ਅੱਜ ਮੈਂ ਇਹ ਖ਼ੂਬਸੂਰਤ ਗ਼ਜ਼ਲ ਘਣਗਸ ਸਾਹਿਬ ਵਰਗੇ ਸਾਰੇ ‘ਸੱਠਾਂ ਤੋਂ ਟੱਪ ਚੁੱਕੇ’ ਸਤਿਕਾਰਤ ਲੇਖਕ ਸਾਹਿਬਾਨਾਂ ਦੇ ਨਾਮ ਕਰਦੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਗ਼ਜ਼ਲ
ਭਾਲ਼ਦੈ ਰੰਗੀਨੀਆਂ ਹਰ ਆਦਮੀ, ਸੱਠਾਂ ਤੋਂ ਬਾਅਦ।
ਜਾਪਦੀ ਹੈ ਹਰ ਘੜੀ ਹੀ ਬੇ-ਰਸੀ, ਸੱਠਾਂ ਤੋਂ ਬਾਅਦ।
----
ਹਰ ਤਿਓੜੀ ਜਾਪਦੀ ਹੈ ਮੁਸਕਣੀ, ਸੱਠਾਂ ਤੋਂ ਬਾਅਦ।
ਹੋਰ ਵੀ ਲਗਦੀ ਹੈ ਸੁੰਦਰ ਇਸਤਰੀ, ਸੱਠਾਂ ਤੋਂ ਬਾਅਦ।
----
ਐਨਕਾਂ ਰਾਹੀਂ ਜਦੋਂ ਵੀ ਵੇਖਦੈ, ਤਾਂ ਏਸਨੂੰ,
ਦੂਰ ਵਾਲ਼ੀ ਚੀਜ਼ ਨੇੜੇ ਜਾਪਦੀ, ਸੱਠਾਂ ਤੋਂ ਬਾਅਦ।
----
ਪਿਆਸ ਵਧਦੀ, ਭੁੱਖ ਲਗਦੀ, ਨੀਂਦ ਉਡਦੀ ਏਸਦੀ,
ਲਾਲਚੀ, ਇਹ ਹੋਰ ਹੋਵੇ ਲਾਲਚੀ, ਸੱਠਾਂ ਤੋਂ ਬਾਅਦ।
----
ਆਪਣੇ ਪਰਿਵਾਰ ਵਿਚ ਬੈਠਣ ਨੂੰ ਇਸਦਾ ਮਨ ਕਰੇ,
ਰੌਲ਼ਿਆਂ ਵਿਚੋਂ ਵੀ ਭਾਲ਼ੇ ਸ਼ਾਨਤੀ, ਸੱਠਾਂ ਤੋਂ ਬਾਅਦ।
----
ਕੱਲ੍ਹ-ਪਰਸੋਂ ਏਸ ਤੋਂ ਜੋ ਮਸ਼ਵਰਾ ਸਨ ਭਾਲ਼ਦੇ,
ਆਖਦੇ ਸਠਿਆ ਗਿਆ ਹੈ ਬਾਪ ਵੀ, ਸੱਠਾਂ ਤੋਂ ਬਾਅਦ।
----
ਉਮਰ ਸਾਰੀ ‘ਬਾਦਲਾ!’ ਤੂੰ ਦਿਲ-ਲਗੀ ਕਰਦਾ ਰਿਹਾ,
ਬੱਸ ਕਰ, ਜਚਦੀ ਨਹੀਂ ਹੈ ਮਸ਼ਕਰੀ, ਸੱਠਾਂ ਤੋਂ ਬਾਅਦ।
2 comments:
wah ji wah kiya baat hai .bahut khoob.kai chira baad eni khoobsurat gazal padan nu mili.tohadi bahut bahut mehrbani.
Badal sahib, tuhade kaurhye sach nu dekhke pata nahi kyon dar jiha lagan lag piya hai...eho jiha ehsaas aaj tak kise ne vi pharhan di koshish nahi kiti... gazalgo vi kamaal de hunde ne 2 satraan 'ch poori kahani biyan kar dinde ne.... Darshan Davesh
Post a Comment