ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, April 14, 2009

ਕਰਤਾਰ ਸਿੰਘ ਕਾਲੜਾ - ਗ਼ਜ਼ਲ

ਸਾਹਿਤਕ ਨਾਮ: ਕਰਤਾਰ ਸਿੰਘ ਕਾਲੜਾ

ਜਨਮ: 9 ਮਾਰਚ , 1935 ( ਨਨਕਾਣਾ ਸਾਹਿਬ, ਪਾਕਿਸਤਾਨ)

ਕਿੱਤਾ: ਸੇਵਾ ਮੁਕਤ (ਡਿਪਟੀ ਡੀ.ਪੀ.ਆਈ, ਸਿੱਖਿਆ ਵਿਭਾਗ)

ਅਜੋਕਾ ਨਿਵਾਸ: ਪਟਿਆਲਾ, ਪੰਜਾਬ / ਆਸਟ੍ਰੇਲੀਆ

ਕਿਤਾਬਾਂ: ਕਾਵਿ-ਸੰਗ੍ਰਹਿ: ਚਾਨਣ ਦੀ ਰਖਵਾਲੀ, ਚਾਨਣ ਦਾ ਹੋਕਾ, ਕਾਂਤਰਾਂ ਚਾਨਣ ਦੀਆਂ, ਗ਼ਜ਼ਲ-ਸੰਗ੍ਰਹਿ: ਚਾਨਣ ਦੇ ਵਣਜਾਰੇ, ਚਾਨਣ ਦੇ ਪੰਧ, ਚਾਨਣ ਦੀ ਮਹਿਕ, ਚਾਨਣ ਦੇ ਰੰਗ, ਚਾਨਣ ਦਾ ਪੁਲ਼, ਚਾਨਣ ਚਾਨਣ ਮੈਂ, ਅਕਲਾਂ ਦਾ ਮੌਸਿਮ, ਸਵੈ-ਜੀਵਨੀ: ਪੈਰਾਂ ਦੀ ਪਰਵਾਜ਼ ਆਦਿ ਪ੍ਰਮੁੱਖ ਹਨ।

---

ਇਨਾਮ-ਸਨਮਾਨ: ਡਾ: ਵਿਦਿਆ ਭਾਸਕਰ ਅਰੁਣ ਐਵਾਰਡ, ਪ੍ਰੋ: ਗੁਲਵੰਤ ਸਿੰਘ ਐਵਾਰਡ, ਸੁਰਜੀਤ ਰਾਮਪੁਰੀ ਐਵਾਰਡ, ਬਾਵਾ ਬਲਵੰਤ ਐਵਾਰਡ, ਬਾਬਾ ਬੁੱਲ੍ਹੇ ਸ਼ਾਹ ਐਵਾਰਡ, ਪੰਜਾਬੀ ਸੱਥ ਹੁਸੈਨੀਵਾਲ਼ਾ ਵੱਲੋਂ ਸ਼ਹੀਦ ਭਗਤ ਸਿੰਘ ਐਵਾਰਡ ਅਤੇ ਹੋਰ ਅਨੇਕਾਂ ਐਵਾਰਡਾਂ ਨਾਲ਼ ਸਨਮਾਨਿਆ ਜਾ ਚੁੱਕਾ ਹੈ।

---

ਦੋਸਤੋ! ਕਾਲੜਾ ਸਾਹਿਬ ਨੇ ਇੱਕ ਫੋਨ ਕਾਲ ਦਾ ਮਾਣ ਰੱਖਦਿਆਂ ਆਰਸੀ 'ਚ ਹਾਜ਼ਰੀ ਲਵਾ ਕੇ ਸਾਡਾ ਸਭ ਦਾ ਮਾਣ ਵਧਾਇਆ ਹੈ।

ਬਕੌਲ ਸਰਦਾਰ ਪੰਛੀ ਜੀ:

"ਤਪਤੇ ਸਹਿਰਾ ਕੀ ਤਰ੍ਹਾ ਹੈ ਤਸ਼ਨਗੀ ਕਰਤਾਰ ਕੀ।

ਸ਼ਬਨਮੀ ਕਤਰੋਂ ਕੇ ਜੈਸੀ ਸ਼ਾਇਰੀ ਕਰਤਾਰ ਕੀ।"

ਉਹਨਾਂ ਦੀਆਂ ਭੇਜੀਆਂ ਰਚਨਾਵਾਂ ਚੋਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਅੱਜ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਆਰਸੀ ਦੀ ਅਦਬੀ ਮਹਿਫ਼ਲ 'ਚ ਖ਼ੁਸ਼ਆਮਦੀਦ ਆਖਦੀ ਹਾਂ। ਬਹੁਤ-ਬਹੁਤ ਸ਼ੁਕਰੀਆ।

--------

ਗ਼ਜ਼ਲ

ਖੜਸੁੱਕ ਰੁੱਖ ਤੋਂ ਲਵੀਆਂ ਲਗਰਾਂ ਭਾਲ਼ ਰਹੇ।

ਭੋਲ਼ੇ ਪੰਛੀ ਭਰਮ ਕਿਜੇਹੇ ਪਾਲ਼ ਰਹੇ।

----

ਸਾਡੇ ਹਿੱਸੇ ਭਾਵੇਂ ਲੱਖ ਭੁਚਾਲ਼ ਰਹੇ।

ਪਰ ਹਰ ਪੈੜ ਪੜਾਅ ਤੇ ਅਸੀਂ ਕਮਾਲ ਰਹੇ।

----

ਸਾਨੂੰ ਮਾਣ ਹੈ ਯਾਰੋ ਅਪਣੀ ਹਸਤੀ ਤੇ,

ਸਾਡੀ ਹਸਤੀ ਦੇ ਵਿਚ ਆਪ ਗੁਪਾਲ ਰਹੇ।

----

ਅਸੀਂ ਮੁਹੱਬਤ ਦੇ ਸ਼ੈਦਾਈ ਹਾਂ, ਤਾਂ ਹੀ,

ਟੇਢੇ ਮੇਢੇ ਸਾਡੇ ਯੋਗ ਸਵਾਲ ਰਹੇ।

----

ਉਹ ਹੀ ਜਾਨ ਮੇਰੀ ਦੀ ਖ਼ੈਰ ਹੈ ਮੰਗ ਸਕਦਾ,

ਦੁੱਖ-ਸੁੱਖ ਦੇ ਵਿਚ ਜਿਹੜਾ ਹਿਰਦੇ ਨਾਲ਼ ਰਹੇ।

----

ਭੋਲ਼ਾ ਪੰਛੀ ਬਚ ਗਿਆ ਫਾਹੀਵਾਲਾਂ ਤੋਂ,

ਪੈਰ-ਪੈਰ ਤੇ ਜੋ ਨੇ ਲਾਉਂਦੇ ਜਾਲ਼ ਰਹੇ।

----

ਜੜ੍ਹ ਤੋਂ ਜੋ ਟੁੱਟ ਜਾਵੇਗਾ ਸੁੱਕ ਜਾਵੇਗਾ,

ਤਾਂ ਹੀ ਕੌਮੀ ਵਿਰਸਾ ਅਸੀਂ ਸੰਭਾਲ਼ ਰਹੇ।

----

ਬੁੱਢੀ ਕੋਠੀ ਸਹਿਜ ਰੂਪ ਵਿਚ ਧੜਕ ਸਕੇ,

ਗਭਰੂ ਤਾਂ ਹੀ ਬਿਖ਼ਮ ਘਾਲਣਾ ਘਾਲ਼ ਰਹੇ।

----

ਜਿਨ੍ਹਾਂ ਅੰਦਰ ਲਾਟ ਸੂਰਜੀ ਬਲ਼ਦੀ ਹੈ!

ਉਹਨਾਂ ਨੂੰ ਇਕਸਾਰ ਹੁਨਾਲ ਸਿਆਲ਼ ਰਹੇ।

----

ਦੁਨੀਆਂ ਪੋਈਏ, ਦੁੜਕੀ, ਰੇਬ* ਫਿਰੇ ਦੌੜੀ,

ਐਪਰ ਸਦਾ ਕਾਲੜਾ ਅਪਣੀ ਚਾਲ ਰਹੇ।

---

ਪੋਈਏ, ਦੁੜਕੀ, ਰੇਬ* - ਘੋੜੇ ਦੀਆਂ ਚਾਲਾਂ ਦੇ ਨਾਮ ਹਨ।

----

ਗ਼ਜ਼ਲ

ਜਦੋਂ ਜੀਵਨ ਦੀ ਹਰ ਕੰਦਰ ਚੋਂ ਮਘਦੀ ਲਾਲਸਾ ਨਿਕਲ਼ੇ।

ਤਾਂ ਖ਼ੁਸ਼ੀਆਂ ਦੀ ਪਰਤ ਹੇਠੋਂ ਵੀ ਕੋਈ ਹਾਦਸਾ ਨਿਕਲ਼ੇ।

----

ਮੁਹੱਬਤ ਦੀ ਸਦਾਅ ਵੱਟੇ ਜਦ ਕੋਈ ਗਿਲਾ ਨਿਕਲ਼ੇ।

ਤਾਂ ਆਸ਼ਕ ਕੀ ਸਮਝ ਸਕਦੈ ਇਹ ਕਿਸ ਗੱਲ ਦੀ ਸਜ਼ਾ ਨਿਕਲ਼ੇ।

----

ਬੜਾ ਉਡ ਉਡ ਭਰੇ ਪੰਛੀ ਅਕਾਸ਼ਾਂ ਦੇ ਖ਼ਲਾਵਾਂ ਨੂੰ,

ਖ਼ੁਦ ਅੰਦਰ ਝਾਤ ਜਦ ਪਾਵੇ ਉਹਦੇ ਅੰਦਰੋਂ ਖ਼ਲਾਅ ਨਿਕਲ਼ੇ।

----

ਜਦੋਂ ਕਰਦਾ ਹੈ ਕੋਈ ਖ਼ੁਦਕੁਸ਼ੀ ਮਜਬੂਰ ਹੋ ਕੇ ਤਾਂ,

ਵਿਗੋਚਾ ਆਰਥਿਕ ਨਿਕਲ਼ੇ ਯਾ ਦਿਲ ਦਾ ਮਾਮਲਾ ਨਿਕਲ਼ੇ।

----

ਜਦੋਂ ਸ਼ੈਤਾਨ ਸਿਆਸਤਦਾਨ ਬਣ ਜਾਵੇ ਤਾਂ ਫਿਰ ਉਸ ਦੀ,

ਹਰ ਉਠਦੀ ਸੋਚ ਦੇ ਘੇਰੇ ਚੋਂ ਕਰਬਲਾ ਨਿਕਲ਼ੇ।

----

ਕਿਸੇ ਵੀ ਪਾਰਟੀ ਦੇ ਮੰਤਰੀ ਦਾ ਫੋਲੀਏ ਚਿੱਠਾ,

ਜੋ ਬਾਹਰੋਂ ਠੋਸ ਲੱਗਦਾ ਹੈ ਉਹ ਅੰਦਰੋਂ ਖੋਖਲ਼ਾ ਨਿਕਲ਼ੇ।

----

ਹੈ ਜਿਸ ਦੀ ਵੀ ਵੋਟ ਦੀ ਨੀਤੀ ਨੂੰ ਅਪਣਾ ਧਰਮ ਮੰਨ ਲੀਤਾ,

ਵਫ਼ਾ ਨਈਂ ਪਾਲ਼ ਸਕਦਾ ਉਹ ਹਮੇਸ਼ਾ ਦੋਗਲ਼ਾ ਨਿਕਲ਼ੇ।

----

ਜਿਹਦੀ ਰਗ ਰਗ ਚ ਕੁੱਟ ਕੁੱਟ ਕੇ ਵਫ਼ਾ ਦਾ ਨਾਮ ਭਰਿਆ ਸੀ,

ਉਹੀ ਸੰਵਿਧਾਨ ਦੀ ਸਹੁੰ ਖਾਣ ਪਿਛੋਂ ਬੇ-ਵਫ਼ਾ ਨਿਕਲ਼ੇ।

----

ਜਿਨ੍ਹੇ ਮੁਲ ਲੈਣ ਖ਼ਾਤਿਰ ਨੌਕਰੀ ਵੇਚੇ ਸਿਆੜ੍ਹ ਅਪਣੇ,

ਉਹ ਕੁਰਸੀ ਸਾਂਭ ਕੇ ਕਿਸ ਆਸ ਉਤੇ ਪਾਰਸਾ ਨਿਕਲ਼ੇ।

----

ਬੜੇ ਦੇਖੇ ਨੇ ਮਾਇਆ ਦੇਖ ਕੇ ਬਚਨੋਂ ਫਿਰਨ ਵਾਲ਼ੇ,

ਕੋਈ ਵਿਰਲਾ ਹੀ ਨਿਕਲ਼ੇ ਸਤਿ-ਪੁਰਖ ਜਿਉਂ ਕਾਲੜਾ ਨਿਕਲ਼ੇ।


No comments: