ਅਜੋਕਾ ਨਿਵਾਸ: ਮਾਨਸਾ, ਪੰਜਾਬ
ਕਿੱਤਾ: ਇੰਡੀਅਨ ਆਰਮੀ ‘ਚੋਂ ਸੇਵਾ ਮੁਕਤ
ਕਿਤਾਬਾਂ: (ਵਾਰਤਕ) ਚੜ੍ਹਦੇ ਸੂਰਜ ਦਾ ਭਾਈ (2006), ਸਰਵਰ ਦੇ ਹੰਸ (2007), ਮਿੱਠੜੀ ਅੰਮੀ ਨੂੰ ਨਮਸਕਾਰ(2008) ਅਤੇ (ਬਾਲ ਸਾਹਿਤ) ਨਿੱਕੜੇ ਤਾਰੇ , ਵਿਹੜੇ ਵਸਣ ਸਭਨਾਂ ਦੇ (ਅਨੁਵਾਦ) ਭੂਪੇਂਦਰ ਕੀ ਸ਼ਰੇਸ਼ਠ ਕਵਿਤਾਏਂ (1993) ਛਪ ਚੁੱਕੀਆਂ ਹਨ।
---
ਦੋਸਤੋ! ਰਾਜਸਥਾਨ ਨਿਵਾਸੀ, ਲੇਖਕ ਗੁਰਮੀਤ ਬਰਾੜ ਜੀ ਨੇ ਹਰਿਭਜਨ ਸਿੱਧੂ ਜੀ ਦੀ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਆਰਸੀ ਲਈ ਭੇਜੀ ਹੈ। ਮੈਂ ਉਹਨਾਂ ਦੀ ਤਹਿ-ਦਿਲੋਂ ਮਸ਼ਕੂਰ ਹਾਂ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਸਿੱਧੂ ਸਾਹਿਬ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਖ਼ੁਸ਼ਆਮਦੀਦ ਆਖਦੀ ਹੋਈ ਅੱਜ ਉਹਨਾਂ ਦੀ ਨਜ਼ਮ ਨੂੰ ‘ਆਰਸੀ’ ਤੇ ਪੋਸਟ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ!
-------
ਮਾਂ ਦੀ ਟਿਉਸ਼ਨ
ਨਜ਼ਮ
ਮਾਂ ਕਿਹਾ ਕਰਦੀ ਸੀ
ਧੀਏ !
ਰਾਤ ਨੂੰ ਸਾਰੇ ਜੂਠੇ ਭਾਂਡੇ
ਮਾਂਜ ਸੰਵਾਰ ਕੇ
ਪੈਂਦੀਆਂ ਨੇ ਸਚਿਆਰੀਆਂ !
ਕਹਿੰਦੇ ਨੇ , ਰਾਤ ਨੂੰ ਬਰਤਨ ਭਾਂਡੇ
ਗੰਗਾ-ਸ਼ਨਾਨ ਨੂੰ ਜਾਂਦੇ ਨੇ !
-ਤੇ
ਪਾਕ ਪਵਿੱਤਰ ਹੋ ਕੇ
ਰਸੋਈਆਂ ‘ਚ ਆਣ ਟਿਕਦੇ ਨੇ !
ਜੇ ਕੋਈ ਬਰਤਨ ,
ਕਿਸੇ ਕੁੱਢਰ ਦੀ
ਘੌਲ਼ ਕਾਰਣ ਕਿਤੇ
ਮਾਂਜਣ ਖੁਣੋਂ ਰਹਿ ਜਾਵੇ
ਉਹ ਗੰਗਾ ਸ਼ਨਾਨ ਤੋਂ
ਵਾਂਝਾ ਰਹਿ ਜਾਂਦੈ
ਸਰਾਪ ਪਿਆ ਦਿੰਦਾ ਹੈ ਸਾਰੀ ਰਾਤ
ਉਸ ਕੁੱਢਰ ਨੂੰ !
ਤੇ ਮੈਂ ਮਾਂ ਦੀ ਇਸ ਟਿਉਸ਼ਨ ‘ਚੋਂ
ਹਮੇਸ਼ਾ ਉਸ ਦੀ ਲੁਪਤ ਦਾਰਸ਼ਨਿਕਤਾ ਨੂੰ
ਲਭਦੀ,ਹੈਰਾਨ ਹੋਈ ਹੋਈ ਹੀ
ਸਾਰੇ ਜੂਠੇ ਭਾਂਡੇ
ਮਾਂਜ ਧਰਦੀ ਹਾਂ!
1 comment:
thudi najam ne thudi book charde suraj da bhai yaad karva ditti.jo manu mere dost darshan mitwa ne parai see.ass hai hor vadia likh ke bhej de rahoge.sarbjeet sangatpura
Post a Comment