ਨਜ਼ਮ
ਜ਼ਿੰਦਗੀ ਨੂੰ ਮੈਂ ਸਮੁੰਦਰ ਕਹਾਂ
ਧਰਤੀ ਕਹਾਂ, ਪਰਬਤ ਕਹਾਂ,
ਆਕਾਸ਼ ਕਹਾਂ, ਕੀ ਕਹਾਂ?
...........
ਦੂਰ ਕਿਤੇ ਨੀਲ ਗਗਨ ਤੋਂ
ਜਦੋਂ ਆਸ਼ਕ ਵਾਂਗ ਟੇਢੀ ਅੱਖ ਨਾਲ਼
ਚੰਨ ਤੱਕਦਾ ਹੈ!
..............
ਸਮੁੰਦਰ ਜਦੋਂ ਲਹਿਰ ਲਹਿਰ ਹੋ ਕੇ
ਬਾਘੀਆਂ ਪਾਉਂਦਾ ਹੈ!
..........
ਧਰਤੀ ਜਦੋਂ ਉੱਸਲ਼ਵੱਟੇ ਲੈ ਕੇ
ਅੰਗੜਾਈ ਲੈਂਦੀ ਹੈ!
.............
ਪਰਬਤ ਜਦੋਂ
ਅੱਗ ਬਗੋਲਾ ਹੋ ਕੇ ਕੰਬਦਾ ਹੈ!
...........
ਆਕਾਸ਼ ਜਦੋਂ
ਗੇਰੂ ਵਰਗੀਆਂ ਲਾਲ ਅੱਖਾਂ ਨਾਲ਼
ਧਰਤੀ ਨੂੰ ਘੂਰਦਾ ਹੈ!
............
ਜ਼ਿੰਦਗੀ ਦੇ ਕੈਨਵਸ ‘ਤੇ
ਇਹ ਵੱਖੋ ਵੱਖਰੇ ਰੰਗ
ਕੀ ਕਹਾਂ?
........
ਜ਼ਿੰਦਗੀ ਅਜੇ ਵੀ
ਪਰਿਭਾਸ਼ਾ ਲਈ ਤਰਸਦੀ ਹੈ
........
ਗੀਤ ਕਹਾਂ, ਗ਼ਜ਼ਲ ਕਹਾਂ
ਜਾਂ ਖੁੱਲ੍ਹੀ ਕਵਿਤਾ!
ਜ਼ਿੰਦਗੀ ਨਾ ਕ਼ੈਦ ਪਸੰਦ ਕਰਦੀ ਹੈ
ਨਾ ਬਹੁਤੀ ਖੁੱਲ੍ਹ!
..............
ਕਵੀ, ਚਿੱਤਰਕਾਰ, ਬੁੱਤ-ਤਰਾਸ਼,
ਫਲਾਸਫਰ, ਧਾਰਮਿਕ-ਗ੍ਰੰਥ,
ਈਸਾ ਮਸੀਹ, ਬੁੱਧ,
ਨਾਨਕ, ਹਜ਼ਰਤ ਮੁਹੰਮਦ
ਜ਼ਿੰਦਗੀ ਦੀ ਤਸ਼ਰੀਹ ਕਰ ਗਏ
................
ਪਰ ਲੱਗਾ ਕਿ....
ਅਜੇ ਵੀ ਜ਼ਿੰਦਗੀ
ਇੱਕ ਖ਼ਾਕੀ ਬੰਦੇ ਦੀ
ਸਮਝ ਤੋਂ ਬਹੁਤ ਦੂਰ ਖੜ੍ਹੀ ਕਿਤੇ
ਚੁਲਬੁਲੀ ਔਰਤ ਵਾਂਗ
ਜਿਵੇਂ ਮੂੰਹ ਵਿਚ ਚੁੰਨੀ ਲੈ ਕੇ
ਹੱਸਦੀ ਹੋਵੇ!
4 comments:
Bahut khoob han eh satran:
ਪਰ ਲੱਗਾ ਕਿ....
ਅਜੇ ਵੀ ਜ਼ਿੰਦਗੀ
ਇੱਕ ਖ਼ਾਕੀ ਬੰਦੇ ਦੀ
ਸਮਝ ਤੋਂ ਬਹੁਤ ਦੂਰ ਖੜ੍ਹੀ ਕਿਤੇ
ਚੁਲਬੁਲੀ ਔਰਤ ਵਾਂਗ
ਜਿਵੇਂ ਮੂੰਹ ਵਿਚ ਚੁੰਨੀ ਲੈ ਕੇ
ਹੱਸਦੀ ਹੋਵੇ!
bahut vadhia mangat sahib jio !
ਜ਼ਿੰਦਗੀ ਦੇ ਕੈਨਵਸ ‘ਤੇ
ਇਹ ਵੱਖੋ ਵੱਖਰੇ ਰੰਗ
ਕੀ ਕਹਾਂ?
........
ਜ਼ਿੰਦਗੀ ਅਜੇ ਵੀ
ਪਰਿਭਾਸ਼ਾ ਲਈ ਤਰਸਦੀ ਹੈ
Harbhajan Mangat ji di nazam mainu te teri aunty nu bahut changi laggi.
Inderjit Singh
Canada
That's why they say Reality bites. Cool poem.
Amol Minhas
California
Post a Comment