ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, April 15, 2009

ਕੁਲਵਿੰਦਰ - ਗ਼ਜ਼ਲ

ਸਾਹਿਤਕ ਨਾਮ: ਕੁਲਵਿੰਦਰ

ਅਜੋਕਾ ਨਿਵਾਸ: ਕੈਲੇਫੋਰਨੀਆ, ਯੂ.ਐੱਸ.ਏ.

ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਨੀਲੀਆਂ ਲਾਟਾਂ ਦਾ ਸੇਕ

ਦੋਸਤੋ! ਇੱਕ ਫੋਨ ਕਾਲ ਦਾ ਮਾਣ ਰੱਖਦਿਆਂ ਕੁਲਵਿੰਦਰ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਲਈ ਭੇਜੀਆਂ ਹਨ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਆਰਸੀ ਦੀ ਅਦਬੀ ਮਹਿਫ਼ਲ 'ਚ ਖ਼ੁਸ਼ਆਮਦੀਦ ਆਖਦੀ ਹੋਈ, ਅੱਜ ਦੋ ਗ਼ਜ਼ਲਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਕੀ ਰਚਨਾਵਾਂ ਆਰਸੀ ਖ਼ਜ਼ਾਨੇ 'ਚ ਸਾਂਭ ਲਈਆਂ ਗਈਆਂ ਹਨ ਅਤੇ ਆਉਂਣ ਵਾਲ਼ੇ ਦਿਨਾਂ 'ਚ ਸਾਂਝੀਆਂ ਕੀਤੀਆਂ ਜਾਣਗੀਆਂ।

---

ਕੁਲਵਿੰਦਰ ਜੀ ਦੀਆਂ ਕਿਤਾਬਾਂ ਦੀ ਜਾਣਕਾਰੀ ਅਧੂਰੀ ਹੈ। ਜਿਉਂ ਹੀ ਬਾਕੀ ਕਿਤਾਬਾਂ ਦਾ ਵੇਰਵਾ ਮਿਲ਼ੇਗਾ, ਸਾਹਿਤਕ ਜਾਣਕਾਰੀ ਨੂੰ ਅਪਡੇਟ ਕਰ ਦਿੱਤਾ ਜਾਏਗਾ। ਟਰਾਂਟੋ, ਕੈਨੇਡਾ ਵਸਦੀ ਲੇਖਿਕਾ ਸੁਰਜੀਤ ਜੀ ਦਾ ਵੀ ਬਹੁਤ-ਬਹੁਤ ਸ਼ੁਕਰੀਆ, ਜਿਨ੍ਹਾ ਨੇ ਆਰਸੀ ਦਾ ਲਿੰਕ ਕੁਲਵਿੰਦਰ ਜੀ ਨੂੰ ਭੇਜਿਆ।

-----

ਗ਼ਜ਼ਲ

ਸੋਚ ਇਹ ਕੇ ਮੈਂ ਸ਼ਾਮ ਵੇਲੇ

ਕਿਤੇ ਉਜਾੜਾਂ ਗ਼ਰਕਣਾ ਹੈ

ਹਰੇਕ ਘਰ ਦਾ ਹੈ ਫ਼ਿਕਰ ਮੈਨੂੰ

ਮੈਂ ਸਾਰੀ ਦੁਨੀਆਂ ਤੇ ਉਗਮਣਾ ਹੈ

----

ਮੈਂ ਸ਼ਾਮ ਵੇਲੇ ਦੁਆ ਹਾਂ ਕਰਦਾ

ਉਜਾੜ ਬਸਤੀ ਬੀਜ ਪੁੰਗਰਣ

ਕਿ ਮਰਨੋਂ ਪਹਿਲਾਂ ਹਰੇਕ ਘਰ ਵਿਚ

ਮੈਂ ਸੂਹੇ ਫ਼ੁੱਲਾਂ ਨੂੰ ਦੇਖਣਾ ਹੈ

----

ਮੈਂ ਖ਼ਤਮ ਹੋਇਆ ਵੀ ਹਾਂ ਤਾਂ ਕੀਕੂੰ

ਪੌਣ ਵਿਚ ਹਾਂ ਖ਼ਾਕ ਵਿਚ ਹਾਂ

ਹੁਣ ਮੈਂ ਪੌਣਾਂ ਉੱਡ ਸਕਣੈ

ਤੇ ਨਾ ਹੀ ਮਿੱਟੀ ਮਹਿਕਣਾ ਹੈ

----

ਇਹ ਕਿਸ ਤਰਾਂ ਦਾ ਹੈ ਸ਼ਹਿਰ ਮੇਰਾ

ਯਕੀਨ ਕਿਸਦਾ ਕਰਾਂ ਮੈਂ ਏਥੇ

ਦਿਸਣ ਤਾਂ ਜਾਣੇ ਪਛਾਣੇ ਚਿਹਰੇ

ਤੇ ਸ਼ਖ਼ਸ ਇਕ ਵੀ ਆਪਣਾ ਹੈ

----

ਕਿ ਸੋਨ ਰੰਗੇ ਨੇ ਖੰਭ ਉਸਦੇ

ਤੇ ਖੂਬਸੂਰਤ ਅਕਾਸ਼ ਨੀਲਾ

ਪਰ ਉਸਨੂੰ ਪਿੰਜਰੇ ਚੋਗ ਮਿਲਦੈ

ਉਸ ਪਰਿੰਦੇ ਨੇ ਉੱਡਣਾ ਹੈ

----

ਮੁੜਾਂਗਾ ਮੈਂ ਨਾ ਕਦੇ ਵੀ ਵਾਪਿਸ

ਮੈਂ ਖਬਰੇ ਰਾਹਾਂ ਗਰਕ ਜਾਵਾਂ

ਤੂੰ ਸ਼ਾਮ ਡੁੱਬਣ ਤੋਂ ਪਹਿਲਾਂ ਮੁੜ ਜਾ

ਤੂੰ ਮੈਨੂੰ ਕਦ ਤਕ ਉਡੀਕਣਾ ਹੈ

===========

ਗ਼ਜ਼ਲ

ਮੈਂ ਨਹੀਂ ਸੂਰਜ ਕਿ ਹਰ ਇਕ ਸ਼ਾਮ ਨੂੰ ਢਲ਼ਦਾ ਰਹਾਂਗਾ

ਮੈਂ ਬੜਾ ਨਿੱਕਾ ਜਿਹਾ ਦੀਵਾ ਹਾਂ, ਪਰ ਬਲ਼ਦਾ ਰਹਾਂਗਾ

----

ਤਿੱਖੀਆਂ ਸੂਲਾਂ ਨੇ ਹਰ ਇਕ ਪੈਰ ਉੱਤੇ, ਫਿਰ ਵੀ ਐਪਰ,

ਮੈਂ ਮੁਸਾਫ਼ਿਰ ਹਾਂ ਮੈਂ ਹਰ ਦਮ ਬੇਧੜਕ ਚਲਦਾ ਰਹਾਂਗਾ

----

ਫ਼ਿਕਰ ਨਾ ਕਰਨਾ ਮੇਰਾ, ਰਖਣਾ ਖਿਆਲ ਅਪਣਾ ਹਮੇਸ਼ਾ,

ਹਰ ਕਦਮ ਤੇ ਠੋਕਰਾਂ ਖਾ ਕੇ ਮੈਂ ਸੰਭਲਦਾ ਰਹਾਂਗਾ

----

ਮੈਂ ਸਮੁੰਦਰ ਹਾਂ, ਮੈਂ ਹੋਣਾ ਸ਼ਾਂਤ ਜਦ ਵੀ ਦਿਨ ਚੜ੍ਹੇਗਾ,

ਰਾਤ ਭਰ ਅਪਣੇ ਬਦਨ ਵਿਚ ਡੁੱਬਕੇ ਬਲ਼ਦਾ ਰਹਾਂਗਾ

----

ਪੌਣ ਹਾਂ ਜਿੰਨੀ ਮੈਂ ਪੌਣਾਂ ਵਿਚ ਬਿਖ਼ਰ ਜਾਣਾ ਹੈ ਆਖਿਰ,

ਖ਼ਾਕ ਹਾਂ ਜਿੰਨੀ ਮੈਂ ਓਨਾ ਖ਼ਾਕ ਵਿਚ ਰਲ਼ਦਾ ਰਹਾਂਗਾ


2 comments:

Rajinderjeet said...

ਕੁਲਵਿੰਦਰ ਹੁਰਾਂ ਦਾ ਗ਼ਜ਼ਲ ਸੰਗਰਿਹ 'ਬਿਰਛਾਂ ਅੰਦਰ ਉੱਗੇ ਖੰਡਰ' ਮੈਂ ਕਈ ਵਾਰ ਪੜਿਆ ਹੈ,ਉੱਪਰਲੀਆਂ ਗ਼ਜ਼ਲਾਂ ਵਿੱਚ ਵੀ ਉਹੀ ਗ਼ਜ਼ਲੀਅਤ ਦੇਖਣ ਨੂੰ ਮਿਲੀ...ਹੋਰ ਨਵੀਆਂ ਚੀਜ਼ਾਂ ਪੜਨ ਦੀ ਇੱਛਾ ਹੈ....|

baljitgoli said...

'neelian laatan da sek' gazal sangreh parheya ..bahut changa laga,..te us sangreh vichon layian ih gazlan v bahut pasand ayian...shukria..........