ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, April 21, 2009

ਜਸਬੀਰ ਮਾਹਲ - ਨਜ਼ਮ

ਸਾਹਿਤਕ ਨਾਮ: ਜਸਬੀਰ ਮਾਹਲ

ਅਜੋਕਾ ਨਿਵਾਸ: ਸਰੀ, ਕੈਨੇਡਾ

ਕਿਤਾਬਾਂ: ਕਾਵਿ-ਸੰਗ੍ਰਹਿ: ਆਪਣੇ ਆਪ ਕੋਲ਼ ( 2009)

ਦੋਸਤੋ! ਆਰਸੀ ਲਈ ਪਹੁੰਚੀ ਜਸਬੀਰ ਮਾਹਲ ਜੀ ਦੀ ਬੇਹੱਦ ਖ਼ੂਬਸੂਰਤ ਕਿਤਾਬ ਆਪਣੇ ਆਪ ਕੋਲ਼ ਚੋਂ ਕੁੱਝ ਨਜ਼ਮਾਂ ਤੁਹਾਡੀ ਨਜ਼ਰ ਕਰਕੇ ਆਰਸੀ ਦੀ ਅਦਬੀ ਮਹਿਫ਼ਿਲ ਚ ਮਾਹਲ ਸਾਹਿਬ ਨੂੰ ਖ਼ੁਸ਼ਆਮਦੀਦ ਆਖਣ ਦਾ ਅੱਜ ਮਾਣ ਹਾਸਲ ਕਰ ਰਹੀ ਹਾਂ। ਮੈਨੂੰ ਇਹ ਲਿਖਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਇਸ ਕਿਤਾਬ ਚ ਸ਼ਾਮਲ ਨਜ਼ਮਾਂ ਦੀ ਦਾਰਸ਼ਨਿਕਤਾ ਨੇ ਮੇਰੇ ਮਨ ਤੇ ਗਹਿਰਾ ਪ੍ਰਭਾਵ ਛੱਡਿਆ ਹੈ, ਅਚੇਤ ਮਨ ਨੂੰ ਝੰਜੋੜਿਆ ਹੈ। ਬੇਲੋੜੇ ਵਿਸਤਾਰ ਦੀ ਜਗ੍ਹਾ, ਥੋੜ੍ਹੇ ਲਫ਼ਜ਼ਾਂ ਚ ਵੱਡੇ ਸੰਕੇਤ ਦੇ ਜਾਣਾ, ਇਹਨਾਂ ਨਜ਼ਮਾਂ ਦੀ ਖ਼ਾਸੀਅਤ ਅਤੇ ਖ਼ੂਬਸੂਰਤੀ ਹੈ। ਮਾਹਲ ਸਾਹਿਬ ਦੀ ਇਹ ਕਿਤਾਬ ਵਾਰ-ਵਾਰ ਪੜ੍ਹਨ ਅਤੇ ਮਾਨਣਯੋਗ ਹੈ। ਇਸ ਦੇ ਪ੍ਰਕਾਸ਼ਨ ਤੇ ਆਰਸੀ ਪਰਿਵਾਰ ਵੱਲੋਂ ਲੇਖਕ ਨੂੰ ਇੱਕ ਵਾਰ ਫੇਰ ਬਹੁਤ-ਬਹੁਤ ਮੁਬਾਰਕਾਂ।

---------------

ਸਿਧਾਰਥ ਨਹੀਂ

ਨਜ਼ਮ

ਸਿਧਾਰਥ ਨਹੀਂ ਹਾਂ ਮੈਂ

ਕਿ ਤੁਰ ਪਵਾਂ ਜੰਗਲ਼ ਵੱਲ

ਟੱਬਰ ਨੂੰ ਛੱਡ

ਮੇਰੇ ਕੋਲ਼ ਨਹੀਂ

ਕੋਈ ਸਾਹੀ ਸ਼ੀਸ਼ ਮਹਿਲ

ਕਰ ਸਕੇ ਜੋ

ਰੋਟੀ ਦੀ ਮੁਸ਼ਕਿਲ ਹੱਲ

.............

ਬਿਰਖ਼ ਬੂਟਿਆਂ ਦੀ ਥਾਂ

ਇੱਕ ਜੰਗਲ਼ ਹੈ ਰੁਝੇਵਿਆਂ ਦਾ

ਮੈਂ ਤਾਂ

ਇਸ ਜੰਗਲ਼ ਵਿਚ ਘੁੰਮਦਿਆਂ ਹੀ

ਹੋਣਾ ਹੈ ਬਿਰਧ

ਉਹੀਓ ਰਾਹ

ਵਾਰ-ਵਾਰ ਮਿੱਧਣੇ ਨੇ

ਮੈਂ ਸਾਰੀ ਉਮਰ...

...........

ਮੇਰੇ ਖ਼ੁਦਾ!

ਟੱਬਰ ਵੱਲ, ਆਪਣੇ ਵੱਲ

ਜੰਗਲ਼ ਤੋਂ

ਕਦੋਂ ਮੁੜਾਂਗਾ ਮੈਂ?

=============

ਪਾਰਖੂ

ਨਜ਼ਮ

ਕਵਿਤਾ

ਮੈਂ ਅਜੇ ਤੈਨੂੰ ਨਹੀਂ ਲਿਖ ਸਕਦਾ

ਅਜੇ ਤਾਂ ਲੱਭ ਰਿਹਾਂ

ਅਜਿਹਾ ਕੋਈ ਖ਼ਿਆਲ

ਜਾਰੀ ਹੈ ਅਜੇ

ਅਜਿਹੇ ਸ਼ਬਦਾਂ ਦੀ ਭਾਲ਼

ਜਿਨ੍ਹਾਂ ਨੂੰ ਵਰਤ ਕੇ

ਬਣਾਵਾਂ ਤੇਰਾ ਮੂੰਹ-ਮੱਥਾ

ਪਿਕਾਸੋ ਦੀ

ਉਸ ਕਲਾ ਕ੍ਰਿਤ ਜਿਹਾ

ਨੁਮਾਇਸ਼ ਚ ਜੀਹਨੂੰ

ਪੁੱਠੀ ਟੰਗੀ ਵੇਖ

ਸ਼ਲਾਘਾ ਕਰਦੇ

ਥੱਕਦੇ ਨਹੀਂ ਕਲਾ ਦੇ ਪਾਰਖੂ...

==============

ਰੁੱਤ ਚੱਕਰ

ਨਜ਼ਮ

ਸਦਾ ਬਹਾਰ ਨਹੀਂ

ਮੈਂ ਲੋਚਾਂ

ਉਸ ਰੁੱਖ ਜਿਹਾ ਬਣਨਾ

ਕਿਸੇ ਘੜੀ ਵੀ

ਜਿਸ ਵੱਲ ਤੱਕਿਆਂ

ਆਉਂਦੀ ਜਾਂਦੀ ਹਰ ਇਕ ਰੁੱਤ ਦੀ

ਖ਼ਬਰ ਮਿਲ਼ੇ।

==============

ਲਕੀਰ

ਨਜ਼ਮ

ਮੈਂ

ਸਮਝੀ ਸੀ ਬੈਠਾ

ਕਿ ਬਹੁਤ ਲੰਮੇਰਾ ਕੱਦ ਹੈ

ਮੇਰੀ ਪੀੜ ਦਾ

ਰਿਣੀ ਹਾਂ ਉਸ ਦਾ

ਜਿਸ ਦੁੱਖ ਆਪਣੇ ਦੀ

ਵਾਹ ਕੇ ਲਕੀਰ

ਕੱਦ-ਕਾਠ ਮਧਰਾ ਕਰ ਦਿੱਤਾ

ਮੇਰੀ ਲਕੀਰ ਦਾ।


6 comments:

جسوندر سنگھ JASWINDER SINGH said...

ਵਾਹ ਜੀ ਵਾਹ
ਰੁਮਾਲ ਉੁਪਰ ਫੁਲਕਾਰੀ ਿਜੰਨੀ ਕਢਾਈ
ਇਹ ਮਾਹਲ ਦਾ ਰਾਹ
ਅਨਾਮ

हरकीरत ' हीर' said...

ਤਨਦੀਪ ਜੀ ,


ਸਾਰੀਆਂ ਹੀ ਨਜ਼ਮਾਂ ਬਹੁਤ ਅਛਿਆਂ ਲਗਿਆਂ ....!!

Charanjeet said...

bahut khoobsoorat,succint te bhavpoorak nazmaan

Unknown said...

Very nice ,I would like to read more poems......

ਤਨਦੀਪ 'ਤਮੰਨਾ' said...

ਤਨਦੀਪ: ਹੁਣੇ ਹੀ ਆਰਸੀ ’ਚੋਂ ਦਿਸਦੇ ਖੂਬਸੂਰਤ ਪ੍ਰਤਿਬਿੰਬ ਦੇਖ ਕੇ ਹਟਿਆ ਹਾਂ!
ਸਾਡੇ ਘਰ ਦੇ ਪਿਛਵਾੜੇ ਚੈਰੀ ਦਾ ਨਿੱਕਾ ਜਿਹਾ ਰੁੱਖ ਹੈ…ਅੱਜਕੱਲ੍ਹ ਉਹ ਸਫੈਦ ਫੁੱਲਾਂ ਨਾਲ ਲੱਦਿਆ ਹੈ…ਆਰਸੀ ਦੀ ਫੇਰੀ ਲਾਉਣ ਬਾਅਦ ਮੈਨੂੰ ਚੈਰੀ ਦੇ ਚਿੱਟੇ ਫੁੱਲ ਦੇਖ ਕੇ ਹੋਏ ਤਾਜ਼ਗੀ ਦੇ ਅਹਿਸਾਸ ਵਰਗਾ ਹੀ ਮਹਿਸੂਸ ਹੋਇਐ।
ਇਹ ਬਲੌਗ ਵਾਲਾ ਕੰਮ ਕਾਫੀ ਸਮਾਂ ਮੰਗਦੈ…ਤੁਹਾਡਾ ਸਿਰੜ ਵੀ ਡਾਢਾ ਹੈ…ਪੰਜਾਬੀ ਸਾਹਿਤ ਪ੍ਰੇਮੀ ਤੁਹਾਡੇ ਦੇਣਦਾਰ ਹਨ।
ਮੇਰੀਆਂ ਰਚਨਾਵਾਂ ਬਾਰੇ ਤੁਹਾਡੇ ਅੰਕਿਤ ਵਿਚਾਰਾਂ ਤੇ ਮੁਬਾਰਕਾਂ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਬਾਕੀ ਦੋਸਤਾਂ, ਜਿਨ੍ਹਾਂ ਨੇ ਨਜ਼ਮਾਂ ਪਸੰਦ ਕੀਤੀਆਂ, ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ।
ਸਾਡੀਆਂ ਦੁਆਵਾਂ ਨੇ ਕਿ ਤੁਸੀਂ ਛੇਤੀ ਸਿਹਤਯਾਬ ਹੋਵੋ!
ਸ਼ੁੱਭ ਇੱਛਾਵਾਂ ਸਹਿਤ
ਜਸਬੀਰ ਮਾਹਲ

Davinder Punia said...

Jasvir bhaaji, tuhade kol bahut sookhamta hai, cherry de phull taa jhar jaange mausam naal par tuhade nazmaan de phull sada khire ate mehke rehnge. ihna vich bahut gehrai hai, parhan to baad ih sade mann vich visthaar lain laggdiaan han ate phaildiaan hi jaandiaan han.