ਅਜੋਕਾ ਨਿਵਾਸ: ਯੂ.ਕੇ.
ਕਿਤਾਬਾਂ: ਅੱਗ ਦੇ ਅੱਥਰੂ (ਪੰਜਾਬੀ ਸੱਥ, ਲਾਂਬੜਾ ਵੱਲੋਂ 2008 'ਚ ਪ੍ਰਕਾਸ਼ਿਤ)
ਦੋਸਤੋ! ਅੱਜ ਮੈਂ ਸਤਿਕਾਰਤ ਮੋਤਾ ਸਿੰਘ ਸਰਾਏ ਜੀ ਵੱਲੋਂ ਆਰਸੀ ਲਈ ਭੇਜੀ ਪੰਜਾਬੀ ਸੱਥ ਵੱਲੋਂ ਪ੍ਰਕਾਸ਼ਿਤ ਹਰਜਿੰਦਰ ਸਿੰਘ ਸੰਧੂ ਜੀ ਦੁਆਰਾ ਰਚਿਤ ਕਿਤਾਬ ‘ ਅੱਗ ਦੇ ਅੱਥਰੂ ’ ‘ਚੋਂ ਦੋ ਖ਼ੂਬਸੂਰਤ ਨਜ਼ਮਾਂ ਨਾਲ਼ ਸੰਧੂ ਸਾਹਿਬ ਨੂੰ ਆਰਸੀ ਤੇ ਸਾਰੇ ਪਾਠਕ/ਲੇਖਕ ਸਾਹਿਬਾਨਾਂ ਵੱਲੋਂ ਖ਼ੁਸ਼ਆਮਦੀਦ ਆਖ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
-----------
ਚਾਨਣ ਦੀ ਖ਼ੁਸ਼ਬੋਈ
ਨਜ਼ਮ
ਚਾਨਣ ਦੀ ਖ਼ੁਸ਼ਬੋਈ ਵੰਡਦਾ
ਇਹ ਸੂਰਜ ਤਾਂ ਮੇਰਾ ਹੈ।
......
ਇਹ ਸੂਰਜ ਮੇਰੀ ਮਾਂ ਨੇ
ਮੇਰੇ ਮੱਥੇ ਧਰਿਆ
ਇਹ ਸੂਰਜ ਮੇਰੇ ਬਾਪ ਨੇ
ਮੇਰੀ ਹਿੱਕ ਤੇ ਜੜਿਆ
ਜਿੱਧਰ ਨੂੰ ਮੂੰਹ ਕਰਦਾ ਮਿੱਤਰੋ
ਕਰਦਾ ਦੂਰ ਹਨੇਰਾ ਹੈ...
ਚਾਨਣ ਦੀ ਖ਼ੁਸ਼ਬੋਈ ਵੰਡਦਾ
ਇਹ ਸੂਰਜ ਤਾਂ ਮੇਰਾ ਹੈ।
............
ਇਹ ਸੂਰਜ ਮੇਰੀ ਕੁੱਲ ਦੀਆਂ
ਲਗਰਾਂ ਤੇ ਖਿਲਿਆ
ਇਹ ਸੂਰਜ ਮੇਰੇ ਲਹੂ ਨੂੰ
ਜਿਓਂ ਵਿਰਦੇ ‘ਚ ਮਿਲ਼ਿਆ
ਉਸ ਸੂਰਜ ਦੇ ਚਾਨਣ ਵਰਗਾ
ਇਸ ਸੂਰਜ ਦਾ ਘੇਰਾ ਹੈ...
ਚਾਨਣ ਦੀ ਖ਼ੁਸ਼ਬੋਈ ਵੰਡਦਾ
ਇਹ ਸੂਰਜ ਤਾਂ ਮੇਰਾ ਹੈ।
.................
ਇਹ ਕਵਿਤਾ ਦਾ ਸੂਰਜ
ਜਦ ਮੇਰੇ ਵਿਹੜੇ ਚੜ੍ਹਿਆ
ਇਸ ਚਾਨਣ ਦੇ ਹੜ੍ਹ ਨਾਲ਼
ਮੇਰਾ ਤਨ ਮਨ ਭਰਿਆ
ਮਿਹਰ ਦੀਆਂ ਕੁਝ ਕਣੀਆਂ ਨਾਲ਼
ਇਸ ਸੂਰਜ ਦਾ ਡੇਰਾ ਹੈ...
ਚਾਨਣ ਦੀ ਖ਼ੁਸ਼ਬੋਈ ਵੰਡਦਾ
ਇਹ ਸੂਰਜ ਤਾਂ ਮੇਰਾ ਹੈ।
===============
ਉਹ ਤੇਰੀ ਮਾਂ ਹੈ...
ਨਜ਼ਮ
ਧੀ ਜਦੋਂ ਘਰ ਦੀ
ਸਰਦਲ ਪਾਰ ਕਰਦੀ ਹੈ
ਸਿਰ ਆਪਣੇ ਉਹ
ਆਬਰੂ ਦੀ ਪੰਡ ਧਰਦੀ ਹੈ।
ਇਹ ਲੋਕ ਜੋ ਬਰਾਬਰੀ ਦੇ
ਨਾਅਰੇ ਲਾਉਂਦੇ ਨੇ
ਆਜ਼ਾਦੀ ਦਾ ਖ਼ੁਦ ਨੂੰ ਪਤਾ ਨਹੀਂ
ਤੈਨੂੰ ਭਰਮਾਉਂਦੇ ਨੇ।
...........
ਹੋ ਸਕਦੈ ਇਹ ਆਜ਼ਾਦੀ ਤੈਨੂੰ
ਮਾਡਲਿੰਗ ਦੇ ਰੈਂਪ ਤੱਕ ਲੈ ਜਾਏ।
ਜਾਂ ਫਿਰ ਇਹ ਆਜ਼ਾਦੀ ਤੈਨੂੰ
ਫਿਲਮੀ ਕੈਂਪ ਤੱਕ ਲੈ ਜਾਏ।
ਜਿੱਥੇ ਵੀ ਜਾਏਂਗੀ ਧੀਏ
ਸਭ ਤੈਨੂੰ ਨੰਗਾ ਕਰਨਗੇ
ਬੁਝੇ ਜਿਹੇ ਰੰਗ ਵੀ ਤੈਨੂੰ
ਆਪਣਾ ਸੰਗ ਕਰਨਗੇ।
............
ਕਦੇ ਇਹ ਕਹਿਣਗੇ ਤੈਨੂੰ
ਨਿਰੀ ਹੀ ਸ਼ਹਿਦ ਏਂ ਕੁੜੀਏ!
ਤੋੜ ਦੇ ਜੰਜ਼ੀਰਾਂ ਨੂੰ
ਪਿਓ ਦੇ ਘਰ ਕੈਦ ਏਂ ਕੁੜੀਏ!
............
ਹਰ ਮਰਦ ਦੀ ਸ਼ਕਲ ਵਿਚ
ਤੈਨੂੰ ਇੱਕ ਰਾਂਝਾ ਦਿਸੇਗਾ।
ਚਾਚਾ ਕੈਦੋਂ ਨਾ ਤੈਨੂੰ ਕਿਧਰੇ
ਇੱਜ਼ਤ ਦਾ ਸਾਂਝਾ ਦਿਸੇਗਾ।
..............
ਇਹ ਕਲਮ ਦੇ ਧਨੀ ਲੇਖਕ
ਜੋ ਸ਼ਬਦਾਂ ਵਿਚ ਖ਼ਿਆਲ ਬੁਣਦੇ ਨੇ।
ਇਹ ਤਾਂ ਜਾਦੂਗਰ ਨੇ ਧੀਏ!
ਤੇਰੇ ਲਈ ਜਾਲ਼ ਬੁਣਦੇ ਨੇ।
..............
ਕੱਪੜੇ ਲਾਹੁਣ ਤੋਂ ਪਹਿਲਾਂ
ਅੱਖਾਂ ਵਿਚ ਆਦਰ ਜਿੰਨਾ ਹੁੰਦੈ।
ਇਨ੍ਹਾਂ ਦੀਆਂ ਅੱਖਾਂ ਵਿਚ ਤੇਰਾ ਮੁੱਲ
ਬਿਸਤਰੇ ਦੀ ਚਾਦਰ ਜਿੰਨਾ ਹੁੰਦੈ।
.............
ਤੈਨੂੰ ਸ਼ੀਸ਼ੇ ਅੱਗੇ ਖੜ੍ਹੀ ਨੂੰ
ਜੇ ਮਾਂ ਨੇ ਟੋਕਿਆ ਹੋਵੇ।
ਜਾਂ ਕਿਧਰੇ ਬਾਹਰ ਜਾਂਦੀ ਨੂੰ
ਉਸਨੇ ਰੋਕਿਆ ਹੋਵੇ।
ਹਰ ਮਾਂ ਧੀ ਦੇ ਵਿਚ
ਕੋਈ ਵੀ ਕਾਣ ਨਹੀਂ ਚਾਹੁੰਦੀ
ਉਹ ਤੇਰੀ ਮਾਂ ਹੈ ਧੀਏ!
ਤੇਰਾ ਅਪਮਾਨ ਨਹੀਂ ਚਾਹੁੰਦੀ!!
1 comment:
oh teri ma hai nazam bahut he changi laggi.koe lafaz nahi sifat karn lai.
Post a Comment