ਬੜੀ ਸੀ ਤਾਂਘ ਮਿਲਣੇ ਦੀ , ਸੀ ਮਿਲ਼ਿਆਂ ਹੋ ਗਈ ਮੁੱਦਤ ।
ਉਹਦੇ ਘਰ ਦੇਖ ਕੇ ਜਿੰਦਰਾ , ਨਾ ਪੂਰੀ ਹੋ ਸਕੀ ਹਸਰਤ ।
----
ਉਨ੍ਹਾਂ ਦਾ ਵੱਡਿਆਂ ਲੋਕਾਂ ਦੇ ਵਿੱਚ ਹੈ ਉੱਠਣਾ ਬਹਿਣਾ,
ਦੋ ਘੜੀਆਂ ਘਰ 'ਚ ਬੈਠਣ ਦੀ, ਤਦੇ ਨਹੀਂ ਮਿਲ ਰਹੀ ਫ਼ੁਰਸਤ ।
----
ਉਹ ਮਿੱਠਾ ਬੋਲ ਵੀ ਬੋਲੇ , ਬੜੀ ਨਰਮੀ ਵੀ ਰੱਖਦਾ ਹੈ,
ਉਹ ਸਭ ਦੀ ਜੇਬ ਟੋਂਹਦਾ ਏ , ਹੈ ਕੈਸੀ ਓਸਦੀ ਫ਼ਿਤਰਤ ।
----
ਜਿਨ੍ਹਾਂ ਨੇ ਘਰ ਉਜਾੜੇ ਨੇ, ਉਨ੍ਹਾਂ ਨੂੰ ਪਾਉਂਦੈ ਉਹ ਜੱਫੀਆਂ,
ਜਿਨ੍ਹਾਂ ਨੇ ਘਰ ਉਸਾਰੇ ਨੇ , ਉਨ੍ਹਾਂ ਨੂੰ ਕਰਦਾ ਏ ਨਫ਼ਰਤ ।
----
ਘਰੋ ਘਰ ਫਿਰ ਲਿਆ ਉਸਨੇ , ਜਦੋਂ ਸੀ ਲੈਣੀਆਂ ਵੋਟਾਂ,
ਉਹ ਦਰ ਦਰ ਫੇਰਦਾ ਏ ਹੁਣ , ਜੀ ਇਹ ਹੈ ਵੋਟ ਦੀ ਕੀਮਤ ।
----
ਜਿਨ੍ਹਾਂ 'ਤੇ ਕੇਸ ਚੱਲਦੇ ਸੀ, ਗਬਨ ਦੇ ਜਾਂ ਘੁਟਾਲੇ ਦੇ,
ਦੁਬਾਰਾ ਚੁਣ ਕੇ ਲੋਕਾਂ ਨੇ , ਵਧਾਈ ਉਹਨਾਂ ਦੀ ਸ਼ੁਹਰਤ ।
----
ਘਰੇ ਨਾਂ ਲੈ ਲਵੋ ਰੱਬ ਦਾ , ਕੀ ਲੈਣਾ ਮੰਦਰੀਂ ਜਾ ਕੇ,
ਬਣੇ ਨੇ ਕਤਲਗਾਹ ਡੇਰੇ , ਹੈ ਲੁੱਟੀ ਜਾ ਰਹੀ ਇੱਜ਼ਤ ।
----
ਅਹਾਤੇ ਵਿੱਚ ਜੋ ਕਲ੍ਹ ਬੈਠਾ ਸੀ ਬੰਦਾ ਘੇਰ ਕੇ 'ਸਾਮੀ ,
ਕਹੇ ਅੱਜ ਮੋਰਚਾ ਲਾਈਏ ਬੜਾ ਹੀ ਕੋੜ੍ਹ ਹੈ ਰਿਸ਼ਵਤ ।
----
ਜੋ ਮਹਿਲਾਂ ਵਿੱਚ ਨੇ ਬੈਠੇ , ਨਈਂ ਲਾਉਂਦੇ ਪੈਰ ਧਰਤੀ 'ਤੇ,
ਉਨ੍ਹਾਂ ਤੋਂ ਆਸ ਕਿਉਂ ਰੱਖਦੈਂ , ਕਰਨਗੇ ਦੂਰ ਉਹ ਗ਼ੁਰਬਤ ।
----
ਤੁਰੋ ਬਣ ਕਾਫ਼ਿਲਾ ' ਮਹਿਰਮ ' , ਅਸੀਂ ਹੱਕ ਵਾਸਤੇ ਲੜਨੈ ,
ਅਸੀਂ ਕੋਈ ਡਾਂਗ ਨਹੀਂ ਫੜ੍ਹਨੀ , ਆਸਾਡੀ ਕਲਮ ਹੈ ਤਾਕਤ ।
2 comments:
Bahut vadhiya ktaksh hai ajj de siastdaan ate samrath lokan de khilaf..eh sacho sach hai Mehram..
ਮਹਿਰਮ ਜੀ ਦੀ ਗ਼ਜ਼ਲ ਵੀ ਵਧੀਆ ਹੈ। ਮੁਬਾਰਕ।
ਜਸਵੰਤ ਸਿੱਧੂ
ਸਰੀ
ਕੈਨੇਡਾ
Post a Comment