ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, February 21, 2009

ਮੇਜਰ ਮਾਂਗਟ - ਨਜ਼ਮ

ਡੱਬ ਖੜੱਬੇ ਚਿੱਤਰ...

ਨਜ਼ਮ

ਇਹ ਚਿੱਤਰ....

ਜੋ ਕਦੀ ਮੇਰੇ....

ਮਰ ਚੁੱਕੇ ਸਬੰਧੀਆਂ ਦਾ ਰੂਪ ਧਾਰਦੇ ਨੇ

ਅਤੇ ਕਦੀ ਵਿਛੜ ਚੁੱਕੇ ਦੋਸਤਾਂ ਦਾ

ਜਾਂ ਫੇਰ........

ਓਸ ਮਹਿਬੂਬ ਕੁੜੀ ਦਾ

ਜੋ ਸੁਪਨਿਆਂ ਦੀ ਫਰੇਮ ਚ ਜੜੀ

ਸਾਖਸ਼ਾਤ ਜ਼ਿੰਦਗੀ ਨਾ ਹੋ ਸਕੀ

----

ਮੇਰੇ ਮਨ ਦੇ ਇਹ ਨੈਗੇਟਿਵ

ਕਾਲ਼ੀਆਂ ਅਤੇ ਡਰਾਉਂਣੀਆਂ ਫਿਲਮਾਂ

ਜਿਨਾਂ ਚੋਂ ਜਨਮਦਾ ਹੈ

ਮੇਰੇ ਵਿਰੋਧੀਆਂ ਦਾ ਖੂੰਖਾਰ ਹਾਸਾ

ਤੇ ਹਿਲਦੀ ਹੈ ਰਿਸ਼ਤਿਆਂ ਦੀ

ਲਹੂ ਭਿੱਜੀ ਜੀਭ...

----

ਰਿਸ਼ਤੇ ਵੀ ਕਾਹਦੇ ਰਿਸ਼ਤੇ

ਸਕੇ ਸਬੰਧੀਆਂ ਦੀ ਸੋਚ ਚੋ ਜਨਮਿਆ

ਬਾਣੀਆਂ ਰੂਪੀ ਵਿਵਹਾਰ

ਬੜੇ ਹੀ ਖਤਰਨਾਕ ਜਾਪਦੇ ਹਨ

ਇਹ ਚਿੱਤਰ...

ਬੜੀ ਹੀ ਕੁਰੱਖਤ ਹੋ ਗਈ ਹੈ

ਮੇਰੀ ਸੋਚ...

ਦਿਮਾਗ ਵਿੱਚ ਲਟਕਿਆ

ਮੱਕੜੀ ਜਾਲ਼...

..........................

ਹੁਣ ਮੇਰੀ ਪਤਨੀ

ਅਕਸਰ ਹਲੂਣ ਕੇ ਜਗਾਉਂਦੀ

ਮੈਨੂੰ ਪੁੱਛਦੀ............

ਕੀ ਹੋ ਗਿਆ ਹੈ ਥੋਨੂੰ?

ਕਿਉਂ ਐਨਾ ਰੌਲ਼ਾ ਪਾਉਂਦੇ ਹੋ?

ਸੁੱਤੇ ਪਏ ਵੀ ਬੁੜਬੜਾਉਂਦੇ ਹੋ

ਕੀ ਸੋਚਦੇ ਰਹਿੰਦੇ ਹੋ?

ਕਿਉਂ ਪੀਣੀ ਸੀ ਐਨੀ?

.............................

ਪਰ ਮੈਂ ਡਰਿਆ ਤੇ ਸਹਿਮਿਆ

ਤ੍ਰੇਲੋ-ਤ੍ਰੇਲੀ ਹੋਇਆ

ਮਹਿਸੂਸ ਕਰਦਾ ਹਾਂ

ਕਿ ਮੇਰੇ ਜਿਸਮ ਤੇ ਚੜ੍ਹ ਗਏ ਨੇ

ਅਣਗਿਣਤ ਹੀ ਜ਼ਹਿਰੀਲੇ ਬਿੱਛੂ

ਤੇ ਫੇਰ ਉਲ਼ਝ ਜਾਂਦਾ ਹੈ

ਮੇਰੇ ਦਿਮਾਗ ਵਿੱਚ ਲਟਕਿਆ

ਸੋਚ ਦਾ ਮੱਕੜੀ ਜਾਲ਼...

----

ਅਗਲੇ ਹੀ ਪਲ

ਮੈਂ ਆਪਣੇ ਆਪ ਨੂੰ ਸੰਭਾਲਦਾ

ਪਛਾਣਦਾ ਹਾਂ ਕੋਈ ਸਾਬਤ ਚਿੱਤਰ...

ਫੇਰ ਕੰਬਦੇ ਨੇ ਕੱਟੇ-ਵੱਢੇ

ਡੱਬ-ਖੜੱਬੇ ਤੇ ਡਰਾਉਂਣੇ ਚਿੱਤਰ...

ਤਾਂਡਵ ਨਾਚ ਦੀ ਮੁਦਰਾ ਵਿੱਚ ਨੱਚਦੇ ਹੋਏ

ਤੇ ਹੱਸਦੇ ਨੇ ਭਿਆਨਕ ਹਾਸਾ

ਮੈਂ ਭੈਅ ਭੀਤ ਹੋਇਆ

ਪਤਨੀ ਦੀ ਹਿੱਕ ਚ ਲੁਕਦਾ,

ਸੋਚਦਾ ਹਾਂ

ਬੱਸ! ਏਹੋ ਰਹਿ ਗਈ ਇੱਕ ਸੁਰੱਖਿਅਤ ਥਾਂ

ਸਕੇ ਸਬੰਧੀ, ਦੋਸਤ ਮਿੱਤਰ, ਰਿਸ਼ਤੇ ਨਾਤੇ

ਤੇ ਓਸ ਕੁੜੀ ਦਾ ਛਣਕਦਾ ਹਾਸਾ

ਬਣ ਗਏ ਹਨ ਬੱਸ

ਡੱਬ ਖੜੱਬੇ ਚਿੱਤਰ

ਕਈ ਵਾਰੀ ਮੈਂ ਕਿੰਨਾ ਸੁੰਗੜ ਜਾਂਦਾ ਹਾਂ

ਦੂਸਰੇ ਦਿਨ ਪੂਰੇ ਬ੍ਰਹਿਮੰਡ ਵਿੱਚ

ਫੈਲਣ ਲਈ...

ਪਰ ਤਾਂ ਵੀ ਕੰਬਦੇ ਹਨ,

ਥਿਰਕਦੇ ਨੇ

ਮੇਰੇ ਮਨ ਦੀ ਸਕਰੀਨ ਤੇ

ਅਣਗਿਣਤ ਹੀ ਡੱਬ ਖੜੱਬੇ ਚਿੱਤਰ

ਮੇਰੇ ਮਨ ਦੀਆਂ ਕਾਲ਼ੀਆਂ

ਅਤੇ ਡਰਾਉਣੀਆਂ ਤਸਵੀਰਾਂ...


No comments: