ਜਦ ਸੂਰਜ ਦੀ ਸਰਦਲ 'ਤੇ ਮੈਂ ਜਾ ਦੀਵਾ ਜਗਾ ਦਿੱਤਾ।
ਮੈਂ ਅਪਣੀ ਹੋਂਦ ਦਾ ਅਹਿਸਾਸ ਸੂਰਜ ਨੂੰ ਕਰਾ ਦਿੱਤਾ।
----
ਨਦੀ ਨੂੰ ਪੁੱਛਿਆ ਉਸ ਦਾ ਨਗਰ, ਘਰ, ਥਾਂ ਟਿਕਾਣਾ ਮੈਂ,
ਪਤਾ ਉਸ ਨੇ ਫਟਾ ਫਟ ਹੀ ਸੂਰਜ ਦਾ ਲਿਖਾ ਦਿੱਤਾ।
----
ਇਹ ਕੈਸੀ ਹੈ ਸਜ਼ਾ ਕੈਸਾ ਡਰਾਵਾ ਓਸ ਨੇ ਪੁੱਛਿਆ,
ਜਦੋਂ ਮੈਂ ਸਾਮ੍ਹਣੇ ਸ਼ੀਸ਼ੇ ਦੇ ਇਕ ਪੱਥਰ ਟਿਕਾ ਦਿੱਤਾ।
----
ਮੇਰਾ ਤਾਂ ਲਕਸ਼ ਸੀ ਕਿ ਮੈਂ ਸਮੇਂ ਦੇ ਨਾਲ਼ ਚਲਣਾ ਹੈ,
ਮਗਰ ਰਫ਼ਤਾਰ ਇਸ ਦੀ ਨੇ ਸਦਾ ਮੈਨੂੰ ਦਗ਼ਾ ਦਿੱਤਾ।
----
ਤੁਹਾਡਾ ਸ਼ੌਕ ਰੰਗਾਂ ਦਾ ਕਦੇ ਪੂਰਾ ਨਹੀਂ ਹੋਣਾ,
ਅਸੀਂ ਤਾਂ ਖ਼ੂਨ ਅਪਣੇ ਦਾ ਹਰਿਕ ਕ਼ਤਰਾ ਵਹਾ ਦਿੱਤਾ।
----
ਕਿਹਾ ਉਸ ਨੂੰ ਕਿ ਤੂੰ ਆਪਣੀ ਹਿਫ਼ਾਜ਼ਤ ਆਪ ਕਰਨੀ ਹੈ,
ਮੈਂ ਉਸਨੂੰ ਚੂੜੀਆਂ ਦੇ ਨਾਲ਼ ਇਕ ਖ਼ੰਜਰ ਫੜਾ ਦਿੱਤਾ।
----
ਜੇ ਸ਼ਾਇਰ ਹੈਂ ਤਾਂ ਐ ‘ਢਿੱਲੋਂ’ ਤੂੰ ਕਰ ਇਸ ਸ਼ਿਅਰ ਨੂੰ ਪੂਰਾ,
‘ਕੀ ਮਤਲਬ ਪਿਆਰ ਦਾ’ ਮਿਸਰਾ ਮੈਂ ਇਹ ਤੈਨੂੰ ਸੁਣਾ ਦਿੱਤਾ।
1 comment:
Dhillon sahib gazal do- tinn vaar pri hea...bahut vadhia laga.
Azeem Shekhar
Post a Comment