ਅਜੋਕਾ ਨਿਵਾਸ: ਫਤਿਆਬਾਦ, (ਹਰਿਆਣਾ)
ਕਿਤਾਬਾਂ: ਕਾਵਿ-ਸੰਗ੍ਰਹਿ: ਇਹ ਜੰਗ ਕੌਣ ਲੜੇ, ਖ਼ੁਦਕੁਸ਼ੀ ਦੇ ਮੋੜ ‘ਤੇ, ਭੁੱਬਲ਼ ਦੀ ਅੱਗ, ਮਿੰਨੀ ਕਹਾਣੀ: ਪੱਥ ਪ੍ਰਸੰਗ, ਭੁੱਲਿਆ ਵਿਸਰਿਆ ਕਵੀਸ਼ਰ ਜੰਗੀਰ ਸਿੰਘ ਬਰਾੜ, ਕੌੰਮੀ ਸ਼ਹੀਦ ਭਗਤ ਸਿੰਘ ਪ੍ਰਮੁੱਖ ਹਨ।
ਇਨਾਮ-ਸਨਮਾਨ: ਈਸ਼ਵਰ ਚੰਦਰ ਨੰਦਾ ਐਵਾਰਡ ( ਭਾਸ਼ਾ ਵਿਭਾਗ ਵੱਲੋਂ), ਸਰਬੋਤਮ ਪੁਸਤਕ ਐਵਾਰਡ ( ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਵੱਲੋਂ) ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਹੈ।
----
ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਡਾ: ਕੁਲਦੀਪ ਜੀ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਵਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੀਆਂ ਨਜ਼ਮਾਂ ‘ਚੋਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ‘ਆਰਸੀ’ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
---------
ਬਚਪਨ
ਨਜ਼ਮ
ਮੈਂ ਬਚਪਨ ਬੋਲਦਾ ਹਾਂ
ਜੇ ਸੁਣ ਸਕਦੇ ਹੋ ਤਾਂ ਸੁਣੋ
ਕੁਝ ਰਾਜ਼ ਖੋਲਦਾ ਹਾਂ……
ਤੁਸੀਂ ਮੈਨੂੰ ਕਦੇ ਕੋਰੀ ਸਲੇਟ
ਕਦੇ ਗਿੱਲੀ ਮਿੱਟੀ
ਕਦੇ ਅੰਬਰ ਦਾ ਤਾਰਾ
ਕਦੇ ਚੰਨ ਦੀ ਟਿੱਕੀ
ਕਦੇ ਬੀਬਾ ਰਾਣਾ
ਕਦੇ ਬੇਸਮਝ ਨਿਆਣਾ
ਕਹਿ ਕੇ
ਮੇਰੇ ਅਬੋਲ ਸਫ਼ਿਆਂ ਤੇ
ਜੋ ਚਾਹੇ ਲਿਖ ਦਿੰਦੇ ਹੋ…..
ਜੋ ਚਾਹੇ ਮਿਟਾ ਦਿੰਦੇ ਹੋ….
ਜੋ ਚਾਹੇ ਬਣਾ ਦਿੰਦੇ ਹੋ…..
ਜੋ ਚਾਹੇ ਢਾਹ ਦਿੰਦੇ ਹੋ…..
...........
ਤੁਸੀਂ ਮੈਨੂੰ ਕਦੇ ਵੀ ਬਚਪਨ ਵਾਂਗ ਨਹੀਂ ਸਮਝਿਆ
ਧੜਕਦਾ….
ਤੜਫ਼ਦਾ….
ਸ਼ੂਕਦਾ……
ਮਹਿਸੂਸਦਾ….
ਥਿਰਕਦਾ ਤੇ
ਸਿਸਕਦਾ……
.........
ਤੁਸੀਂ ਮੈਨੂੰ ਅਕਸਰ ਇੰਝ ਰਟਾਉਂਦੇ ਹੋ
ਜਿਵੇਂ ਮੈਂ ਤੋਤਾ ਹੁੰਦਾ ਹਾਂ….
ਮੇਰੇ ਤੇ ਲੱਦ ਦਿੰਦੇ ਹੋ ਗਿਆਨ ਦੀਆਂ ਪੰਡਾਂ
ਜਿਵੇਂ ਮੈਂ ਖੋਤਾ ਹੁੰਦਾ ਹਾਂ…..
ਮੈਂ ਤੁਹਾਡਾ ਬੋਝਾ ਢੋਂਦਾ-ਢੋਂਦਾ ਟੁੱਟ ਜਾਂਦਾ ਹਾਂ
ਕਿਉਂਕਿ ਮੈਂ ਤਾਂ ਅਜੇ ਬਹੁਤ ਛੋਟਾ ਹੁੰਦਾ ਹਾਂ…….
...........
ਕਦੇ ਮੈਂ ਕੂੜੇ ਦੇ ਢੇਰ ‘ਚੋਂ
ਆਪਣਾ ਭਵਿੱਖ ਤਲਾਸ਼ਦਾ
ਸਿਰਨਾਵਾਂ ਲੱਭਦਾ ਆਪ ਦਾ
ਜੂਠੇ ਪਕਵਾਨਾਂ ਨਾਲ ਢਿੱਡ ਭਰਦਾ
ਸੂਰਾਂ ਤੇ ਕੁੱਤਿਆਂ ਨਾਲ ਲੜਦਾ
ਜਾਂ ਤਾਂ ਬੇਨਾਮ ਹੋ ਜਾਂਦਾ ਹਾਂ
ਜਾਂ ਤਸਵੀਰ ਬਣ ਜਾਂਦਾ ਹਾਂ ਤੇ
ਟੰਗਿਆ ਜਾਂਦਾ ਹਾਂ ਕੰਧ ਉੱਤੇ….
ਤੇ ਫੇਰ ਤੁਸੀਂ ਮੈਨੂੰ ਰੀਝ ਨਾਲ ਤੱਕਦੇ ਹੋ
ਮੇਰੇ ਬਚਪਨ ਦੀਆਂ ਪੈੜਾਂ ਨੱਪਦੇ ਹੋ
ਦਾਦ ਦਿੰਦੇ ਹੋ
ਸ਼ਾਬਾਸ਼ ਦਿੰਦੇ ਹੋ
ਮੇਰਾ ਅਪਮਾਨ ਕਰਦੇ ਹੋ
ਤੇ ਮੁਸੱਵਰ ਦਾ ਸਨਮਾਨ ਕਰਦੇ ਹੋ
ਤੇ ਮੈਂ ਲੀਰਾਂ ਹੰਢਾਉਂਦਾ ਤਸਵੀਰਾਂ ਵਿਚ ਬਦਲ ਜਾਂਦਾ ਹਾਂ……….
.................
ਕਦੇ ਮੈਂ ਹੁੰਦਾ ਹਾਂ ਮਾਸੂਮ ਕਲੀ
ਬੇਵਸੀ, ਹੌਂਕਿਆਂ ਤੇ ਤਰਲਿਆਂ ਵਿਚ ਪਲ਼ੀ……
ਗੋਹੇ ਦੇ ਬੱਠਲ ਚੁੱਕ
ਸੜਕਾਂ ਦੇ ਪੱਥਰ ਕੁੱਟ
ਭੱਠੇ ਦੀਆਂ ਇੱਟਾਂ ਥੱਪਦੀ
ਆਪਣੇ ਆਪੇ ਨੂੰ ਪੱਥਦੀ
ਸੜ ਸੁੱਕ ਜਾਂਦੀ ਹਾਂ
ਮਰ ਮੁੱਕ ਜਾਂਦੀ ਹਾਂ
ਤੇ ਸਰਾਪਿਆ ਜਾਂਦਾ ਹੈ ਬਚਪਨ ……..
...............
ਕਦੇ ਕਦੇ ਮੈਨੂੰ ਵੀ ਨਸੀਬ ਹੁੰਦੀ ਹੈ ਕਿਤਾਬ…..
ਮਿਲ ਜਾਂਦੀ ਹੈ ਕਲਮ……
ਤੇ ਜਾਪਦਾ ਹੈ…..
ਹੁਣ ਮੈਂ ਝਰੀਟ ਲਵਾਂਗਾ
ਆਪਣੀ ਕਿਸਮਤ ਦੇ ਕੁੱਝ ਹਰਫ਼….
ਪਰ ਫੇਰ
ਬਾਪੂ ਦੇ ਕਰਜ਼ੇ ਦਾ ਬੋਝ
ਸ਼ਾਹ ਦੇ ਚਿਹਰੇ ਦਾ ਰੋਅਬ
ਆਪਣੀ ਇੱਜ਼ਤ ਬਚਾਉਂਦੀ ਮਾਂ ਦੀ ਸ਼ਰਮ
ਖੋਹ ਲੈਂਦੀ ਹੈ ਕਲਮ
ਤੇ ਬੰਦ ਹੋ ਜਾਂਦੀ ਹੈ ਮੇਰੇ ਸੁਪਨਿਆਂ ਦੀ ਕਿਤਾਬ…….
ਤੇ ਮੈਂ ਕਾਗਜ਼ ਤੇ ਡੁੱਲ੍ਹੀ ਸਿਆਹੀ ਵਾਂਗ
ਕੁੱਝ ਅੱਖਰ ਲੱਭਦਾ ਹਾਂ
ਪਰ ਸਾਰੇ ਹੀ ਅੱਖਰ ਰਲਗੱਡ ਹੋ ਜਾਂਦੇ ਹਨ
ਤੇ ਇੱਕੋ ਹੀ ਹੋ ਜਾਂਦਾ ਹੈ ਰੰਗ-
ਕਾਲਾ ਸਿਆਹ……
........
ਮੇਰੇ ਸਤਿਕਾਰਤ ਵਾਰਸੋ!
ਅਧਿਆਪਕੋ!
ਸ਼ਾਸ਼ਕੋ!
ਤੇ ਪ੍ਰਸ਼ਾਸ਼ਕੋ!
ਕੀ ਇੰਝ ਹੀ ਮਰਦਾ ਰਹੇਗਾ ਬਚਪਨ…..?
ਕੀ ਇੰਝ ਹੀ ਡਰਦਾ ਰਹੇਗਾ ਬਚਪਨ…..?
ਤੋਤਲੀ ਜ਼ਬਾਨ ਦੇ ਇਹ ਬੋਲ
ਕੀ ਪਹੁੰਚਦੇ ਨਹੀਂ ਤੁਹਾਡੇ ਕੋਲ……?
ਲੈ ਲਓ ਮੈਥੋਂ ਮੇਰੇ ਹਟਕੋਰੇ
ਖੋਹ ਲਓ ਚਿੰਤਾ ਲੈ ਜਾਓ ਝੋਰੇ
ਇਕ ਹੱਥ ਨੂੰ ਕਲਮ ਦੇ ਦਿਓ
ਦੂਜੇ ਹੱਥ ਨੂੰ ਕਰਮ ਦੇ ਦਿਓ
ਮੱਥੇ ਨੂੰ ਇਕ ਜੋਤ ਦੇ ਦਿਓ
ਬਸਤੇ ਨੂੰ ਬਸ ਛੋਟ ਦੇ ਦਿਓ
ਕਦੇ ਤਾਂ ਨਿਆਣੇ ਬਣ ਕੇ ਸੋਚੋ
ਕਦੇ ਤਾਂ ਸਿਆਣੇ ਬਣ ਕੇ ਸੋਚੋ
ਜੰਗ ਲੱਗੇ ਹੋਏ ਜਿੰਦਰੇ ਤੋੜੋ
ਮੈਨੂੰ ਮੇਰਾ ਬਚਪਨ ਮੋੜੋ…..!
ਮੈਨੂੰ ਮੇਰਾ ਬਚਪਨ ਮੋੜੋ….. !!
===============
ਆ ਸ਼ਬਦਾਂ ਦੇ ਵਿਹੜੇ...
ਨਜ਼ਮ
ਆ ਸ਼ਬਦਾਂ ਦੇ ਵਿਹੜੇ ਆ ਜਾ,
ਆਹ ਲੈ ਚੁੱਕ ਕਿਤਾਬਾਂ।
ਕਿੰਨੀ ਸੁੰਦਰ ਦੁਨੀਆ ਸਾਡੀ,
ਮਾਰਨ ਸ਼ਬਦ ਆਵਾਜ਼ਾਂ।
ਗਿਆਨ ਵਿਹੁਣਾ ਫਿਰੇਂ ਭਟਕਦਾ,
ਜ਼ਿੰਦਗੀ ਪੰਧ ਲੰਮੇਰੇ।
ਫੋਲ ਗਿਆਨ ਦੇ ਡੂੰਘੇ ਸਾਗਰ,
ਸਿੱਖ ਲੈ ਅਦਬ ਆਦਾਬਾਂ।
3 comments:
ਹਾਂ ਜੀ ਜਨਾਬ ਡਾ ਸਾਹਿਬ ਆਰਸੀ ਤੇ ਔਣ ਲਈ ਮੁਬਾਰਕ ਅਤੇ ਆਰਸੀ ਤੇ ਤੁਹਾਡੀਆਂ ਇਹ
ਕਵਿਤਾਵਾਂ ਮੈਂ ਸਭ ਤੋਂ ਪਹਿਲਾਂ ਦੇਖੀਆਂ. ਬ੍ਸ ਹੁਣੇ ਹੁਣੇ 10.40 ਰਾਤ.
(ਬਲਜੀਤ ਪਾਲ ਸਿੰਘ)
Deep Ji: Nazaman bemissal ne..
tote wangoo and khote wangoo... wah!
कुलदीप जी दीआं दोनां नज्मां चंगीआं लगीआं।
Post a Comment