ਸਕਿਨ ਹੈਡ
ਨਜ਼ਮ
ਉਹ ਮੇਰੀ ਬਸਤੀ ‘ਚੋਂ ਇਉਂ ਗੁਜ਼ਰੇ
ਜਿਵੇਂ ਭੂਤਰਿਆ, ਮੱਛਰਿਆ ਤੂਫ਼ਾਨ
ਕਿਨਾਰਿਆਂ ਨੂੰ ਨਿਪੁੰਸਕ ਹੋਣ ਦਾ
ਅਹਿਸਾਸ ਕਰਵਾ ਰਿਹਾ ਹੋਵੇ।
.....................
ਉਨ੍ਹਾਂ ਦੇ ਡੌਕ ਮਾਰਟਨ ਬੂਟ
ਤੇ ਉਸਤਰੇ ਨਾਲ ਕੀਤੀਆਂ
ਚੱਟ ਹਜਾਮਤਾਂ ਵੇਖ
ਬੀਹੀ ‘ਚ ਖੇਲ੍ਹਦੇ
ਕਾਲੇ,ਚਿੱਟੇ, ਭੂਰੇ ਤੇ ਕਣਕਵੰਨੇ
ਰੰਗਾਂ ਦੇ ਬੱਚੇ
ਖੇਲ੍ਹ ਵਿਸਰ ਗਏ।
..................
ਸਿਰਾਂ ‘ਚ ਖੁੱਭੀਆਂ ਤਹਿਜ਼ੀਬਾਂ ਤੋਂ ਅਣਜਾਣ
ਆਪਣੇ ਚਿਹਰੇ ਦੇ ਰੰਗਾਂ ਤੋਂ ਬੇਖ਼ਬਰ
ਬਸਤੇ ਦੀ ਉਮਰੋਂ ਵੀ ਨਿੱਕੇ
ਸਹਿਮੇ, ਡਰ ਦੀ ਚੌਗਾਠ ‘ਚ ਜੜੇ ਗਏ।
ਸ਼ਾਇਦ---
ਇਸ ਤਰ੍ਹਾਂ ਹੀ ਹੋਇਆ ਸੀ
ਨਿਕਚੂ ਜਹੇ ਸਿਰਾਂ ਦੀ ਸੋਚਣੀ ‘ਚ
ਡਰ ਦਾ ਪਹਿਲੀ ਵੇਰ ਅਹਿਸਾਸ।
.....................
ਉਨ੍ਹਾਂ ਦੀ ਹੰਕਾਰੀ ਤੋਰ ‘ਚੋਂ
ਮਿਣਿਆ ਜਾ ਸਕਦਾ ਸੀ
ਉਨ੍ਹਾਂ ਦੀ ਸੋਚ ਦਾ ਘਰਣਈ ਖੇਤਰਫਲ
ਨਸ਼ੇ ‘ਚ ਧੁੱਤ ਅੱਖਾਂ ‘ਚ
ਬਲਦੀ ਸੀ ਨਫ਼ਰਤਾਂ ਦੀ ਲਾਟ
ਤੇ ਸਿਖਰ ਦਾ ਪੀਹਲੂ ਹੋਣ ਦਾ ਹੰਕਾਰ।
ਸੰਮਤਰ ਸਮਾਜ ਦੀ ਹੋਂਦ ਦਾ ਸਿਵਾ
ਗਿੱਲੀ ਲਕੜ ਵਾਂਗੂੰ ਬਲ ਰਿਹਾ ਸੀ।
ਭਵਿੱਖ ਦੀ ਗੁਫ਼ਾ ‘ਚ ਹਰ ਪਾਸੇ
ਧੂੰਆਂ ਹੀ ਧੂੰਆਂ ਸੀ।
.....................
ਹਰ ਪੈੜ ਜ਼ਖਮੀ ਸੀ
ਤੇ ਕਿਸੇ ਸਾਂਝੀ ਤਹਿਜ਼ੀਬ ਦਾ ਤਸੱਵਰ
ਭੋਗ ਰਿਹਾ ਸੀ
ਬੇਵੱਸ ਲਾਚਾਰੀਆਂ ਦੀ ਜੂਨ।
ਕਾਨੂੰਨ ਮੂੰਹ ‘ਚ ਘੁੰਙਣੀਆਂ ਪਾਈ
ਆਪਣੀ ਬੇਵਸੀ ‘ਚ ਖ਼ਾਮੋਸ਼ ਸੀ
ਜਦੋਂ ਤੱਕ ਇਹ ਝੱਖੜ, ਇਹ ਤੂਫ਼ਾਨ
ਕੋਈ ਕਹਿਰ ਨਹੀਂ ਢਾਉਂਦਾ
ਕਾਨੂੰਨ ਦੇ ਹੱਥਾਂ ‘ਚ ਕੜੀਆਂ ਹਨ
ਕਾਨੂੰਨ ਦੇ ਪੈਰਾਂ ‘ਚ ਬੇੜੀਆਂ ਹਨ।
ਕਾਨੂੰਨ ਮਜਬੂਰ ਹੈ।
....................
(ਪਰ) ਕੌਣ ਹੁਣ ਸਰਦਲ ਟਪਾਊ
ਨਿੱਕੀਆਂ ਨਿੱਕੀਆਂ ਸੋਚਾਂ ਦੇ ਵਿਹੜਿਆਂ ‘ਚ
ਉਚੀਆਂ ਉਚੀਆਂ ਹੋ ਗਈਆਂ
ਡਰ ਦੀਆਂ ਦੀਵਾਰਾਂ ਨੂੰ।
........
ਕੌਣ---
ਨਫਰਤਾਂ ਦੇ ਕੀਤੇ ਫੱਟਾਂ ਤੇ ਮਰਹਮ ਲਗਾਊ
ਬਸਤੇ ਦੀ ਉਮਰੋਂ ਵੀ ਨਿੱਕੇ
ਆਪਣੇ ਰੰਗਾਂ ਤੋਂ ਬੇਖ਼ਬਰ
ਤਹਿਜ਼ੀਬਾਂ ਤੋਂ ਅਣਜਾਣ
ਆਪਣੀ ਖੇਲ੍ਹ ‘ਚ ਹੀ
ਹਸਦਾ ਸੰਸਾਰ ਸਿਰਜੀ ਫਿਰਦੇ
ਰੰਗਾਂ ਦਾ, ਇੱਜ਼ਤਾਂ ਦਾ, ਤਹਿਜ਼ੀਬਾਂ ਦਾ
ਪਾੜਾ ਨਿੱਕਾ ਕਰਕੇ
ਮਸਰੂਫ਼
ਤੋਤਲੀ ਬੋਲੀ ‘ਚ ਆਪਣਾ ਹੀ ਇੱਕ
ਸਾਝਾਂ ਦਾ
ਮੁਹੱਬਤਾਂ ਦਾ
ਸੰਸਾਰ ਸਿਰਜੀ ਫਿਰਦੇ
ਨਿੱਕੇ ਨਿੱਕੇ ਬਾਲਾਂ ਨੂੰ
ਜੋ ਢੋਏ ਬੂਹਿਆਂ ਦੀਆਂ ਝੀਤਾਂ ‘ਚੋਂ
ਇਸ ਝੱਖੜ ਨੂੰ ਵੇਖਣ ਲਈ
ਅੱਖਾਂ ਤੇ ਰੱਖੇ ਹੱਥਾਂ ਦੀਆਂ ਉਂਗਲਾਂ ‘ਚੋਂ
ਸੌੜੀਆਂ ਜਹੀਆਂ ਮੋਰੀਆਂ
ਬਣਾਉਣ ਤੋਂ ਵੀ
ਸਹਿਮੇ ਗਏ ਹਨ।
2 comments:
maanukh mansikta da ik draamaaii sirjan;bahut hi prbhaavshalii
Wah,bahut khoob ji...
Post a Comment