂ ਸ਼ਾਮਲ ਹਨ। ਨਾਗਮਣੀ, ਆਰਸੀ, ਸਿਰਜਣਾ, ਲਕੀਰ, ਕਲਾ ਸਿਰਜਕ, ਪ੍ਰਤਿਮਾਨ ਜਿਹੇ ਸਿਰਕੱਢ ਸਾਹਿਤਕ ਰਸਾਲਿਆਂ ਚ ਰਚਨਾਵਾਂ ਛਪਦੀਆਂ ਰਹੀਆਂ ਹਨ।

----

ਦੋਸਤੋ! ਸਰੀ, ਕੈਨੇਡਾ ਵਸਦੇ ਸ਼ਾਇਰ ਦੀਵਾਨਾ ਸਾਹਿਬ ਦੀ ਇੱਕ ਗ਼ਜ਼ਲ ਆਪਾਂ ਪਹਿਲਾਂ ਵੀ ਆਰਸੀ ਚ ਸ਼ਾਮਲ ਕੀਤੀ ਸੀ, ਜੋ ਡੈਡੀ ਜੀ ਬਾਦਲ ਸਾਹਿਬ ਨੇ ਮੈਨੂੰ ਕਿਸੇ ਮੈਗਜ਼ੀਨ ਚੋਂ ਲੱਭ ਕੇ ਦਿੱਤੀ ਸੀ। ਨਵੀਆਂ ਲਿਖਤਾਂ ਭੇਜਣ ਦਾ ਬੜੀ ਦੇਰ ਦਾ ਵਾਅਦਾ ਸੀ, ਸੋ ਅੱਜ ਜ਼ਿੰਦਗੀ ਦੇ ਰੁਝੇਵਿਆਂ ਚੋਂ ਵਕ਼ਤ ਕੱਢ ਕੇ ਉਹਨਾਂ ਨੇ ਦੋ ਬੇਹੱਦ ਖ਼ੂਬਸੂਰਤ ਰਚਨਾਵਾਂ ਨਾਲ਼ ਆਰਸੀ ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਖ਼ੁਸ਼ਆਦਦੀਦ ਆਖਦੀ ਹੋਈ ਇੱਕ ਨਜ਼ਮ ਅਤੇ ਇੱਕ ਗ਼ਜ਼ਲ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

***********

ਅਰਦਾਸ

ਨਜ਼ਮ

ਕੁੱਖ

ਨਜ਼ਮ ਕ਼ਤਲ ਕਰਵਾ ਕੇ

ਉਹ ਸਿੱਧਾ ਗੁਰੂ ਘਰ ਪੁੱਜਾ

ਤੇ ਅਰਦਾਸ ਕੀਤੀ...

.....................

ਹੇ ਬਾਬਾ ਨਾਨਕ!

ਹੁਣ ਇਸ ਵਾਰ

ਭੁਝੰਗੀ ਦੀ ਹੀ ਦਾਤ ਬਖ਼ਸ਼ੀਂ

................

ਉਸ ਨਾਨਕ ਅੱਗੇ ਅਰਦਾਸ

ਜਿਸਨੇ ਕਦੇ ਨਜ਼ਮ ਦੇ

ਹੱਕ ਵਿਚ ਕਿਹਾ ਸੀ

..........

ਸੋ ਕਿਉਂ ਮੰਦਾ ਆਖੀਐ....!

==========

ਗ਼ਜ਼ਲ

ਤਿਤਲੀ ਨੇ ਜਾਂ ਫੇਰਾ ਪਾਇਆ ਕਮਰੇ ਵਿਚ।

ਪਰਦੇ ਦਾ ਹਰ ਫੁੱਲ ਮੁਸਕਾਇਆ ਕਮਰੇ ਵਿਚ।

----

ਰੰਗਲੀ ਰੁੱਤ ਵੀ ਫਿੱਕੀ ਫਿੱਕੀ ਲੱਗਦੀ ਹੈ,

ਰਹਿੰਦੈ ਤੇਰਾ ਗ਼ਮ ਦਾ ਸਾਇਆ ਕਮਰੇ ਵਿਚ।

----

ਉਮਰਾਂ ਦੀ ਬਦਨਾਮੀ ਪੱਲੇ ਪਾ ਬੈਠਾ,

ਐਵੇਂ ਤੇਰਾ ਫੋਟੋ ਲਾਇਆ ਕਮਰੇ ਵਿਚ।

----

ਤੇਰੀ ਟੋਕਾ-ਟਾਕ ਚੇਤੇ ਆ ਜਾਵੇ,

ਜਾਮ ਜਦੋਂ ਵੀ ਹੈ ਛਣਕਾਇਆ ਕਮਰੇ ਵਿਚ।

----

ਨ੍ਹੇਰੇ ਤੋਂ ਭੀ ਭੈਅ ਨਾ ਖਾਵੇ ਦੀਵਾਨਾ’,

ਯਾਦ ਤੇਰੀ ਦਾ ਜੁਗਨੂੰ ਆਇਆ ਕਮਰੇ ਵਿਚ।


ਦੇਵਿੰਦਰ ਕੌਰ - ਨਜ਼ਮ

ਬੜਾ ਫ਼ਰਕ ਹੁੰਦਾ ਹੈ...

ਨਜ਼ਮ

ਉਲਫ਼ਤ ਦੀਆਂ ਰਾਹਾਂ ਵਿਚ

ਝੂਠੇ ਗਵਾਹਾਂ ਵਿਚ

ਕਾਵਾਂ ਦੀ ਟੋਲੀ ਵਿਚ

ਕੋਇਲ ਦੀ ਬੋਲੀ ਵਿਚ

ਬੜਾ ਫ਼ਰਕ ਹੁੰਦਾ ਹੈ!

...........

ਸੱਚ ਦਿਆਂ ਬੋਲਾਂ ਵਿਚ

ਝੂਠ ਦੇ ਤੋਲਾਂ ਵੋਚ

ਪਾਂਧੇ ਦੀ ਪੱਤਰੀ ਵਿਚ

ਗੁਆਂਢੀ ਦੀ ਬੱਕਰੀ ਵਿਚ

ਬੜਾ ਫ਼ਰਕ ਹੁੰਦਾ ਹੈ!

...........

ਮੋਰ ਦੀ ਚਾਲ ਵਿਚ

ਸ਼ੇਰ ਦੀ ਛਾਲ਼ ਵਿਚ

ਹੀਰ ਦੀ ਚੂਰੀ ਵਿਚ

ਵਿਧਵਾ ਦੀ ਮਜਬੂਰੀ ਵਿਚ

ਬੜਾ ਫ਼ਰਕ ਹੁੰਦਾ ਹੈ!

...........

ਫ਼ੋਕਿਆਂ ਫ਼ਰਜ਼ਾਂ ਵਿਚ

ਝੂਠੀਆਂ ਰਸਮਾਂ ਵਿਚ

ਵੇਸਵਾ ਦੇ ਹਾਸੇ ਵਿਚ

ਝੂਠੇ ਧਰਵਾਸੇ ਵਿਚ

ਬੜਾ ਫ਼ਰਕ ਹੁੰਦਾ ਹੈ!


Friday, July 10, 2009

ਇਫ਼ਤਿਖ਼ਾਰ ਨਸੀਮ - ਉਰਦੂ ਰੰਗ

ਗ਼ਜ਼ਲ

ਅਪਨਾ ਸਾਰਾ ਬੋਝ ਜ਼ਮੀਂ ਪਰ ਫੇਂਕ ਦੀਆ।

ਤੁਝ ਕੋ ਖ਼ਤ ਲਿੱਖਾ ਔਰ ਲਿਖ ਕਰ ਫੇਂਕ ਦੀਆ।

----

ਖ਼ੁਦ ਕੋ ਸਾਕਿਨ* ਦੇਖਾ ਠਹਿਰੇ ਪਾਨੀ ਮੇਂ,

ਜਾਨੇ ਕਯਾ ਸੋਚਾ ਥਾ ਪੱਥਰ ਫੇਂਕ ਦੀਆ।

----

ਦੀਵਾਰੇਂ ਕਯੂੰ ਖ਼ਾਲੀ ਖ਼ਾਲੀ ਲਗਤੀ ਹੈਂ,

ਕਿਸ ਨੇ ਘਰ ਸੇ ਸਭ ਕੁਛ ਬਾਹਰ ਫੇਂਕ ਦੀਆ।

----

ਖ਼ੁਸ਼ਕ ਬਦਨ ਕਰਨੇ ਕੀ ਖ਼ਾਤਿਰ ਨਿਕਲਾ ਥਾ,

ਬਾਰਿਸ਼ ਨੇ ਫਿਰ ਮੁਝ ਪੇ ਸਮੰਦਰ ਫੇਂਕ ਦੀਆ।

----

ਵੋ ਕੈਸਾ ਥਾ ਉਸ ਕੋ ਕਹਾਂ ਪਰ ਦੇਖਾ ਥਾ,

ਅਬ ਤੋ ਆਖੋਂ ਨੇ ਹਰ ਮੰਜ਼ਰ ਫੇਂਕ ਦੀਆ।

*******

ਸਾਕਿਨ ਠਹਿਰਿਆ ਹੋਇਆ

*******

ਗ਼ਜ਼ਲ ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ: ਸੁਰਿੰਦਰ ਸੋਹਲ


ਸੁਖਿੰਦਰ - ਨਜ਼ਮ

ਦਹਿਸ਼ਤ

ਨਜ਼ਮ

ਬੰਬਾਂ ਅਤੇ ਬੰਦੂਕਾਂ ਨਾਲ ਹੀ

ਦਹਿਸ਼ਤ ਨਹੀਂ ਫੈਲਦੀ-

ਸ਼ਬਦ ਵੀ ਵਿਸਫੋਟਕ ਹੋ

ਮਨੁੱਖੀ ਚੇਤਨਾ ਨੂੰ

ਚੀਥੜਾ, ਚੀਥੜਾ ਕਰ ਸਕਦੇ ਹਨ

...............

ਹਾਸੇ ਦੀ ਖੜਖੜ ਪਿਛੇ ਲੁਕੀ

ਵਿਅੰਗ ਦੀ ਲੇਜ਼ਰ ਬੀਮ ਵੀ

ਤੁਹਾਡੀ ਰੀੜ੍ਹ ਦੀ ਹੱਡੀ ਦੇ

ਮਣਕਿਆਂ ਨੂੰ, ਇੱਕ ਇੱਕ ਕਰਕੇ

ਚੀਨਾ, ਚੀਨਾ ਕਰ ਸਕਦੀ ਹੈ

.................

ਧਰਮ, ਜ਼ਾਤ-ਪਾਤ, ਰੰਗ, ਨਸਲ ਦਾ ਭੇਦ

ਮਨੁੱਖਾਂ ਨਾਲ ਹੋਏ ਜਾਨਵਰਾਂ ਵਰਗੇ

ਵਰਤਾਓ ਦਾ ਰੂਪ ਵਟਾ

ਮਨੁੱਖਾਂ ਦੀ ਮਾਨਸਿਕਤਾ ਵਿੱਚ

ਤਰੇੜਾਂ ਪੈਦਾ ਕਰ ਸਕਦਾ ਹੈ

.......................

ਦੱਬੇ ਕੁਚਲੇ ਲੋਕਾਂ ਨੂੰ

ਪੈਰਾਂ ਥੱਲੇ ਲਿਤਾੜੀ ਰੱਖਣ ਦੀ

ਸਾਜ਼ਿਸ਼ ਅਧੀਨ, ਗਰੀਬ ਰੱਖਿਆ ਜਾਣਾ

ਸਮੇਂ ਨਾਲ, ਐਟਮ ਬੰਬ ਬਣ ਸਕਦਾ ਹੈ

............................

ਔਰਤ ਨੂੰ ਉਮਰ ਭਰ

ਗੁਲਾਮੀ ਦੀਆਂ ਜ਼ੰਜੀਰਾਂ

ਜਕੜੀ ਰੱਖਣ ਲਈ

ਦਿਮਾਗ਼ ਨੂੰ ਜੰਦਰਾਬੰਦ ਕਰਨਾ

ਵਿਦਰੋਹ ਦੇ ਭਾਂਬੜ ਬਾਲ ਸਕਦਾ ਹੈ

....................

ਬੇਗੁਨਾਹ ਰੁੱਖਾਂ ਉੱਤੇ ਡਿੱਗ ਰਹੀ

ਅੱਤਿਆਚਾਰੀ ਬਿਜਲੀ ਨੂੰ ਦੇਖ

ਸਾਜ਼ਿਸ਼ੀ ਚੁੱਪ ਵੱਟ ਲੈਣੀ ਵੀ

ਘੋਰ ਤਬਾਹੀ ਨੂੰ ਜਨਮ ਦੇ ਸਕਦੀ ਹੈ

ਦੋਸਤੀ ਦਾ ਮਖੌਟਾ ਪਾ ਕੇ

ਕਿਸੀ ਦੀਆਂ ਭਾਵਨਾਵਾਂ ਨੂੰ

ਤਹਿਸ ਨਹਿਸ ਕਰਨਾ

ਘੋਰ ਨਫ਼ਰਤ ਨੂੰ

ਜਨਮ ਦੇ ਸਕਦਾ ਹੈ

................

ਦਹਿਸ਼ਤ-

ਬੰਬਾਂ ਅਤੇ ਬੰਦੂਕਾਂ ਨਾਲ ਹੀ

ਨਹੀਂ ਫੈਲਦੀ

ਦਹਿਸ਼ਤ

ਤਾਂ ਸਾਡੀ ਚੇਤਨਾ ਵਿੱਚ

ਸੁਲਗ ਰਹੀ

ਬੇਗਾਨਗੀ ਦਾ ਵਿਸਤਾਰ ਹੁੰਦਾ ਹੈ!


Thursday, July 9, 2009

ਡਾ: ਅਮਰਜੀਤ ਕੌਂਕੇ - ਨਜ਼ਮ

ਫਿਸ਼ ਏਕੂਏਰੀਅਮ

ਨਜ਼ਮ

ਉਸਦੀ ਉਮਰ

ਉਦੋਂ ਪਿਆਰ ਆਇਆ

ਜਦੋਂ ਉਸਦੇ ਬੱਚਿਆਂ ਦੇ

ਪਿਆਰ ਕਰਨ ਦੀ ਉਮਰ ਸੀ

....................

ਉਦੋਂ ਜਗੇ ਉਸਦੇ ਨੈਣਾਂ ਚ ਸੁਪਨੇ

ਜਦੋਂ ਪਰਿੰਦਿਆਂ ਦੇ

ਘਰ ਪਰਤਣ ਦਾ ਵੇਲ਼ਾ ਸੀ

...................

ਉਸਦੀ ਉਮਰ

ਜਦੋਂ ਆਇਆ ਪਿਆਰ

ਤਾਂ ਉਸਨੂੰ ਫਿਸ਼ ਏਕੂਏਰੀਅਮ ਚ ਪਈਆਂ

ਮਛਲੀਆਂ ਤੇ ਡਾਢਾ ਤਰਸ ਆਇਆ

ਵਗਾਹ ਕੇ ਮਾਰਿਆ ਫਰਸ਼ ਤੇ ਉਸਨੇ

ਕੱਚ ਦਾ ਮਰਤਬਾਨ

ਮਛਲੀਆਂ ਨੂੰ ਆਜ਼ਾਦ ਕਰਨ ਲਈ

ਤੜਪ ਤੜਪ ਕੇ ਮਰੀਆਂ ਮਛਲੀਆਂ

ਫਰਸ਼ ਤੇ

ਪਾਣੀ ਬਗੈਰ

......................

ਉਹ ਝੱਲੀ ਨਹੀਂ ਸੀ ਜਾਣਦੀ

ਕਿ ਮਛਲੀਆਂ ਨੂੰ

ਆਜ਼ਾਦ ਕਰਨ ਦੇ ਭਰਮ

ਉਸਨੇ ਮਛਲੀਆਂ ਤੇ....

..................

ਕਿੰਨਾ ਜ਼ੁਲਮ ਕੀਤਾ ਹੈ।

=========

ਉਸ ਕੋਲ਼ ਬੈਠਿਆਂ

ਨਜ਼ਮ

1)

ਸੁਰਮਈ ਸ਼ਾਮ ਨੂੰ

ਹਰੇ ਘਾਹ ਤੇ

ਉਸਦੀਆਂ ਅੱਖਾਂ ਚ ਤੱਕਦਿਆਂ

ਸੋਚਿਆ ਮੈਂ

ਕਿ ਜੇ ਸਾਰੀ ਜ਼ਿੰਦਗੀ

ਇਉਂ ਹੀ ਗੁਜ਼ਰਦੀ

ਤਾਂ ਬਸ ਪਲ ਕੁ ਭਰ ਦੀ ਹੁੰਦੀ

2)

ਸੁਰਮਈ ਸ਼ਾਮ ਨੂੰ

ਹਰੇ ਘਾਹ ਤੇ

ਉਸ ਕੋਲ਼ ਬੈਠਿਆਂ

ਮੈਂ ਉਸਨੂੰ ਕਿਹਾ

ਕੋਈ ਗੱਲ ਕਰ

...............

ਉਹ ਬੋਲੀ

ਜਦੋਂ ਚੁੱਪ ਚੁੱਪ ਨਾਲ਼

ਸੰਵਾਦ ਕਰ ਰਹੀ ਹੋਵੇ

ਤਾਂ ਸ਼ਬਦਾਂ ਨੂੰ

ਨਿਰਾਰਥਕ ਗੁਆਉਂਣ ਦਾ ਕੀ ਲਾਭ




Wednesday, July 8, 2009

ਸੰਤੋਖ ਧਾਲੀਵਾਲ - ਨਜ਼ਮ

ਭੈੜੇ ਨਤੀਜੇ

ਨਜ਼ਮ

ਤੇਜੋ ਨੇ ਅੱਜ ਫੇਰ

ਧਰੇਕ ਵਾਂਗੂੰ ਵਧੀ ਜਾਂਦੀ

ਆਪਣੀ ਧੀ

ਛਿੰਦੋ ਨੂੰ ਝਿੜਕਿਆ ਹੈ

.....................

ਨੀ ਕੁਲੈਹਣੀਏਂ!

ਠਹਿਰ ਜਾਹ

ਐਡੀਆਂ ਕਾਹਲੀਆਂ ਨਾ ਕਰ

ਕਿਉਂ ਮੇਰੇ ਧੌਲੇ ਖੱਜਲ ਕਰਨ ਡਹੀ ਏਂ

ਹੋਰ ਚਾਰ ਦਿਹਾੜੇ ਅਟਕ ਜਾਹ

ਹੋ ਲਵੀਂ ਤੂੰ ਵੀ ਜੁਆਨ....

.........................

ਨਿੱਤ ਵਿਹੜੇ ਚ ਖੜੋ

ਅੰਗੜਾਈਆਂ ਲੈਂਦੀ ਰਹਿੰਦੀ ਏਂ

ਵਾਲ ਵਾਹੁੰਦੀ

ਕਿਰਨਾਂ ਵਰਗੇ ਗੀਤ ਗੁਣਗੁਣਾਉਂਦੀ ਏਂ

ਅੱਡੀਆਂ ਕੂਚਦੀ

ਦੁਪਹਿਰਾਂ ਚਾੜ੍ਹ ਦਿੰਦੀ ਏਂ

ਕੁਝ ਢਿੱਡ ਝੁਲਕੇ ਦੀ ਵੀ ਸੰਸਾ ਕਰਿਆ ਕਰ

ਮੇਰੇ ਬੁੱਢੇ ਅੰਗਾਂ ਨੂੰ

ਸਹਾਰਾ ਦੇਣ ਦੀ ਵੀ ਸੋਚਿਆ ਕਰ

..............................

ਅਗਲੇ ਵਰ੍ਹੇ ਆਪਣੀ ਪੰਜ ਕਲਿਆਣੀ ਝੋਟੀ

ਨਵੇਂ ਦੁੱਧ ਹੋ ਜੂ

ਕਿਸੇ ਨੂੰ ਉਸਦਾ ਸੰਗਲ ਫੜਾ

ਤੇਰਾ ਡੋਲਾ ਤੋਰ ਦੂੰ ਗੀ

ਫੇਰ ਕਰ ਲਵੀਂ ਇਹ ਸਾਰੇ ਸ਼ੌਂਕ ਪੂਰੇ

............................

(ਪਰ) ਕਦੋਂ ਸੁਣਦੀ ਸੀ

ਸੋਲ੍ਹਵੇਂ ਨੂੰ ਢੁੱਕੀ

ਛਿੰਦੋ

ਉਹ ਤਾਂ ਟਪੂਸੀ ਮਾਰ

ਮਾਂ ਦੀ ਝਿੜਕ ਦੀਆਂ

ਭੀੜੀਆਂ ਬਾਹਵਾਂ ਚੋਂ

ਪਤਲਾ ਜਿਹਾ ਨਹੋਰਾ ਮਾਰ

ਤਿਲਕ ਗਈ

ਆਪਣੀ ਚੁੰਨੀ ਸਿਰ ਤੋਂ ਖਿਸਕਾ

ਮੋਢਿਆਂ ਤੋਂ ਦੀ...

ਹਿੱਕ ਤੇ ਵਿਛਾ ਲਈ

........................

ਸੁੰਨੀ ਗਲੀ ਚ ਹਾਸੇ ਦੀ ਲਕੀਰ ਵਾਹ

ਪੋਲਾ ਜਿਹਾ ਮੁਸਕਰਾਈ-

ਸਿਰ ਤੇ ਚੁੰਨੀ ਦਾ ਸਿਰਫ਼

ਵਿਹੜੇ ਦੀਆਂ ਕੰਧਾਂ ਨਾਲ ਹੀ

ਰਿਸ਼ਤਾ ਹੁੰਦਾ ਹੈ

ਗਲ਼ੀਆਂ ਤੋਂ ਕਿਉਂ ਸੰਗਦੀ ਫਿਰਾਂ?”

................

ਸੱਥ ਵਿਚ ਗਰਨਿਆਂ ਤੇ ਬੈਠੀ

ਢਲ਼ੀ ਰੁੱਤ ਦੀ ਦੰਦ-ਕਥਾ

ਮੱਛਰੇ ਲੰਬੜ ਦੇ ਪੁੱਤਾਂ ਵਾਂਗੂੰ

ਚਗਲ਼ੀਆਂ ਗੱਲਾਂ ਤੇ ਉੱਤਰ ਆਈ

...........................

ਬਚਨੇ ਅਮਲੀ ਨੇ ਕੰਡੇਰਨੇ ਵਰਗੀ

ਦਾਹੜੀ ਤੇ ਰਾਲ੍ਹ ਸੁੱਟਦਿਆਂ

ਖੰਘੂਰਾ ਮਾਰਿਆ,

ਕਿੱਡਾ ਕੱਦ ਕੱਢਿਆ ਮਰ ਜਾਣੀ ਤੇਜੋ ਦੀ ਧੀ ਨੇ

ਇਹ ਤਾਂ ਸਾਰੇ ਪਿੰਡ ਦੇ ਮੁੰਡੇ ਪੱਟ ਦੂ

ਵੇਖੇਂ ਨਾ ਬਾਈ ਸਿਆਂ

ਮੇਰੇ ਸਾਲੇ ਦੀ ਕਿਵੇਂ

ਦੁਪੱਟੇ ਦੀਆਂ ਕੰਨੀਆਂ ਲੜ

ਸਿਖਰ ਦੁਪਹਿਰਾਂ ਬੰਨ੍ਹੀ ਫਿਰਦੀ ਹੈ

ਬੁੱਲ੍ਹਾਂ ਤੇ

ਹਾਸਿਆਂ ਦੇ ਲੇੜ ਚਾੜ੍ਹੀ ਫਿਰਦੀ ਹੈ

ਧਰਤੀ ਤੇ ਪੱਬ ਹੀ ਨਹੀਂ ਲਾਉਂਦੀ

ਏਡੀ ਲੋਹੜੇ ਮਾਰ ਵਾਸ਼ਨਾ ਦੀ

ਮੁੰਡੀਰ ਪੈੜ ਦੱਬੂ ਨਾ ਤੇ ਕੀ ਕਰੂ-

ਸਾਰੇ ਪਿੰਡ ਦਾ ਨੱਕ ਵੱਢਿਆ ਜਾਣੈ

.............................

ਸਰਪੰਚ ਨੂੰ ਆਖੋ ਕਿ ਹੁਣੇ

ਤੇਜੋ ਨੂੰ ਸੱਥ ਵਿਚ ਤਲਬ ਕਰੇ

ਤੇ ਨਾਲ ਹੀ

ਕੰਮੀਆਂ ਦੇ ਵਿਹੜੇ

ਢੰਡੋਰਾ ਵੀ ਫਿਰਾ ਦੇਵੇ

ਕਿ

ਉਹ ਆਪਣੀਆਂ ਧੀਆਂ ਨੂੰ

ਜੁਆਨ ਹੋਣੋ ਰੋਕਣ

ਵਰਨਾ

ਨਤੀਜੇ ਚੰਗੇ ਨਹੀਂ ਨਿਕਲਣੇ


ਕੇਹਰ ਸ਼ਰੀਫ਼ - ਨਜ਼ਮ

ਭੱਖੜਾ

ਨਜ਼ਮ

ਭਰਿਆਂ ਸ਼ਹਿਰਾਂ ਦੀ ਵੀਰਾਨਗੀ

ਚੁਭਦੀ ਭੱਖੜੇ ਵਾਂਗ

ਤੁਰੀ ਜਾਂਦੀ ਭੀੜ ਦਾ ਰੌਲ਼ਾ ਵੀ

ਚੁੱਪ ਵਰਗਾ ਹੀ ਲਗਦਾ ਹੈ

ਅੰਦਰ ਉਬਲਣ ਲੱਗ ਪੈਂਦਾ ਹੈ

ਸਾਰੇ ਦਾ ਸਾਰਾ

ਲਾਵੇ ਵਾਂਗ

ਜ਼ਿਹਨ ਘੁੰਮ ਜਾਂਦਾ ਹੈ

ਭੰਬੀਰੀ ਵਾਂਗ

ਅੰਦਰੋਂ ਉਠਦਾ ਹੈ

ਗ਼ਮ ਦੇ ਵਰੋਲ਼ੇ ਵਰਗਾ ਕੁੱਝ

...................

ਇਸ ਘੁੰਮਣਘੇਰੀ ਵਿਚ

ਸਾਡੇ ਨੰਗੇ ਪਿੰਡੇ ਤੇ ਉੱਗ ਆਏ

ਸਲੂਣੇ ਹੰਝ ਵਿਚੋਂ

ਪ੍ਰਗਟ ਹੋ ਜਾਂਦਾ ਹੈ

ਦੂਰ ਦਿਸਦੀ-ਅਣਦਿਸਦੀ

ਯਾਦ ਦਾ ਖੁੱਲ੍ਹਾ ਮੈਦਾਨ....

ਜਿਸ ਤੇ ਉਭਰ ਆਉਂਦੇ ਹਨ

ਕੱਚ-ਕੁਆਰੇ ਮਰ ਗਏ ਸੁਪਨੇ

ਅਤੇ ਖ਼ਾਮੋਸ਼ ਹੋਏ

ਟੱਲੀ ਵਾਂਗ ਟਣਕਦੇ ਹਾਸੇ

ਜੀਹਦੇ ਵਿਚ ਟੁੱਟ ਗਈਆਂ

ਘੂਕਦਿਆਂ ਚਰਖਿਆਂ ਦੀਆਂ ਮਾਲ੍ਹਾਂ

ਬਲਦਾਂ ਦੇ ਗਲ਼ਾਂ ਦੀਆਂ ਘੁੰਗਰਾਲ਼ਾਂ

ਮੱਥੇ ਬੰਨ੍ਹੀਆਂ ਕੌਡੀਆਂ ਦੀਆਂ ਮਾਲ਼ਾਂ

.............................

ਘੁਣ ਨੇ ਖਾ ਲਏ ਹਨ...

ਪੰਜਾਲੀ, ਮੁਠੀਏ ਤੇ ਅਰਲਾਂ

ਸੁਹਾਗੇ ਦੀ ਪੱਤੀ ਨੂੰ ਖਾ ਗਿਆ ਜੰਗਾਲ

ਵਾਹਣ ਵੀ ਤਦੇ ਸੂਤ ਨਹੀਂ ਆਉਂਦੇ

ਮਾਂ ਦੀਆਂ ਪੇਕਿਆਂ ਤੋਂ ਲਿਆਂਦੀਆਂ

ਸੋਨੇ ਰੰਗੀਆਂ ਹੱਥੀਂ ਕੱਢੀਆਂ ਫੁਲਕਾਰੀਆਂ

ਪਸ਼ੂਆਂ ਦੇ ਸਿਆਲੂ ਝੁੱਲ ਬਣਕੇ

ਕਦੋਂ ਦੀਆਂ ਰਲ਼ ਗਈਆਂ ਹਨ

ਕੂੜੇ ਦੇ ਢੇਰ ਵਿਚ

...........................

ਭੈਣਾਂ ਦੀਆਂ ਚਾਵਾਂ ਨਾਲ ਕੱਢੀਆਂ

ਦਸੂਤੀ ਦੀਆਂ ਚਾਦਰਾਂ

ਹੁਣ ! ਸਮੇਂ ਦੇ ਮੇਚ ਨਹੀਂ ਰਹੀਆਂ

ਘਰਾਂ ਦੇ ਭੜੋਲੇ, ਗੋਹਲੇ, ਮੂਹੜੇ, ਬੋਹੀਏ ਤੇ ਪੱਖੀਆਂ

ਪਹੁੰਚ ਗਏ ਹਨ

ਸ਼ਹਿਰ ਦੇ ਮਿਊਜ਼ੀਅਮ ਵਿਚ

ਜਿੱਥੇ ਉਨ੍ਹਾਂ ਨੂੰ ਦੇਖਣ ਵਾਸਤੇ

ਸਾਡੇ ਬੱਚਿਆਂ ਨੂੰ

ਦਾਖਲਾ ਫੀਸ ਤਾਰਨੀ ਪੈਂਦੀ ਹੈ

..........................

ਪਤਾ ਨਹੀਂ ਇਹ ਹੀ ਹੁੰਦਾ ਹੈ

ਨਵੇਂ ਯੁੱਗ ਦਾ ਵੱਡਾ ਦਰਵਾਜਾ

ਜਾਂ ਉੱਤਰ-ਆਧੁਨਿਕੀ ਪ੍ਰਵੇਸ਼ ਦੁਆਰ

ਜਿੱਥੇ ਸੜ ਜਾਂਦੀਆਂ ਹਨ

ਬਾਲ ਮਨਾਂ ਦੀਆਂ ਸੱਧਰਾਂ

ਬਾਬੇ-ਦਾਦੀ ਦੀਆਂ ਸੁਣਾਈਆਂ ਸੱਚੀਆਂ ਕਹਾਣੀਆਂ

ਵੀ ਝੂਠ ਲਗਦੀਆਂ ਹਨ

ਫੇਰ ਸਵਾਲ ਦਰ ਸਵਾਲ ਜੰਮਦੀਆਂ ਹਨ

ਮੱਥੇ ਦੀਆਂ ਤੀਊੜੀਆਂ

ਅਤੇ ਨਵੇਂ ਜੰਮੇ ਸਵਾਲ

ਚੁਭਦੇ ਹਨ, ਭੱਖੜੇ ਵਾਂਗ

ਸਾਡੇ ਮੱਥੇ ਵਿਚ


Tuesday, July 7, 2009

ਹਰਭਜਨ ਸਿੰਘ ਮਾਂਗਟ - ਗੀਤ

ਗੀਤ

ਹਿਜਰਾਂ ਦੀ ਰੁੱਤ ਘਣੀ ਵੇ ਮਾਹੀਆ

ਵਾਂਗ ਪਪੀਹੇ ਫਿਰਾਂ ਭਾਲ਼ਦੀ,

ਸਵਾਂਤ-ਬੂੰਦ ਦੀ ਕਣੀ ਵੇ ਮਾਹੀਆ.....

ਹਿਜਰਾਂ ਦੀ ਰੁੱਤ......

----

ਆਣ ਬਦਲ਼ੀਆਂ, ਜਾਣ ਬਦਲ਼ੀਆਂ

ਛਮ ਛਮ ਮੀਂਹ ਵਰਸਾਣ ਬਦਲ਼ੀਆਂ

ਇਕ ਧਰਤੀ ਦਾ ਲੂੰ ਲੂੰ ਭਿੱਜਿਆ,

ਇਕ ਧਰਤੀ ਤੇ ਬਣੀ ਵੇ ਮਾਹੀਆ....

ਹਿਜਰਾਂ ਦੀ ਰੁੱਤ....

----

ਆਣ ਬਹਾਰਾਂ, ਜਾਣ ਬਹਾਰਾਂ,

ਬਾਗੀਂ ਫੁੱਲ ਖਿੜਾਣ ਬਹਾਰਾਂ,

ਪਰ ਇਕ ਫੁੱਲ ਦੀਆਂ ਅੱਖੀਆਂ ਵਿਚੋਂ,

ਪੀੜ-ਉਮਰ ਭਰ ਛਣੀ ਵੇ ਮਾਹੀਆ....

ਹਿਜਰਾਂ ਦੀ ਰੁੱਤ.....

----

ਡੰਗ ਨਾਗਾਂ ਦੇ ਜਿੰਦੜੀ ਖਾਧੇ,

ਰੁਸ ਗਏ ਸਾਥੋਂ ਜਿਵੇਂ ਸਪਾਧੇ,

ਪਰ ਨਾ ਸਾਨੂੰ ਉਸਨੇ ਡੰਗਿਆ,

ਜਿਸ ਦੇ ਮੱਥੇ ਮਣੀ ਵੇ ਮਾਹੀਆ....

ਹਿਜਰਾਂ ਦੀ ਰੁੱਤ......


ਕੇਸਰ ਸਿੰਘ ਨੀਰ - ਗੀਤ

ਗੀਤ

ਮਿੱਠੀ ਮਿੱਠੀ ਪੀੜ ਕਿਹੀ ਦਿੱਤੀ ਏ ਵੇ ਮਹਿਰਮਾ!

ਮਿੱਠੀ ਮਿੱਠੀ ਜਿੰਦ ਗਈ ਹੋ।

----

ਨਿੱਕੀ ਨਿੱਕੀ ਨੀਝ ਤੇਰਾ ਮੁੱਖੜਾ ਨਿਹਾਰਿਆ,

ਸੁੱਚੀ ਸੁੱਚੀ ਜਗੀ ਨੈਣੀਂ ਲੋਅ।

----

ਭਿੰਨੀ ਭਿੰਨੀ ਉੱਠੀ ਮੇਰੇ ਲੂੰਆਂ ਚੋਂ ਸੁਗੰਧੜੀ,

ਨਿੱਕੀ ਨਿੱਕੀ ਦਿੱਤੀ ਕਿਹੀ ਛੋਹ।

----

ਭੋਰਾ ਭੋਰਾ ਜਿੰਦ ਅਸਾਂ ਮੁੱਲ ਚ ਚੁਕਾਈ ਵੇ,

ਲੀਤਾ ਈ ਵਿਹਾਜ ਤੇਰਾ ਮੋਹ।

----

ਕੂਲ਼ਾ ਕੂਲ਼ਾ ਬੂਟਾ ਤੇਰੀ ਯਾਦ ਦਾ ਵੇ ਪਾਲ਼ਿਆ,

ਕੂਲ਼ਾ ਕੂਲ਼ਾ ਨੀਰ ਨੈਣੋਂ ਚੋ।

----

ਖੀਵੀ ਖੀਵੀ ਹੋਵੇ ਪਈ ਰੂਹ ਦੀ ਮੁਟਿਆਰ ਨੇ,

ਆਵੇ ਜਦੋਂ ਤੇਰੀ ਕਣਸੋਅ।

----

ਦੇਵੀਂ ਦੇਵੀਂ ਇੱਕੋ ਹੀ ਸੁਆਂਤ ਬੂੰਦ ਬੂੰਦ ਦੀ,

ਸਿੱਕਦੇ ਪਪੀਹੇ ਨੈਣ ਦੋ।

----

ਨੇੜੇ ਨੇੜੇ ਜਿੰਦੜੀ ਦੇ ਰਹੇਂ ਵੇ ਤੂੰ ਹਾਣੀਆਂ!

ਸਾਹਵਾਂ ਵਿੱਚ ਲਵਾਂ ਮੈਂ ਪਰੋ।

----

ਤਿੱਖੀ ਤਿੱਖੀ ਨਿਗ੍ਹਾ ਏਸ ਜੱਗ ਦੀ ਵੇ ਵੈਰੀਆ,

ਭੈੜੇ ਭੈੜੇ ਏਸ ਦੇ ਧਰੋਹ।

----

ਸੌੜਾ ਸੌੜਾ ਸਾਡਾ ਏਹੋ ਸੜਨਾ ਸਮਾਜ ਵੇ,

ਦਿੰਦਾ ਈ ਪ੍ਰੀਤੀਆਂ ਨੂੰ ਕੋਹ।

----

ਪੱਕੀ ਪੱਕੀ ਸਾਡੀ ਤਾਂ ਪਿਆਰ ਵਾਲ਼ੀ ਤੰਦ ਵੇ,

ਤੋੜ ਨਾ ਸਕੇਗਾ ਇਹਨੂੰ ਕੋ।

----

ਮਿੱਠੀ ਮਿੱਠੀ ਪੀੜ ਕਿਹੀ ਦਿੱਤੀ ਏ ਵੇ ਮਹਿਰਮਾ!

ਮਿੱਠੀ ਮਿੱਠੀ ਜਿੰਦ ਗਈ ਹੋ।


Monday, July 6, 2009

ਕੁਲਜੀਤ ਕੌਰ ਗ਼ਜ਼ਲ - ਗ਼ਜ਼ਲ

ਗ਼ਜ਼ਲ

ਇਸ਼ਕ ਤੇਰਾ ਇਕ ਨਸ਼ਾ ਜਾਂ ਜ਼ਹਿਰ ਹੈ।

ਸਿਰ ਮੇਰੇ ਬੇਹੋਸ਼ੀਆਂ ਦਾ ਕਹਿਰ ਹੈ।

----

ਜਿਸ ਤਰ੍ਹਾਂ ਨੇ ਨੈਣ ਮੇਰੇ ਬਿਨ ਤੇਰੇ,

ਇਸ ਤਰ੍ਹਾਂ ਸੁੰਨਸਾਨ ਤੇਰਾ ਸ਼ਹਿਰ ਹੈ।

----

ਸ਼ਾਮ ਨੂੰ ਮੁੜਿਆ ਤਾਂ ਖੰਡਰ ਹੋਣਗੇ,

ਆ ਕਿ ਜੋਬਨ ਦੀ ਅਜੇ ਦੁਪਹਿਰ ਹੈ।

----

ਗ਼ਮ ਹੀ ਗ਼ਮ ਅੰਦਰ ਤੇ ਮੁਖ ਤੇ ਰੌਣਕਾਂ,

ਵੇਖ ਸਾਡੇ ਦਿਲ ਚ ਕਿੰਨੀ ਗਹਿਰ ਹੈ।

----

ਤਰਸਦੇ ਨੇ ਨੈਣ ਉਸਦੀ ਦੀਦ ਨੂੰ,

ਕੀ ਪਤਾ ਕਿੱਥੇ ਕੁ ਉਸਦੀ ਠਹਿਰ ਹੈ।

----

ਹਰ ਤਰਫ਼ ਨੇ ਲੋਕ ਹੁਣ ਸੱਪਾਂ ਜਿਹੇ,

ਹਰ ਤਰਫ਼ ਘੁਲ਼ਿਆ ਫ਼ਿਜ਼ਾ ਵਿਚ ਜ਼ਹਿਰ ਹੈ।

----

ਮਨ ਮੇਰਾ ਲਾਉਂਦਾ ਉਡਾਰੀ ਅੰਬਰੀਂ,

ਅੰਬਰਾਂ ਦੀ ਮਾਪਦਾ ਇਹ ਗਹਿਰ ਹੈ।

----

ਤਰਸਦੀ ਹਰ ਸਤਰ ਤੇਰੀ ਕ਼ੈਦ ਨੂੰ,

ਬਿਨ ਤੇਰੇ ਤੇਰੀ ਗ਼ਜ਼ਲ ਬੇ-ਬਹਿਰ ਹੈ।

Sunday, July 5, 2009

ਹਰਜਿੰਦਰ ਕੰਗ - ਗੀਤ

****************************************************
ਗੀਤ
ਏਨਾ ਟੁੱਟ ਗਿਆ ਹਾਂ ਅੜੀਏ ਮੁੜ ਕੇ ਮੈਥੋਂ ਜੁੜ ਨਈਂ ਹੋਣਾ
ਪਰਦੇਸਾਂ ਵਿਚ ਰੁਲ਼ ਜਾਣਾ ਏ ਹੁਣ ਵਤਨਾਂ ਨੂੰ ਮੁੜ ਨਈਂ ਹੋਣਾ।
ਖ਼ਾਬਾਂ ਦੀ ਇਕ ਸੇਜ ਸਜਾ ਕੇ ਰੰਗਲੇ ਪਲੰਘ ਨੁਆਰੀ ‘ਤੇ...
ਮੇਰੇ ਨਾਂ ਦਾ ਫੁੱਲ ਨਾ ਪਾਈਂ ਤੂੰ ਆਪਣੀ ਫੁਲਕਾਰੀ ‘ਤੇ।
-----
ਵਗਦੇ ਪਾਣੀ ਵਿਚ ਵਹਾ ਦੇਈਂ ਮਣਕੇ ਓਸ ਜ਼ੰਜੀਰੀ ਦੇ
ਨਾਲ਼ ਵਹਾ ਦੇਈਂ ਟੁਕੜੇ ਕਰਕੇ ਮੇਰੇ ਖ਼ਤ ਅਖ਼ੀਰੀ ਦੇ।
ਸਹੁੰ ਤੈਨੂੰ ਜੇ ਸੋਗ ਮਨਾਇਆ ਮੇਰੀ ਕਿਸਮਤ ਹਾਰੀ ‘ਤੇ...
ਮੇਰੇ ਨਾਂ ਦਾ ਫੁੱਲ ਨਾ ਪਾਈਂ...................
----
ਬੀਤੇ ਪਲ ਭੁਲਾਉਂਣੇ ਔਖੇ ਪਰ ਬੀਤੇ ਨੂੰ ਭੁੱਲ ਜਾਈਂ ਤੂੰ
ਜ਼ਿੰਦਗੀ ਦੀ ਤਸਵੀਰ ‘ਚ ਮੁੜ ਕੇ ਰੰਗਾਂ ਵਾਂਗੂੰ ਘੁਲ਼ ਜਾਈਂ ਤੂੰ।
ਝਿਲਮਿਲ ਕਰਦੇ ਮੋਤੀ ਲਾ ਕੇ ਗੋਟੇਦਾਰ ਕਿਨਾਰੀ ‘ਤੇ.....
ਮੇਰੇ ਨਾਂ ਦਾ ਫੁੱਲ ਨਾ ਪਾਈਂ...................
-----
ਇੰਜ ਵੀ ਹੁੰਦੈ ਸੁਪਨੇ ਸਾਰੇ ਖ਼ੁਦ ਦਫ਼ਨਾਉਂਣੇ ਪੈ ਜਾਂਦੇ ਨੇ
ਕਦੇ ਕਦੇ ਜਿਉਂ ਅੰਗ ਨਕਾਰੇ ਆਪ ਕਟਾਉਂਣੇ ਪੈ ਜਾਂਦੇ ਨੇ।
ਟੁੱਟੇ ਤਾਰੇ ਦਾ ਸਰਨਾਵਾਂ ਮਿਲ਼ੇ ਨਾ ਦੁਨੀਆਂ ਸਾਰੀ ‘ਤੇ....
ਮੇਰੇ ਨਾਂ ਦਾ ਫੁੱਲ ਨਾ ਪਾਈਂ.....................




Saturday, July 4, 2009

ਸਰਦਾਰ ਪੰਛੀ - ਗ਼ਜ਼ਲ

ਗ਼ਜ਼ਲ

ਮੇਰੇ ਕੋਲ਼ ਆਏ ਨੇ ਫੁੱਲ ਤਰਦੇ ਤਰਦੇ।

ਨਦੀ ਦੇ ਕਲੇਜੇ ਤੇ ਪਬ ਧਰਦੇ ਧਰਦੇ।

----

ਸਮੇਂ ਨੇ ਹੀ ਆਖ਼ਿਰ ਦਵਾ ਬਣ ਹੈ ਜਾਣਾ,

ਇਹ ਭਰ ਜਾਣਗੇ ਜ਼ਖ਼ਮ ਵੀ ਭਰਦੇ ਭਰਦੇ।

----

ਪਤਾ ਹੈ ਤੁਹਾਨੂੰ ਇਹ ਜਾਗ਼ਜ਼ ਦਾ ਸੱਪ ਹੈ,

ਤੇ ਫਿਰ ਕਾਹਨੂੰ ਹੱਥ ਲਾਉਂਦੇ ਹੋ ਡਰਦੇ ਡਰਦੇ।

----

ਇਹ ਅੱਗ ਵਿਚ ਨਹਾਇਆ ਨਹੀਂ ਹੈ ਕਦੇ ਵੀ,

ਹੈ ਖਰ ਜਾਣਾ ਕੱਚੇ ਘੜੇ ਖਰਦੇ ਖਰਦੇ।

----

ਜੇ ਪੁੱਛਣਾ ਹੈ, ਉਸ ਦੇ ਇਰਾਦੇ ਤੋਂ ਪੁੱਛੋ,

ਕਿਵੇਂ ਜੇਤੂ ਬਣਿਆ ਹੈ ਉਹ ਹਰਦੇ ਹਰਦੇ।

----

ਇਹ ਸੰਕਲਪ ਫਿਰ ਜ਼ਿੰਦਗੀ ਦੇ ਗਾ ਪੰਛੀ,

ਕਿ ਫਿਰ ਜੀ ਉਠਣ ਗੇ ਉਹੀ ਮਰਦੇ ਮਰਦੇ।


Friday, July 3, 2009

ਸੁਰਿੰਦਰ ਸਿੰਘ ਸੀਰਤ - ਨਜ਼ਮ

ਪਰਤਾਂ

ਨਜ਼ਮ

ਇਕ ਦਿਨ

ਜਦ ਮੈਂ ਲਹਿਰ ਜਿਹਾ ਹੋ

ਮਸਤੀ ਲੱਦਿਆ

ਇਕ ਛੱਲ ਬਣ ਕੇ

ਚੰਨ ਛੂਹਣ ਦਾ ਹੀਲਾ ਕੀਤਾ

ਮੇਰੀ ਪਹੁੰਚ...

ਮੇਰੇ ਇਸ਼ਟ ਦੇ ਮੇਚ ਨਾ ਆਈ!

..............

ਮੈਂ ਮੁੜ ਲਹਿਰ

ਫਿਰ

ਅਪਣ ਹਿੱਕ ਉੱਤੇ ਆ ਵਿਛਿਆ।

ਤੇ

ਕਿਧਰੇ ਕੋਈ ਚੰਨ ਨਹੀਂ ਸੀ

ਸੀਰਤਮਈ ਬਿਹਬਲਤਾ ਅਣਥੱਕ

ਮੈਂ ਫਿਰ ਅੰਦਰ ਝਾਤੀ ਮਾਰੀ

ਨੂਰ ਜਿਹਾ ਕੁਝ

ਨਜ਼ਰਾਂ ਸਾਹਵੇਂ ਆਣ ਖਲੋਤਾ।

...............

ਚੰਨ ਨੂੰ ਮੁੜ ਹਥਿਆਉਂਣ ਲਈ

ਮੈਂ ਫਿਰ ਚੁੱਭੀ ਮਾਰੀ

ਅਗਲੇ ਪਲ ਉਹ ਹੱਥਾਂ ਵਿਚੋਂ

ਸਰਕ ਗਿਆ ਸੀ

ਉਸਦਾ ਚਾਨਣ ਦੁੱਧਲ ਚਿੱਟਾ

ਹੋਰ ਡੂੰਘੇਰਾ

ਹੋਰ ਪਕੇਰਾ ਰੂ-ਬ-ਰੂ ਸੀ!

ਮੈਂ ਸਾਹੋ-ਸਾਹ ਹਫ਼ਿਆ!

ਬਿਹਬਲ

ਹੋਰ ਡੂੰਘੇਰਾ ਜਾ ਲੱਥਿਆ।

................

ਚਾਨਣ....ਚਾਨਣ

ਫੈਲ ਗਿਆ ਉਹ ਹਰ ਪਾਸੇ

ਹਰ ਦਿੱਖ-ਦਿਸ਼ਾ ਵਿਚ

ਮੈਂ ਨਿਸ਼ਚਿਤ

ਮਂ, ਪਰ

ਇਕ ਪਲ ਠਹਿਰ ਗਿਆ ਸਾਂ

.............

ਚਾਨਣ, ਚਾਨਣ

ਹਰ ਰਾਹ ਚਾਨਣ

ਹਰ ਸ਼ੈਅ ਚਾਨਣ

ਪਰ ਕਿਧਰੇ ਚੰਨ ਨਹੀਂ ਸੀ!

................

ਮੈਂ ਫਿਰ ਹੋਰ ਡੂੰਘੇਰਾ ਲੱਥਿਆ

ਧਰਤ ਦੀ ਛੋਹ ਵਿਚ

ਮਿੱਟੀ ਦੀ ਖ਼ੁਸ਼ਬੂ ਹਥਿਆਈ!

ਮੇਰੀ ਕਾਇਆ

ਅੱਥਰੂ ਅੱਥਰੂ ਬੂੰਦ ਸਮਾਈ

ਤੇ ਇਕ ਸਿੱਪ ਅੰਦਰ ਜਾ ਬੈਠੀ

ਮੈਂ ਹੁਣ

ਉਸ ਸਿੱਪ ਦਾ ਮੋਤੀ ਹਾਂ!


Thursday, July 2, 2009

ਪਾਲ ਢਿੱਲੋਂ - ਗ਼ਜ਼ਲ

ਗ਼ਜ਼ਲ

ਉਮਰ ਦੀ ਤਖ਼ਤੀ ਦਾ ਜਦ ਤੋਂ ਰੰਗ ਫਿੱਕਾ ਪੈ ਗਿਆ।

ਵਕ਼ਤ ਹਰ ਇਕ ਸ਼ੌਕ ਆਪੇ ਚੁਪ ਚੁਪੀਤੇ ਲੈ ਗਿਆ।

----

ਲੱਭਿਆਂ ਲੱਭਣੀ ਨਹੀਂ ਫੁੱਲਾਂ ਤੋਂ ਵਿਛੜੀ ਮਹਿਕ ਹੁਣ,

ਕੌਣ ਜਾਣੇ ਕਿਸ ਤਰਫ਼ ਪੌਣਾਂ ਦਾ ਬੁੱਲਾ ਲੈ ਗਿਆ।

----

ਓਸ ਜਾਦੂਗਰ ਦਿਆਂ ਨੈਣਾਂ ਚ ਸੀ ਜਾਦੂਗਰੀ,

ਪਲ ਚ ਹੀ ਉਹ ਖ਼ਾਬ ਨੈਣਾਂ ਚੋਂ ਚੁਰਾਕੇ ਲੈ ਗਿਆ।

----

ਨਾ ਕੋਈ ਮੰਜ਼ਿਲ ਮਿਲ਼ੀ ਨਾ ਘਰ ਟਿਕਾਣਾ ਉਮਰ ਭਰ,

ਸ਼ੌਕ ਇਹ ਕੈਸਾ ਸਫ਼ਰ ਦਾ ਬੱਦਲ਼ਾਂ ਨੂੰ ਪੈ ਗਿਆ।

----

ਆਪਣੀ ਹਸਤੀ ਮਿਟਾ ਕੇ ਹੀ ਰਹੂ ਆਖ਼ੀਰ ਨੂੰ,

ਸ਼ੌਕ ਦਰਿਆ ਨੂੰ ਸਫ਼ਰ ਦਾ ਸਾਗਰਾਂ ਵੱਲ ਲੈ ਗਿਆ।


Wednesday, July 1, 2009

ਰਾਜਿੰਦਰਜੀਤ - ਗ਼ਜ਼ਲ

ਗ਼ਜ਼ਲ

ਰੰਗ ਤੇ ਖ਼ੁਸ਼ਬੂ ਦੀ ਹੈ ਚਿੰਤਾ ਜਿਹੀ

ਚੁੱਪ ਕਿਉਂ ਸਾਰੇ ਦੇ ਸਾਰੇ ਹੋ ਗਏ।

ਜਾਂ ਤਾਂ ਫਿਰ ਫੁੱਲਾਂ ਨੂੰ ਹੀ ਕੁਝ ਹੋ ਗਿਆ

ਜਾਂ ਹਵਾ ਦੇ ਪੈਰ ਭਾਰੇ ਹੋ ਗਏ

----

ਇੱਕ ਪਾਸੇ ਤੂੰ ਤੇ ਇੱਕ ਪਾਸੇ ਹਾਂ ਮੈਂ

ਵਿੱਚ-ਵਿਚਾਲ਼ੇ ਜਜ਼ਬਿਆਂ ਦਾ ਵੇਗ ਹੈ

ਫੇਰ ਆਪਾਂ ਨੂੰ ਨਦੀ ਕਿਸ ਆਖਣਾ

ਇੱਕ ਜੇ ਦੋਨੇ ਕਿਨਾਰੇ ਹੋ ਗਏ

----

ਵਗ ਪਈ ਜਿਸ ਦਿਨ ਤੋਂ ਹੈ ਪੱਛੋਂ ਦੀ 'ਵਾ

ਪੀੜ ਦਾ ਬੱਦਲ਼ ਵੀ ਗੂੜਾ ਹੋ ਗਿਆ

ਸਾਗਰਾਂ ਪੁੱਛਿਆ ਹੈ ਨੈਣਾਂ ਦਾ ਪਤਾ

ਅੱਥਰੂ ਉਸ ਦਿਨ ਤੋਂ ਖਾਰੇ ਹੋ ਗਏ

----

ਹੁਣ ਨਹੀ ਸ਼ਬਦਾਂ 'ਚ ਉਸਦੇ ਨਾਜ਼ੁਕੀ

ਤੇ ਨਾ ਹੈ ਸਤਰਾਂ ਦੇ ਅੰਦਰ ਤਾਜ਼ਗੀ

ਨਾ ਉਹ ਖ਼ੁਸ਼ਬੂ ਨਾ ਉਹ ਰੰਗਤ ਹੀ ਰਹੀ

ਉਸਦੇ ਖ਼ਤ ਫੁੱਲਾਂ ਤੋਂ ਭਾਰੇ ਹੋ ਗਏ