ਕੁਝ ਦੁੱਖਾਂ ਕੁਝ ਦਰਦਾਂ ਨੂੰ ਬਸ ਹੰਝੂ ਦੇਣ ਜ਼ੁਬਾਨ।
ਸ਼ਬਦਾਂ ਕੋਲ਼ੋਂ ਕਦ ਹੁੰਦੇ ਨੇ ਸਾਰੇ ਦੁੱਖ ਬਿਆਨ।
----
ਸਾਡੀ ਕੀ ਹਾਲਤ ਹੈ ਆਪੇ ਲਾ ਲੈ ਤੂੰ ਅਨੁਮਾਨ।
ਘਸੀਆਂ ਘਸੀਆਂ ਸੜਕਾਂ ਉੱਤੇ ਬੌਨੇ ਜਿਹੇ ਮਕਾਨ।
----
ਧੀਆਂ ਦਾ ਤਾਂ ਰੋਣ ਹੀ ਝੱਲਣਾ ਹੁੰਦਾ ਨਹੀਂ ਆਸਾਨ।
ਦਾਜ ਲਈ ਧੀਆਂ ਦੀ ਲੋਕੋ ਕਿੰਜ ਕੱਢਦੇ ਹੋ ਜਾਨ?
----
ਦਿਲ ਵਰਗਾ ਘਰ ਮੇਰਾ ਜਿਸਦਾ ਬੂਹਾ ਸੀਨੇ ਵਾਂਗ,
ਨੈਣਾਂ ਵਾਂਗ ਉਡੀਕਣ ਤੈਨੂੰ ਖੁੱਲ੍ਹੇ ਰੌਸ਼ਨਦਾਨ।
----
ਟੁਕੜੇ ਟੁਕੜੇ ਹੋਏ ਰਿਸ਼ਤੇ ਕੀ ਮੁੜ ਮੁੜ ਕੇ ਜੋੜਾਂ,
ਕੀ ਗਲ਼ ਲਾਵਾਂ ਅੱਧ-ਪਚੱਧੇ ਯਾਦਾਂ ਦੇ ਮਹਿਮਾਨ।
----
ਖ਼ਬਰੇ ਦਿਲ ਨੂੰ ਆ ਗਈ ਹੈ ਫਿਰ ਕਿਸ ਪਤਝੜ ਦੀ ਯਾਦ,
ਝੁਰੜੀ ਝੁਰੜੀ ਹੋ ਗਈ ਮੇਰੇ ਚਿਹਰੇ ਦੀ ਮੁਸਕਾਨ।
----
ਚੰਨ ਦੀ ਟਿੱਕੀ ਵਾਂਗੂੰ ਦਿਲ ਵੀ ਘਟਦਾ ਵਧਦਾ ਰਹਿੰਦੈ,
ਨਿੱਤ ਗੁਆ ਬਹਿੰਦੈ ਕੁਝ ਤਾਰੇ ਅੰਦਰਲਾ ਅਸਮਾਨ।
----
ਮੈਂ ਹਾਂ ਅੱਖ ਦੀ ਸੂਲ਼ੀ ਲਟਕੇ ਹੰਝੂ ਵਾਂਗਰ ਯਾਰ,
ਮਿੱਟੀ ਵਿਚ ਮਿਲ਼ ਜਾਣਾ ਹੈ ਇਹ ਪਲ ਛਿਣ ਦਾ ਮਹਿਮਾਨ।
----
ਜ਼ਖ਼ਮੀ ਦਿਲ ‘ਚੋਂ ਕਿਰਦੇ ਹੰਝੂ ਹੋ ਹੋ ਲਹੂ ਲੁਹਾਨ।
ਦੁੱਖ ਤਲਵਾਰਾਂ ਤਿੱਖੀਆਂ ਦਿਲ ਦੀ ਇਕੋ ਇਕ ਮਿਆਨ।
6 comments:
ਹਰਜਿੰਦਰ ਕੰਗ ਦੀ ਵੀ ਸਾਰੀ ਗ਼ਜ਼ਲ ਬਹੁਤ ਖ਼ੁਬਸੂਰਤ ਹੈ। ਮੈਂ ਇਹਨਾਂ ਦੀਆਂ ਦੋਵੇਂ ਕਿਤਾਬਾਂ ਪੜ੍ਹੀਆਂ ਹਨ।
ਕੁਝ ਦੁੱਖਾਂ ਕੁਝ ਦਰਦਾਂ ਨੂੰ ਬਸ ਹੰਝੂ ਦੇਣ ਜ਼ੁਬਾਨ।
ਸ਼ਬਦਾਂ ਕੋਲ਼ੋਂ ਕਦ ਹੁੰਦੇ ਨੇ ਸਾਰੇ ਦੁੱਖ ਬਿਆਨ।
ਚੰਨ ਦੀ ਟਿੱਕੀ ਵਾਂਗੂੰ ਦਿਲ ਵੀ ਘਟਦਾ ਵਧਦਾ ਰਹਿੰਦੈ,
ਨਿੱਤ ਗੁਆ ਬਹਿੰਦੈ ਕੁਝ ਤਾਰੇ ਅੰਦਰਲਾ ਅਸਮਾਨ।
ਗੀਤਕਾਰ ਤੇ ਗ਼ਜ਼ਲਗੋ ਕੰਗ ਨੂੰ ਮੇਰੀਆਂ ਸ਼ੁੱਭ ਇੱਛਾਵਾਂ।
ਸੁਖਵੀਰ ਸੈਂਹਬੀ
ਲੁਧਿਆਣਾ
ਇੰਡੀਆ
Tukre tukre hoye rishte ki murh murh ke jorhan,
ki gallh lawan adh pachadhe yadaan de mehman.
Kang sahib di ghazal sachaian di tarzmani kardi hai. Wadhai.
Mandhir Deol
Canada
kang saab salaam!!
aapdi gahzal bahut khoob hai...........
par aapde 5th share de ik misre vich ik than te "aib tanafar" paida ho reha hai..........
ho sake tan aes nu darust kar lo...
ki gal{aib tanafar} lava adh-pachadhe yadan de mehmaan !!
ethe do l{lalle} apas vich takra rahe ne...........ho sake tan aes nu darust kar lo...baki sari gahazal bahut khoobsurat laggi,aas hai ki aap mere sujha te gaur karoge
roop nimana
RAB RAKHA!!
Janaab Kang sahib di qalm nu salaam...
ਰੂਪ ਨੇ ਜੋ ਐਬ ਤਨਾਫੁਰ ਦਾ ਨੁਕਤਾ ਉਠਾਇਆ ਹੈ, ਇਹ ਤਕਨੀਕੀ ਪੱਖੋਂ ਸਹੀ ਹੈ। ਪਰ ਇਸਦੀ ਹੋਰ ਵਜ਼ਾਹਤ ਕਰਨ ਦੀ ਲੋੜ ਹੈ। ਇਸ ਐਬ ਦਾ ਇਹੀ ਮਤਲਬ ਹੈ ਕਿ ਜਦੋਂ ਪਹਿਲੇ ਸ਼ਬਦ ਦਾ ਅੰਤਲਾ ਅੱਖਰ ਤੇ ਨਾਲ਼ ਲਗਦੇ ਅਗਲੇ ਸ਼ਬਦ ਦਾ ਪਹਿਲਾ ਅੱਖਰ ਇੱਕ ਹੀ ਹੋਵੇ ਤਾਂ ਇਹ ਦੋਸ਼ ਮੰਨਿਆ ਜਾਂਦਾ ਹੈ, ਕਿਉਂਕਿ ਉਚਾਰਣ ਵੇਲ਼ੇ ਜ਼ੁਬਾਨ ਗੁੰਝਲ਼ ਖਾਂਦੀ ਹੈ। ਪਰ ਇਹ ਐਬ ਪੰਜਾਬੀ ਵਿਚ ਆਮ ਹੈ ਕਿਉਂਕਿ ਉਰਦੂ ਜ਼ੁਬਾਨ ਵਿਚ ਇਜ਼ਾਫਤ ਦੀ ਸਹੂਲਤ ਹੁੰਦੀ ਹੈ ਜਿਵੇਂ ਵਤਨਾਂ ਦੀ ਯਾਦ ਨੂੰ ਯਾਦੇ-ਵਤਨ ਤੇ ਉਲਫ਼ਤ ਦਾ ਰਾਜ਼ ਨੂੰ ਰਾਜ਼ੇ-ਉਲਫ਼ਤ ਬਣਾ ਲਿਆ ਜਾਂਦਾ ਹੈ। ਅਜਿਹੀ ਸਹੂਲਤ ਪੰਜਾਬੀ ਵਿਚ ਨਹੀਂ ਹੈ। ਮਿਸਰਾ ਸੀ..
“ ਕੀ ਗਲ਼ ਲਾਵਾਂ ਅੱਧ-ਪਚੱਧੇ ਯਾਦਾਂ ਦੇ ਮਹਿਮਾਨ ”
----
ਕਵਿਤਾ ਵਿਚ ਸ਼ਬਦਾਂ ਦੀ ਧੁਨੀ ਦੀ ਬਹੁਤ ਮਹੱਤਤਾ ਹੈ। ‘ਗਲ਼ ਕੀ ਲਾਵਾਂ’ ਕਰਨ ਨਾਲ਼ ਧੁਨੀ ਉਹ ਨਹੀਂ ਰਹਿੰਦੀ-ਜੋ ‘ਕੀ ਗਲ਼ ਲਾਵਾਂ’ ਵਿਚ ਹੈ। ‘ਯਾਦਾਂ ਦੇ’ ਵਿਚ ਜ਼ੁਬਾਨ ਗੁੰਝਲ਼ ਨਹੀਂ ਕਾਂਦੀ ਕਿਉਂਕਿ ਦੋਹਾਂ ਦੱਦਿਆ ਨਾਲ਼ ਮਾਤਰਾ ਹੈ। ਇਸ ਲਈ ਦੋਹਾਂ ਨੂੰ ਜ਼ੋਰ ਦੇ ਕੇ ਬੋਲਿਆ ਜਾਏਗਾ। ਜੇ ਸ਼ਬਦ ‘ਯਾਦ ਦੇ’ ਹੁੰਦਾ ਤਾਂ ਬੋਲਣਾ ਕੁਝ ਮੁਸ਼ਕਿਲ ਹੋਣਾ ਸੀ। ਗੱਲ ਹੋਰ ਅੱਗੇ ਤੋਰਦੇ ਹਾਂ। ਡਾ: ਜਗਤਾਰ ਦਾ ਇਕ ਸ਼ਿਅਰ ਹੈ:
“ ਮੇਰੀਆਂ ਅੱਖਾਂ ‘ਚ ਸੂਰਜ ਲਿਸ਼ਕਿਆ ਹੈ ਕਿਸ ਸਮੇਂ
ਰਾਤ ਦਾ ਖ਼ੰਜਰ ਜਦੋਂ ਸੀਨੇ ‘ਚ ਮੇਰੇ ਲਹਿ ਗਿਆ ”
----
‘ਕਿਸ ਸਮੇਂ’ ਵਿਚ ਐਬ ਤਨਾਫੁਰ ਪੈਦਾ ਹੋ ਗਿਆ, ਪਰ ਕਵਿਤਾ ਵਿਚ Spaces ਦੀ ਖ਼ਾਸ ਭੂਮਿਕਾ ਹੈ। ਅਖ਼ੀਰਲੀ ਟੁਕੜੀ ਫਾ-ਇਲੁਨ ( ਕਿਸ ਸਮੇਂ) ਹੈ ਤਕਤੀਹ ‘ਚ ਸੱਸੇ ਇਕੱਠੇ ਨਹੀਂ। ਜੇ ਇਸ ਮਿਸਰੇ ਨੂੰ ਗਾਇਆ ਜਾਵੇ ਤਾਂ ਗਾਇਕ ‘ਕਿਸ’ ਸ਼ਬਦ ਦੇ ਸੁਰ ਨੂੰ ਵਧਾ ਕੇ ਗਾਏਗਾ-ਫਿਰ ਗਹਿਰਾਈ ‘ਚੋਂ ‘ਸਮੇਂ’ ਸ਼ਬਦ ਨੂੰ ਉਠਾਏਗਾ। ਬੋਲਣ ਵਕ਼ਤ ਤਾਂ ‘ਕਿਸ ਸਮੇਂ’ ‘ਚ ਐਬ ਤਨਾਫੁਰ ਆਉਂਦਾ ਹੈ, ਪਰ ਗਾਉਂਣ ਵੇਲ਼ੇ ਨਹੀਂ ਰਹੇਗਾ। ‘ਕਿਸ’ ਵੀ ਦੋ ਤਰਹਾਂ ਬੋਲਿਆ ਜਾ ਸਕਦੈ – ਇਕ ਤਾਂ ‘ਕਿ’ ਤੇ ਜ਼ੋਰ ਦੇ ਕੇ ਤੇ ਦੂਜੀ ਤਰ੍ਹਾਂ ਹਲਕਾ ਜਿਹਾ ਐਲਾਨ ਕਰਨ ਨਾਲ਼। ਇਹ ਬੋਲ ਕੇ ਹੀ ਪਤਾ ਲੱਗੇਗਾ।
----
ਹਰ ਭਾਸ਼ਾ ਦਾ ਇਕ Structure ਹੈ। ਹਰ ਭਾਸ਼ਾ ਦੀ ਇਕ ਖ਼ੂਬਸੂਰਤੀ ਹੁੰਦੀ ਹੈ ਅਤੇ ਇਕ ਸੀਮਾ ਵੀ। ਅਰੂਜ਼ ਦਾ ਇਲਮ ਸਿੱਧਾ ਅਰਬੀ ਵਾਲ਼ਾ ਪੰਜਾਬੀ ਤੇ ਲਾਗੂ ਕੀਤਾ ਜਾਂਦੈ। ਪੰਜਾਬੀ ਵਿਚ ਅਜੇ ਤਿੰਨ ਅੱਖਰੀ ਸ਼ਬਦਾਂ ਦੇ ਵਜ਼ਨ ਬਾਰੇ ਵੀ ਕੋਈ ਨਿਰਣਾ ਨਹੀਂ ਲਿਆ ਗਿਆ।
ਜਿਵੇਂ ਉਰਦੂ ਦੀ ਲੁਗਾਤ ਹਰ ਸ਼ਬਦ ਦਾ ਉਚਾਰਣ ਦੱਸਦੀ ਹੈ, ਇਵੇਂ ਪੰਜਾਬੀ ‘ਚ ਪ੍ਰਮਾਣ ਵਾਸਤੇ ਕੋਈ ਡਿਕਸ਼ਨਰੀ ਨਹੀਂ ਹੈ। ਇਸੇ ਕਰਕੇ ਤਿੰਨ ਅੱਖਰੀ ਸ਼ਬਦਾਂ ਦੇ ਉਚਾਰਣ ਦਾ ਵੀ ਰੌਲ਼ਾ ਪਿਆ ਰਹਿੰਦਾ ਹੈ। ਗ਼ਜ਼ਲ ਸਮੁੱਚੀ ਕਵਿਤਾ ਦੀ ਇਕ ਖ਼ਾਸ ਵੰਨਗੀ ਹੈ। ਇਸ ‘ਚ ਕਵਿਤਾ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਸਨੂੰ ਗ਼ਜ਼ਲਪਨ ਕਿਹਾ ਜਾਂਦਾ ਹੈ। ਪੰਜਾਬੀ ‘ਚ ਠੀਕ ਗ਼ਜ਼ਲਾਂ ਬੇਸ਼ੁਮਾਰ ਨੇ – ਜਿਨ੍ਹਾਂ ‘ਚ ਇਸ ਤੋਂ ਵੱਧ ਕੋਈ ਖ਼ੂਬੀ ਨਹੀਂ। ਕਾਵਿਕਤਾ ਦਾ ਹਾਜ਼ਰ ਰਹਿਣਾ ਬਹੁਤ ਲਾਜ਼ਮੀ ਹੈ।
----
ਮੇਰੀਆਂ ਕਈ ਬੇਮਤਲਾ ਗ਼ਜ਼ਲਾਂ ਵੀ ਹਨ। ਮੈਨੂੰ ਲੱਗਦੈ ਕਿ ‘ਬੇਮਤਲਬ’ ਲਿਖਣ ਨਾਲ਼ੋਂ ‘ਬੇਮਤਲਾ’ ਹੋਣਾ ਛੌਟਾ ਗੁਨਾਹ ਹੈ। ਕਿਉਂਕਿ ਸ਼ਿਅਰ ਜੋ ਤੁਹਾਨੂੰ ਖ਼ੁਦ ਨੂੰ ਹੀ ਥੋੜ੍ਹਾ-ਬਹੁਤਾ ਮਹਿਸੂਸ ਨਹੀਂ ਹੁੰਦਾ – ਉਹ ਕਿਸੇ ਹੋਰ ਨੂੰ ਕੀ ਹੋਵੇਗਾ?? ਜਿਨ੍ਹਾਂ ਦਿਨਾਂ ‘ਚ ਮੈਂ ਗ਼ਜ਼ਲ ਸਿੱਖੀ – ਨਾਲ਼ ਗ਼ਜ਼ਲ ਵਿਧਾਨ ਦੀਆਂ ਕਈ ਕਿਤਾਬਾਂ ਦਾ ਵੀ ਖ਼ੂਬ ਅਧਿਐਨ ਕੀਤਾ। ਉਹਨਾਂ ਦਿਨਾਂ ਵਿਚ ਸ਼ਿਵ ਦੀ ਜ਼ਜ਼ਲ:
“ ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਰੰਗ ਗੋਰਾ ਗੁਲਾਬ ਲੈ ਬੈਠਾ।“
ਵਿਚ ਦੋਸ਼ ਕੱਢਿਆ ਜਾਂਦਾ ਸੀ ਕਿ ਗੋਰੇ ਰੰਗ ਦਾ ਤਾਂ ਗੁਲਾਬ ਹੁੰਦਾ ਹੀ ਨਹੀਂ, ਪਰ ਮੈਂ ਕਹਿੰਦਾ ਹੁੰਦਾ ਸੀ ਕਿ ਉਸਨੇ ਰੰਗ ਨੂੰ ਗੋਰਾ ਗੁਲਾਬ ਕਿਹਾ ਹੀ ਨਹੀਂ – ਸਗੋਂ ਇਹ ਕਿਹਾ ਹੈ ਕਿ ਰੰਗ ਗੋਰਾ ਤੇ ਗੁਲਾਬ। ਜਾਣੀ ਹੁਸਨ ਦੀ ਤਾਰੀਫ਼ ਦੋ ਤਰ੍ਹਾਂ ਨਾਲ਼ ਕੀਤੀ ਹੈ – ਗੋਰਾ ਰੰਗ ਕਹਿ ਕੇ ਤੇ ਗੁਲਾਬ ਕਹਿ ਕੇ। ਤੁਸੀਂ ਕਿਵੇਂ ਪੜ੍ਹਦੇ ਹੋਂ ਇਸਨੂੰ, ਇਸਤੇ ਵੀ ਨਿਰਭਰ ਕਰਦਾ ਹੈ।
----
ਪੰਜਾਬੀ ‘ਵ ਖੁੱਲ੍ਹੀ ਕਵਿਤਾ ਕਹਿਣ ਵਾਲ਼ਿਆਂ ਨੂੰ ਛੰਦ-ਵਿਧਾਨ ਪੜ੍ਹਨਾ ਚਾਹੀਦੈ ਤੇ ਛੰਦ-ਵਿਧਾਨ ਨੂੰ ਖੁੱਲ੍ਹੀ ਕਵਿਤਾ ਤਾਂ ਕਿ ਕਵਿਤਾ ਦੀ ਵਿਸ਼ਾਲਤਾ ਨੂੰ ਜਾਣਿਆ ਜਾ ਸਕੇ। ਖ਼ਿਆਲ ਦੀ ਤਾਜ਼ਗੀ ਅਤੇ ਮੌਲਿਕਤਾ ਗ਼ਜ਼ਲ/ਕਵਿਤਾ ਨੂੰ ਪੜ੍ਹਨਯੋਗ ਅਤੇ ਮਾਨਣਯੋਗ ਬਣਾਉਂਦੀ ਹੈ। ਇਸ ਦਿਸ਼ਾ ‘ਚ ਕੰਮ ਕਰਦੇ ਰਹਿਣਾ ਚਾਹੀਦਾ ਹੈ।
---
ਰੂਪ ਨੇ ਗ਼ਜ਼ਲ ਬੜੇ ਗਹੁ ਨਾਲ਼ ਪੜ੍ਹੀ ਹੈ – ਸ਼ਾਬਾਸ਼ ਦੇਣੀ ਬਣਦੀ ਹੈ। ਬਾਕੀ ਸਭ ਸੱਜਣਾਂ ਦਾ ਵੀ ਧੰਨਵਾਦ,ਜਿਨ੍ਹਾਂ ਨੇ ਬੜੇ ਧਿਆਨ ਨਾਲ਼ ਪੜ੍ਹ ਕੇ ਮੁਹੱਬਤ ਬਖ਼ਸ਼ੀ ਹੈ। ਬੱਸ ਏਸੇ ਤਰ੍ਹਾ ਗ਼ੌਰ ਨਾਲ਼ ਪੜ੍ਹਦੇ ਰਹੋ ਅਤੇ ਟੌਹਰ ਨਾਲ਼ ਲਿਖਦੇ ਰਹੋ। ਬਕੌਲ ਬਸ਼ੀਰ ਬਦਰ ਸਾਹਿਬ:
“ ਚਮਕਤੀ ਹੈ ਨਹੀਂ ਸਦੀਓਂ ਮੇਂ ਆਸੂਓਂ ਸੇ ਜ਼ਮੀਂ,
ਗ਼ਜ਼ਲ ਕੇ ਸ਼ਿਅਰ ਕਹਾਂ ਰੋਜ਼ ਰੋਜ਼ ਹੋਤੇ ਹੈਂ।“
ਤੁਹਾਡਾ
ਹਰਜਿੰਦਰ ਕੰਗ
ਯੂ.ਐੱਸ.ਏ
ਕਿਰਪਾ ਕਰਕੇ ਉੱਪਰਲੀ ਪੋਸਟ ਵਿਚ ਜਨਾਬ ਬਸ਼ੀਰ ਬਦਰ ਸਾਹਿਬ ਦਾ ਸ਼ਿਅਰ ਇੰਝ ਪੜ੍ਹਿਆ ਜਾਵੇ...ਟਾਈਪਿੰਗ ਦੀ ਗ਼ਲਤੀ ਹੈ....
“ ਚਮਕਤੀ ਹੈ ਕਹੀਂ ਸਦੀਓਂ ਮੇਂ ਆਸੂਓਂ ਸੇ ਜ਼ਮੀਂ,
ਗ਼ਜ਼ਲ ਕੇ ਸ਼ਿਅਰ ਕਹਾਂ ਰੋਜ਼ ਰੋਜ਼ ਹੋਤੇ ਹੈਂ।“
ਤਨਦੀਪ 'ਤਮੰਨਾ'
Post a Comment