ਨਜ਼ਮ
ਸੁੰਨੇ ਬੈਂਚ ‘ਤੇ ਜਾ ਬੈਠੀ ਮੈਂ,
ਬਾਗ ‘ਚ ਇਕ * ਵਿੱਲੋ ਦੇ ਲਾਗੇ,
ਸੋਚ ਰਹੀ ਸਾਂ...
“ਹੁਣ ਤਾਈਂ ਮੈਂ
ਕੀ ਖੱਟਿਆ ਦੁਨੀਆਂ ‘ਤੇ ਆ ਕੇ!”
................................
ਏਨੇ ਨੂੰ ਇਕ ਹਫ਼ਿਆ, ਥੱਕਿਆ,
ਬਾਲਕ ਮੇਰੇ ਨੇੜੇ ਆਇਆ,
ਕਹਿਣ ਲੱਗਾ....
“ਆਹ ਦੇਖ! ਮੈਂ ਓਥੋਂ
ਰੰਗ ਬਰੰਗਾ ਫੁੱਲ ਲਿਆਇਆ! ”
.........................
ਬੇਰੰਗ ਤੇ ਮੁਰਝਾਏ ਫੁੱਲ ਨੂੰ ਤੱਕ ਕੇ
ਉਸ ‘ਤੇ ਗੁੱਸਾ ਆਇਆ,
ਇਕ ਫੋਕੀ-ਮੁਸਕਾਨ ਦਿਖਾ ਕੇ,
ਦੂਜੇ ਪਾਸੇ ਮੂੰਹ ਭੁਆਇਆ।
ਨੇੜੇ ਹੁੰਦਿਆਂ ਉਸਨੇ ਉਹ ਫੁੱਲ,
ਖ਼ੁਸ਼ ਹੋ ਕੇ ਨੱਕ ਵੱਲ ਵਧਾਇਆ,
ਆਖਣ ਲੱਗਾ.....
“ਇਹ ਸੁਹਣਾ ਫੁੱਲ,
ਮੈਂ ਹਾਂ ਤੇਰੇ ਲਈ ਲਿਆਇਆ।”
...........................
ਮੈਂ ਖਿਝ ਕੇ ਉਸ ਦੇ ਵੱਲ ਤੱਕਿਆ,
ਸੋਚਿਆ,
ਕਿ ਇਹ ਪਿੱਛਾ ਛੱਡੇ,
ਉਸ ਦੇ ਕੋਲੋਂ ਫੁੱਲ ਲੈਣ ਨੂੰ,
ਮੈਂ ਆਪਣਾ ਹੱਥ ਕੀਤਾ ਅੱਗੇ।
ਇਕ-ਦਮ ਹੀ ਮੈਂ ਕੰਬ ਗਈ ਸਾਂ,
ਜਦ ਉਸ ਆਪਣੀ ਬਾਂਹ ਵਧਾਈ,
‘ਨੇਤਰ-ਹੀਣ’ ਹੈ ਸੀ ਉਹ ਬਾਲਕ,
ਖੜ੍ਹਾ ਹੋਇਆ ਸੀ ਨਜ਼ਰ ਝੁਕਾਈ।
............................
ਰੋਕਿਆਂ ਵੀ ਨਾ ਰੋਕ ਸਕੀ ਮੈਂ,
ਤਿੱਪ ਤਿੱਪ ਕਰਕੇ ਚੋ ਗਏ ਹੰਝੂ,
ਉਸਦੀ ਨਿਰਮਲਤਾ ਦੇ ਵਾਂਗੂੰ,
ਮਨ ਮੇਰੇ ਨੂੰ ਧੋ ਗਏ ਹੰਝੂ।
ਸੋਚ ਰਹੀ ਸਾਂ.....
‘ਹੈ ਕੋਈ ‘ਚਾਨਣ’,
ਜਿਸਨੇ ਇਸਨੂੰ ਰੰਗ ਦਿਖਾਏ,
ਹੈ ਕੋਈ ‘ਅਹਿਸਾਸ’ ਕਿ ਜਿਹੜਾ ,
ਸੁੱਕੇ ਫੁੱਲ ਨੂੰ ਵੀ ਮਹਿਕਾਏ।’
.........................
ਇਕ ਅਕਹਿ ਆਨੰਦ 'ਚ ਆ ਕੇ,
ਮਨ ਮੇਰਾ ਲਹਿਰਾ ਰਿਹਾ ਸੀ
ਉਹ ਬਾਲਕ,
ਹੁਣ ਹੋਰ ਕਿਸੇ ਵੱਲ,
ਇਕ ਫੁੱਲ ਲੈ ਕੇ ਜਾ ਰਿਹਾ ਸੀ।
___________________________
* ਵਿੱਲੋ ਦਾ ਦਰਖ਼ਤ (ਜਿਸ ਦੀਆਂ ਲੰਮੀਆਂ ਸ਼ਾਖ਼ਾਂ ਹੇਠਾਂ ਵੱਲ ਨੂੰ ਝੁਕੀਆਂ ਰਹਿੰਦੀਆਂ ਹਨ। ਉਦਾਸੀ ਦਾ ਪ੍ਰਤੀਕ ਹੈ।
1 comment:
Kamaal da veg hai kavita da,is wichli sangeetak ravaani pathaknu apne naal le ke chaldi hai..
Post a Comment