ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, May 2, 2009

ਪਾਲ ਢਿੱਲੋਂ - ਗ਼ਜ਼ਲ

ਗ਼ਜ਼ਲ

ਜਦ ਸੂਰਜ ਦੀ ਸਰਦਲ 'ਤੇ ਮੈਂ ਜਾ ਦੀਵਾ ਜਗਾ ਦਿੱਤਾ।

ਮੈਂ ਅਪਣੀ ਹੋਂਦ ਦਾ ਅਹਿਸਾਸ ਸੂਰਜ ਨੂੰ ਕਰਾ ਦਿੱਤਾ।

----

ਨਦੀ ਨੂੰ ਪੁੱਛਿਆ ਉਸ ਦਾ ਨਗਰ, ਘਰ, ਥਾਂ ਟਿਕਾਣਾ ਮੈਂ,

ਪਤਾ ਉਸ ਨੇ ਫਟਾ ਫਟ ਹੀ ਸੂਰਜ ਦਾ ਲਿਖਾ ਦਿੱਤਾ।

----

ਇਹ ਕੈਸੀ ਹੈ ਸਜ਼ਾ ਕੈਸਾ ਡਰਾਵਾ ਓਸ ਨੇ ਪੁੱਛਿਆ,

ਜਦੋਂ ਮੈਂ ਸਾਮ੍ਹਣੇ ਸ਼ੀਸ਼ੇ ਦੇ ਇਕ ਪੱਥਰ ਟਿਕਾ ਦਿੱਤਾ।

----

ਮੇਰਾ ਤਾਂ ਲਕਸ਼ ਸੀ ਕਿ ਮੈਂ ਸਮੇਂ ਦੇ ਨਾਲ਼ ਚਲਣਾ ਹੈ,

ਮਗਰ ਰਫ਼ਤਾਰ ਇਸ ਦੀ ਨੇ ਸਦਾ ਮੈਨੂੰ ਦਗ਼ਾ ਦਿੱਤਾ।

----

ਤੁਹਾਡਾ ਸ਼ੌਕ ਰੰਗਾਂ ਦਾ ਕਦੇ ਪੂਰਾ ਨਹੀਂ ਹੋਣਾ,

ਅਸੀਂ ਤਾਂ ਖ਼ੂਨ ਅਪਣੇ ਦਾ ਹਰਿਕ ਕ਼ਤਰਾ ਵਹਾ ਦਿੱਤਾ।

----

ਕਿਹਾ ਉਸ ਨੂੰ ਕਿ ਤੂੰ ਆਪਣੀ ਹਿਫ਼ਾਜ਼ਤ ਆਪ ਕਰਨੀ ਹੈ,

ਮੈਂ ਉਸਨੂੰ ਚੂੜੀਆਂ ਦੇ ਨਾਲ਼ ਇਕ ਖ਼ੰਜਰ ਫੜਾ ਦਿੱਤਾ।

----

ਜੇ ਸ਼ਾਇਰ ਹੈਂ ਤਾਂ ਐ ਢਿੱਲੋਂ ਤੂੰ ਕਰ ਇਸ ਸ਼ਿਅਰ ਨੂੰ ਪੂਰਾ,

ਕੀ ਮਤਲਬ ਪਿਆਰ ਦਾ ਮਿਸਰਾ ਮੈਂ ਇਹ ਤੈਨੂੰ ਸੁਣਾ ਦਿੱਤਾ।


1 comment:

Azeem Shekhar said...

Dhillon sahib gazal do- tinn vaar pri hea...bahut vadhia laga.
Azeem Shekhar