ਅਜੋਕਾ ਨਿਵਾਸ: ਬਰੈਡਫੋਰਡ, ਯੂ.ਕੇ.
ਕਿਤਾਬਾਂ: ਨਜ਼ਰ ਲੱਗੇ ਨਾ ਕਦੇ ਪੰਜਾਬ ਤਾਈਂ (ਪੰਜਾਬੀ ਸੱਥ, ਲਾਂਬੜਾ ਵੱਲੋਂ 2008 'ਚ ਪ੍ਰਕਾਸ਼ਿਤ)
ਦੋਸਤੋ! ਅੱਜ ਮਲਕੀਅਤ ਸਿੰਘ ਸੰਧੂ ਜੀ ਨੇ ਦੋ ਖ਼ੂਬਸੂਰਤ ਨਜ਼ਮਾਂ ਨਾਲ਼ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਆਰਸੀ ਪਰਿਵਾਰ ਵੱਲੋਂ ਸੰਧੂ ਸਾਹਿਬ ਨੂੰ ਖ਼ੁਸ਼ਆਮਦੀਦ ਆਖਦੀ ਹੋਈ ਦੋਵਾਂ ਨਜ਼ਮਾਂ ਨੂੰ ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
*******
ਸ਼ਬਦਾਂ ਦੀ ਤਾਕਤ ਅਤੇ ਧਾਰ
ਨਜ਼ਮ
ਜਦ ਸੋਚ ਫਰਕਦੀ ਖੰਭਾਂ ਨੂੰ
ਅੱਖਰਾਂ ਵਿੱਚ ਹਿਲਜੁਲ ਰਹਿੰਦੀ ਏ।
ਤੁਰੇ ਸਫ਼ਰ ਹਰਫ਼ ਦਾ ਵਾਕਾਂ ਤੱਕ
ਵਿਚ ਵਾਕ ਕਲਪਨਾ ਖਹਿੰਦੀ ਏ।
----
ਸੰਕਲਪ ਦਾ ਗੀਤ ਅਧੂਰਾ ਜੋ
ਮਸਤਕ ਵਿਚ ਤੁਰਦਾ ਰੁਕਦਾ ਏ।
ਗੁਲਮੋਹਰ ਦੇ ਬੂਟੇ ਪੱਤੇ ਜਿਓਂ
ਖਿੜਦਾ ਸ਼ਰਮਾਉਂਦਾ ਲੁਕਦਾ ਏ।
----
ਜਦ ਸ਼ਬਦਾਂ ਵਿਚ ਰੁਮਾਂਸ ਬਣੇ
ਜਿਵੇਂ ਜੰਗਲੀਂ ਖਹਿੰਦਾ ਬਾਂਸ ਤਣੇ।
ਨਿੱਕਲੇ ਚੰਗਿਆੜਾ ਅੱਗ ਬਣਦੀ
ਜੰਗਲਾਂ ਦਾ ਕਰਦੀ ਨਾਸ ਬਣੇ।
----
ਜੇ ਸੁੰਦਰ ਨਿਰਮਲ ਬਹਿਰ ਉੱਠੇ
ਜਿਵੇਂ ਨਾਚ ਦੀ ਮੁਦਰਾ ਪੈਰ ਉੱਠੇ।
ਅਸਮਾਨ ‘ਚ ਸੋਚ ਜੇ ਤੇਰ ਉੱਠੇ
ਫਿਰ ਜ਼ਜ਼ਬੇ ਪਾਕ ਦੀ ਲਹਿਰ ਉੱਠੇ।
----
ਇਹ ਸ਼ਬਦਾਂ ਦਾ ਬ੍ਰਹਿਮੰਡ ਐਸਾ
ਇਹ ਵਾਕਾਂ ਦਾ ਇੱਕ ਖੰਡ ਐਸਾ।
ਸ਼ਕਤੀ ਨਾਲ਼ ਭਾਰੂ ਹੋ ਨਿਬੜੇ
ਫਿਰ ਦਵੇ ਅਨੋਖਾ ਦੰਡ ਐਸਾ।
----
ਜੇ ਸ਼ਬਦ ਦਾ ਜਾਦੂ ਤੀਰ ਬਣੇ
ਵਿਗੜੇ ਤਿਗੜੇ ਦਾ ਪੀਰ ਬਣੇ।
ਜੇ ਰੋਸ ਉੱਠੇ ਸ਼ਮਸ਼ੀਰ ਬਣੇ
ਫਿਰ ਤਖ਼ਤਾਂ ਦਾ ਇਹ ਮੀਰ ਬਣੇ।
----
ਫਿਰ ਛੰਦ ਬਣੇ ਸਿਰਖੰਡੀ ਕੋਈ
ਸ਼ਬਦਾਂ ਦੀ ਬਣਦੀ ਚੰਡੀ ਕੋਈ।
ਸ਼ਾਹਰਗ ਦੀ ਵੱਢਦੀ ਘੰਡੀ ਕੋਈ
ਸਾਹ ਜ਼ੁਲਮ ਦਾ ਕਰਦੀ ਠੰਡੀ ਕੋਈ।
----
ਜਦ ਸ਼ਬਦ ਕੋਈ ਸੰਗਰਾਮ ਬਣੇ
ਕੋਈ ਇਨਕਲਾਬ ਸੰਗਰਾਂਦ ਬਣੇ।
ਸੰਗੀਤ ਦੀ ਨਾਭੀ ਸਰਗਮ ‘ਚੋਂ
ਕੋਈ ਰਾਗ ਦੁਸ਼ਟ ਲਈ ਭਾਂਜ ਬਣੇ।
-----
ਜਦ ਸ਼ਬਦ ਕਿਤੇ ਫਰਿਆਦ ਬਣਨ
ਗਹਿਰੀ ਸੁਰਤੀ ਵਿਚ ਨਾਦ ਬਣਨ।
ਅਵਾਜ਼ ਅਨੂਠੇ ਰਾਗ ਬਣਨ
ਫਿਰ ਮਸਤਕ ਅੰਦਰ ਭਾਗ ਬਣਨ।
----
ਫਿਰ ਬੇਵਸੀਆਂ ਤੋਂ ਪਾਰ ਕਰੇ
ਕਦੇ ਮੇਘ ਬਣੇ ਸਰਸ਼ਾਰ ਕਰੇ।
ਇੱਕ ਛੋਹ ਬਣਕੇ ਕਰਤਾਰ ਕਰੇ
ਵਿੱਚ ਗਗਨੀਂ ਸ਼ਾਹ ਅਸਵਾਰ ਕਰੇ।
----
ਇਹ ਸ਼ਬਦ ਅਗੰਮੀ ਧਾਰਾ ਏ
ਨਿੱਤ ਵਗਦਾ ਤੇਜ਼ ਕਰਾਰਾ ਏ।
ਸਣੇ ਕਲਮ ‘ਤੇ ਕਵਿਤਾ ‘ਸੰਧੂ’ ਦੇ
ਦੁਨੀਆਂ ਜੱਗ ਬਿਨਸਣਹਾਰਾ ਏ ॥
======
ਵੰਝਲੀ
ਨਜ਼ਮ
ਕੁਝ ਵਿਛੜੇ ਸਾਥੋਂ ਪਾਣੀ ਨੇ
ਕਿਤੇ ਖ਼ੁਦ ਵਿਛੜੇ ਹਾਂ ਪਾਣੀਆਂ ਤੋਂ ।
ਅਸੀਂ ਵਿਛੜੇ ਵੱਡਿਆਂ ਛੋਟਿਆਂ ਤੋਂ
ਕਿਤੇ ਵਿਛੜ ਗਏ ਹਾਂ ਹਾਣੀਆਂ ਤੋਂ।
----
ਅਸੀਂ ਵਿਛੜੇ ਹਾੜ ਤੇ ਜੇਠਾਂ ਤੋਂ
ਵਿਚ ਸਰਦ ਹਵਾਵਾਂ ਆਏ ਆਂ।
ਲੈ ਆਏ ਪਰਾਗਾ ਪੀੜਾਂ ਦਾ
ਅਤੇ ਛੱਡਕੇ ਮਾਵਾਂ ਆਏ ਹਾਂ।
----
ਅਸੀਂ ਤੋੜਕੇ ਸਭ ਜੰਜ਼ੀਰਾਂ ਨੂੰ
ਇੱਕ ਮੋਹ ਦੀ ਸੰਗਲ਼ੀ ਲੈ ਆਏ।
ਛੱਡ ਤਖ਼ਤ ਹਜ਼ਾਰਾ ਬੇਲੇ ਨੂੰ
ਇੱਕ ਚੁੱਕ ਕੇ ਵੰਝਲੀ ਲੈ ਆਏ।
----
ਕੁਝ ਲੈ ਆਏ ਆਂ ਫੋਨ ਨੰਬਰ
ਕੁਝ ਸਾਂਝਾਂ ਦੇ ਸਿਰਨਾਵੇਂ ਨੇ।
ਕੁਝ ਆਸ ਉਮੀਦਾਂ ਹੰਝੂ ਨੇ
ਕੁਝ ਯਾਦਾਂ ਦੇ ਪਰਛਾਵੇਂ ਨੇ।
----
ਇਹ ਵੰਝਲੀ ਸਰਦ ਖ਼ਲਾਅ ਵਿਚ ਹੁਣ
ਨਾ ਬੋਲਦੀ ਏ ਨਾ ਕੂਕਦੀ ਏ।
ਭੁੱਲ ਚੁੱਕੀ ਰਿਦਮ ਸੁਰਾਂ ਨੂੰ ਇਹ
ਹੁਣ ਵਾਂਗ ਘੁਰਾੜੇ ਸ਼ੂਕਦੀ ਏ।
----
ਸੰਧੂ ਗੱਲ ਛੱਡੀ ਸਮਿਆਂ ‘ਤੇ
ਕੀ ਹਾਰ ਫੁੱਲਾਂ ਦੇ ਪਾਵੇਂਗਾ।
ਜਾਂ ਵੰਝਲੀ ਸੁਰਾਂ ‘ਚ ਗੂੰਜੇਗੀ
ਜਾਂ ਮੂੰਹ ਦੀ ਹਾਰ ਖਾਵੇਂਗਾ।
5 comments:
bahut hi prabhavshaali nazmaan ne janaab sandhu saahib diyaan;parh ke ik anand aaya;salaam janaab di qalam nu
Darya vargi ravaani hai nazman vich....bahut khoob.
Malkiat bai g nazman mn nu shoh gaian.
Azeem Shekhar
Malkiat veer
Tuhadian nazman rooh nu tazgi dein waleean ne. Shabdan di chonh anand lia dindi hai. Saanu tuhade ton bahut aassan ne.
''Jihrha mohrli gaddi da baabu, oh veer mera kurhio''
Tera apna veer
Mota Singh Sarai
Walsall
Malkiat Veer
rachnavan vlon ajj kalh hath tang hon da ki karn hai.
''terian udeekan,
maran kandhan ute leekan''
M S Sarai
Post a Comment