ਸਾਹਿਤਕ ਨਾਮ: ਜਸਵੰਤ ਦੀਦ ਜਨਮ : ਪਿੰਡ ਸ਼ਾਹਕੋਟ
ਅਜੋਕਾ ਨਿਵਾਸ: ਜਲੰਧਰ, ਪੰਜਾਬ
ਕਿਤਾਬਾਂ: ਕਹਾਣੀ ਸੰਗ੍ਰਹਿ: ਇੱਕ ਲੱਪ ਯਾਦਾਂ ਦੀ, ਕਾਵਿ-ਸੰਗ੍ਰਹਿ: ਬੱਚੇ ਤੋਂ ਡਰਦੀ ਕਵਿਤਾ, ਅਚਨਚੇਤ, ਆਵਾਜ਼ ਆਏਗੀ ਅਜੇ, ਘੁੰਡੀ, ਕਮੰਡਲ, ਅਨੁਵਾਦ: ਜੰਗਲ ਦੀ ਕਹਾਣੀ, ਯਸ਼ਪਾਲ, ਸੰਪਾਦਨਾ: ਦੇਸ਼ ਵੰਡ ਦੀਆਂ ਕਹਾਣੀਆਂ, ਵਾਰਤਕ: ਧਰਤੀ ਹੋਰ ਪਰ੍ਹੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਇਨਾਮ-ਸਨਮਾਨ: ਦੀਦ ਸਾਹਿਬ ਨੂੰ ਉਹਨਾਂ ਦੇ ਕਾਵਿ-ਸੰਗ੍ਰਹਿ ਕਮੰਡਲ ਲਈ ਸਾਹਿਤ ਅਕਾਦਮੀ ਐਵਾਰਡ ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਹੈ।
----
ਬਕੌਲ ਜਸਵੰਤ ਦੀਦ: - "ਮੈਂ ਐਕਸਟਰੀਮਿਸਟ ਹਾਂ...ਮੇਰੀ ਮੁਹੱਬਤ, ਮੇਰਾ ਕੰਮ ਤੇ ਮੇਰੀ ਕਵਿਤਾ ਤਿੰਨੋਂ ਇਸੇ ਤਰ੍ਹਾਂ ਹੀ ਸਿਖ਼ਰ ਛੂੰਹਦੇ ਹਨ.."
----
ਦੋਸਤੋ! ਸਾਡੇ ਲਈ ਬੜੇ ਮਾਣ ਵਾਲ਼ੀ ਗੱਲ ਹੈ ਕਿ ਆਰਸੀ ਤੇ ਜਸਵੰਤ ਦੀਦ ਸਾਹਿਬ ਦੀ ਪਹਿਲੀ ਵਾਰ ਹਾਜ਼ਰੀ ਲੱਗਣ ਜਾ ਰਹੀ ਹੈ। ਅੱਜ ਉਹਨਾਂ ਨਾਲ਼ ਫੋਨ ਤੇ ਗੱਲ ਹੋਈ ਤਾਂ ਉਹਨਾਂ ਨੇ ਬੜੀ ਖ਼ੁਸ਼ੀ ਨਾਲ਼ ਆਪਣੀਆਂ ਰਚਨਾਵਾਂ ਬਲੌਗ ‘ਚ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ, ਮੈਂ ਉਹਨਾਂ ਦੀ ਤਹਿ ਦਿਲੋਂ ਮਸ਼ਕੂਰ ਹਾਂ। ਸਾਰੇ ਆਰਸੀ ਪਰਿਵਾਰ ਵੱਲੋਂ ਦੀਦ ਸਾਹਿਬ ਨੂੰ ਖ਼ੁਸ਼ਆਮਦੀਦ ਆਖਦੀ ਹੋਈ, ਉਹਨਾਂ ਦੀਆਂ ਚਾਰ ਬੇਹੱਦ ਖ਼ੂਬਸੂਰਤ ਨਜ਼ਮਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਦਵਿੰਦਰ ਪੂਨੀਆ ਜੀ ਨੇ ਦੀਦ ਸਾਹਿਬ ਦੀ ਕਿਤਾਬ ਮੈਨੂੰ ਪੜ੍ਹਨ ਲਈ ਦਿੱਤੀ, ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'
***********
ਤਾਜ਼ਾ
ਨਜ਼ਮ
ਮੈਂ ਜਦ ਵੀ ਪੁਰਾਣਾ ਹੋਣ ਲਗਦਾ ਹਾਂ
ਤੇਰੀ ਆਵਾਜ਼ ਸੁਣਦੀ ਹੈ....
ਨਵਾਂ ਨਕੋਰ ਹੋ ਜਾਂਦਾ ਹਾਂ
ਹੁਣੇ ਆਵੀ ਤੋਂ ਲਾਹਿਆ
ਨਵਾਂ ਨਕੋਰ ਬਰਤਨ
ਗਿੱਲਾ, ਕੱਚਾ, ਹੱਥਾਂ ਦੀਆਂ ਧਾਰੀਆਂ
ਨਾਲ਼ ਸੰਵਾਰਿਆ
ਅੱਗ ‘ਚ ਜਾਣ ਤੋਂ ਪਹਿਲਾਂ ਦਾ
ਰੂਪ
ਹੁਣੇ ਤੇਰੇ ਤੇਜ਼ ਘੁੰਮਦੇ ਚੱਕੇ ਤੋਂ ਉੱਤਰਿਆ...
======
ਦਾ ਐਇੰਡ
ਨਜ਼ਮ
ਤੈਨੂੰ ਅਦਾਕਾਰੀ ਦਾ ਸ਼ੌਕ ਸੀ
ਮੈਨੂੰ ਤਜਰਬੇ ਦਾ,
ਤੂੰ ਕਿਸੇ ਨਸ਼ੇ ਅੰਦਰ
ਮੁਦਰਾਵਾਂ ਬਦਲਦੀ
ਮੈਂ ਤੇਰੇ ਵੱਖੋ ਵੱਖ ਐਂਗਲ ਸ਼ੂਟ ਕਰਦਾ
...........
ਮੈਨੂੰ ਤੇਰੇ ਕਲੋਜ਼ ਅੱਪ ਡੱਲ ਲੱਗਣ ਲੱਗੇ ਅਚਾਨਕ
ਤੈਨੂੰ ਮੇਰੀ ਨਿਰਦੇਸ਼ਨਾ ਤੇ ਸ਼ੱਕ ਹੋਣ ਲੱਗਾ
..................
ਅੱਜ ਤੱਕ ਰਫ-ਕੱਟ
ਰੁਲ਼ਦੇ ਪਏ
========
ਅੱਜ-ਕੱਲ੍ਹ
ਨਜ਼ਮ
ਮੈਨੂੰ ਤੇਰਾ ਖ਼ਿਆਲ
ਬਹੁਤ ਘੱਟ ਆਉਂਦਾ ਹੈ
ਕਿਤੇ ਕਿਤੇ
ਜਿਵੇਂ ਯਾਦਦਾਸ਼ਤ ਗੁਆ ਚੁੱਕਾ ਕੋਈ ਆਦਮੀ
ਆਪਣਾ ਨਾਂ ਲਵੇ
ਤੇ ਰੋ ਪਵੇ
ਜਾਂ ਹੱਸ
ਤੇ ਫੇਰ ਚੁੱਪ ਦੀ ਕੰਡੇਦਾਰ ਝਾੜੀ ‘ਚੋਂ
ਕੱਢਦਾ ਰਹੇ ਆਪਣਾ ਆਪ
ਲਗਾਤਾਰ
==========
ਐੱਸ.ਐੱਮ.ਐੱਸ.
ਨਜ਼ਮ
ਤੂੰ ਮੇਰਾ ਹੱਥ ਫੜਿਆ
.........
ਖਿੜੇ ਬਾਗਾਂ ‘ਚੋਂ ਲੰਘਦਿਆਂ
ਮੈਂ ਤੈਨੂੰ ਚੁੰਮ ਲਿਆ
ਤੇਰਾ ਦੁਪੱਟਾ ਹਲਕਾ ਜਿਹਾ
ਉੜਿਆ
ਨਸ਼ਿਆਈ ਹਵਾ
ਤੇਰੀਆਂ ਨੀਲੀਆਂ ਅੱਖਾਂ ਅੰਦਰ ਜਾ ਗੁਆਚੀ
.........
ਜੰਗਲ਼ ਕਿੰਨਾ ਸੋਹਣਾ ਹੈ!
ਤੂੰ ਮੇਰੇ ਵੱਲ ਦੇਖਿਆ
............
ਇਹ ਤੂੰ ਮੈਨੂੰ ਕਿੱਥੇ ਲੈ ਆਈ ਹੈਂ?
ਮੈ ਤੇਰੇ ਵੱਲ ਝਾਕਿਆ
...............
ਪਹਾੜ ਦੀ ਕੰਦੀ ਤੋਂ
ਤੂੰ ਮੇਰਾ ਹੱਥ ਛੱਡ ਦਿੱਤਾ
................
ਮੇਰੀ ਆਵਾਜ਼
ਪਹਾੜਾਂ ਦਰੱਖਤਾਂ ਆਕਾਸ਼ਾਂ ਪਤਾਲਾਂ
ਨਾਲ਼ ਖਹਿੰਦੀ ਹੋਈ
..................
ਤੈਨੂੰ ਲੱਭ ਰਹੀ...