ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, May 23, 2009

ਮਰਹੂਮ ਕੁਲਵੰਤ ਜਗਰਾਓਂ - ਗ਼ਜ਼ਲ

ਸਾਹਿਤਕ ਨਾਮ: ਕੁਲਵੰਤ ਜਗਰਾਓਂ

ਜਨਮ: 28 ਫਰਵਰੀ, 1938 6 ਮਾਰਚ 2008

ਕਿਤਾਬਾਂ: ਕਾਵਿ-ਸੰਗ੍ਰਹਿ; ਸਮੇਂ ਦੇ ਬੋਲ, ਸੁਲ਼ਗਦੇ ਪਲ, ਕੌਣ ਦਿਲਾਂ ਦੀਆਂ ਜਾਣੇ, ਅਧੂਰੇ ਬੋਲ, ਚੇਤਨਾ ਦੀ ਮਸ਼ਾਲ, ਮੁਹੱਬਤ ਦੀ ਖ਼ੁਸ਼ਬੂ, ਸੂਹਾ ਗੁਲਾਬ,ਸੱਚ ਦੇ ਸਨਮੁਖ ਅਤੇ ਗ਼ਜ਼ਲ-ਸੰਗ੍ਰਹਿ: ਹਰਫ਼ਾਂ ਦੇ ਸ਼ੀਸ਼ੇ, ਪ੍ਰਕਾਸ਼ਿਤ ਹੋ ਚੁੱਕੀਆਂ ਹਨ। 2008 ਚ ਛਪੀ ਸੱਚ ਦੇ ਸਨਮੁਖ ਉਹਨਾਂ ਦੀ ਆਖਰੀ ਕਿਤਾਬ ਸੀ।

----

ਦੋਸਤੋ! ਕੁਲਵੰਤ ਜਗਰਾਓਂ ਜੀ 2005 ਤੋਂ ਮਾਰਚ 2008 ਤੱਕ ਕੈਂਸਰ ਦੀ ਨਾ-ਮੁਰਾਦ ਬੀਮਾਰੀ ਨਾਲ਼ ਜੀਵਨ ਸੰਘਰਸ਼ ਕਰਦੇ ਰਹੇ। ਹਰਭਜਨ ਸਿੰਘ ਮਾਂਗਟ ਜੀ ਨੇ ਉਹਨਾਂ ਦੀ ਕਿਤਾਬ ਸੱਚ ਦੇ ਸਨਮੁਖ ਮੈਨੂੰ ਆਰਸੀ ਲਈ ਦਿੱਤੀ ਹੈ। ਪੇਸ਼ ਹਨ: ਉਹਨਾਂ ਨੂੰ ਯਾਦ ਕਰਦਿਆਂ ਅੱਜ ਓਸੇ ਕਿਤਾਬ ਵਿਚੋਂ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਤੇ ਇੱਕ ਨਜ਼ਮ। ਮਾਂਗਟ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ।

*******

ਗ਼ਜ਼ਲ

ਉਜਾਲਾ ਹੀ ਉਜਾਲਾ ਹੈ, ਉਹ ਏਥੇ ਆ ਗਿਆ ਹੋਣੈਂ।

ਸਰੋਵਰ ਮਹਿਕਿਆ ਸਾਰਾ ਉਹ ਇਸ ਵਿਚ ਨ੍ਹਾ ਗਿਆ ਹੋਣੈਂ।

----

ਜੁ ਖਿੜਿਆ ਬਾਗ਼ ਹੈ ਸਾਰਾ ਤੇ ਪਾਈ ਕਿੱਕਲੀ ਕਲੀਆਂ,

ਸਵੇਰੇ ਸਾਰ ਨੂਰੀ ਮੁੱਖ ਉਹ ਦਿਖਲਾ ਗਿਆ ਹੋਣੈਂ।

----

ਸ਼ਰਾਬੀ ਹੋ ਗਿਆ ਮੌਸਮ ਤੇ ਕੁਦਰਤ ਝੂਮਦੀ ਜਾਪੇ,

ਮਧੁਰ ਨੈਣਾਂ ਚੋਂ ਮੋਹ ਦੇ ਜਾਮ ਉਹ ਵਰਤਾ ਗਿਆ ਹੋਣੈਂ।

----

ਬਣਾ ਗਿਆ ਹਰ ਬਿਰਖ ਨੂੰ ਬੰਸੀ, ਹਵਾ ਨੇ ਰਾਗਣੀ ਛੇੜੀ,

ਉਹ ਮਿੱਠੇ ਗੀਤ ਅਪਣੇ ਏਥੇ ਆ ਕੇ ਗਾ ਗਿਆ ਹੋਣੈਂ।

----

ਕਲਾਵੇ ਚ ਲੈ ਕੇ ਬਦਲੋਟੀ, ਕਲੋਲਾਂ ਚੰਨ ਪਿਆ ਕਰਦੈ,

ਕਿਸੇ ਸੁੰਦਰਾਂ ਨੂੰ ਸੁੱਤੀ ਵੇਖ, ਉਹ ਨਸ਼ਿਆ ਗਿਆ ਹੋਣੈਂ।

----

ਕਦੀ ਨੱਚਦਾ, ਕਦੀ ਗਾਉਂਦਾ, ਕਦੀ ਕੁਲਵੰਤ ਹੱਸਦਾ ਏ,

ਵਸਲ ਦਾ ਮੀਂਹ ਇਹਦੇ ਤਨ ਮਨ ਤੇ ਉਹ ਫਿਰ ਪਾ ਗਿਆ ਹੋਣੈਂ।

======

ਸ਼ਿਲਾਲੇਖ

ਨਜ਼ਮ

ਹਜ਼ਾਰਾਂ ਸਾਲਾਂ ਤੋਂ ਸ਼ਿਲਾਲੇਖ

ਆਪਣੀ ਥਾਂ ਚੁੱਪ ਚਾਪ ਖੜ੍ਹਾ ਹੈ

ਹੁਣ ਓਥੇ ਸੈਲਾਨੀ ਕੇਂਦਰ ਬਣ ਗਿਆ ਹੈ

................

ਅਣਗਿਣਤ ਸੈਲਾਨੀ ਹਰ ਸਾਲ

ਉਸਨੂੰ ਵੇਖਣ ਲਈ ਆਉਂਦੇ ਹਨ

ਉਸ ਨਾਲ਼ ਖਲੋਅ

ਆਪਣੀ ਫੋਟੋ ਖਿਚਵਾਉਂਦੇ ਹਨ

..............

ਪਰ ਸ਼ਿਲਾਲੇਖ ਦੀ

ਆਤਮਾ ਨੂੰ ਜਾਨਣ ਦੀ

ਕੋਈ ਖੇਚਲ ਨਹੀਂ ਕਰਦਾ

ਉਹ ਤਾਂ ਓਥੇ

ਮੌਜ-ਮੇਲਾ ਕਰਨ ਲਈ ਆਉਂਦੇ ਨੇ

ਉਹ ਜਿਹੋ ਜਿਹੇ ਆਉਂਦੇ ਨੇ

ਉਹੋ ਜਿਹੇ ਹੀ ਪਰਤ ਜਾਂਦੇ ਨੇ

.................

ਜੇ ਉਹ ਸ਼ਿਲਾਲੇਖ ਤੇ ਲਿਖੀ

ਬੁੱਧ ਦੀ ਸਿੱਖਿਆ ਨੂੰ ਜਾਣ ਜਾਂਦੇ

ਤਾਂ ਵਾਪਸ ਜਾਣ ਲੱਗੇ

ਸੱਚ, ਨੇਕੀ, ਦਇਆ ਦੇ

ਸਰਵਰ ਵਿਚ ਨਹਾ ਕੇ

ਚੌਮੁਖੀਏ ਦੀਪ ਬਣ ਜਾਂਦੇ।


2 comments:

Unknown said...

ਤਨਦੀਪ।ਵਿਛੜ ਚੁੱਕੇ ਲੇਖਕਾਂ ਦੀਆਂ ਰਚਨਾਵਾਂ ਲਗਾ ਕੇ ਤੁਸੀਂ ਬਹੁਤ ਚੰਗਾ ਕਰਦੇ ਹੋ। ਮਰਹੂਮ ਜਗਰਾਓਂ ਦੀਆਂ ਰਚਨਾਵਾਂ ਚੰਗੀਆਂ ਲੱਗੀਆਂ। ਇਸ ਉੱਦਮ ਲਈ ਸ਼ਾਬਾਸ਼।
ਜਸਵੰਤ ਸਿੱਧੂ
ਸਰੀ
ਕੈਨੇਡਾ

Unknown said...

Touching and beautiful poetry. I liked the poem titled Shilalekh a lot. Thanks for posting.
Amol Minhas
California