ਕਿਸੇ ਕਿਸੇ ਦਿਨ ਦਿਲ ਇੰਨਾ ਵੀ ਉਦਾਸ ਹੋਵੇ
ਜ਼ਿੰਦਗੀ ਦੀ ਵਹੁਟੀ ਜਿਵੇਂ ਬੈਠੇ ਬਣ ਬਣ ਮੂਹਰੇ
ਜਿੰਦ ਦੇ ਖ਼ਜ਼ਾਨੇ ਵਿਚ ਆਖਰੀ ਸਵਾਸ ਹੋਵੇ!
-----
ਕਿਸੇ ਕਿਸੇ ਦਿਨ ਇੰਝ ਆਉਂਣ ਯਾਦਾਂ ਤੇਰੀਆਂ
ਮਾਰੂਥਲ ਵਿਚ ਜਿਵੇਂ ਝੁੱਲਣ ਹਨੇਰੀਆਂ
ਠੱਲਿਆ ਨਾ ਨੀਰ ਮੈਥੋਂ ਰਾਤੀਂ ਕਿੰਨੀ ਦੇਰ ਤੱਕ
ਹੌਲ਼ੀ ਹੌਲ਼ੀ ਸੁੱਕ ਗਿਆ ਆਪੇ ਹੀ ਸਵੇਰ ਤੱਕ
ਕਦੇ ਕਦੇ ਆਵੇ ਤੇਰਾ ਚੰਦਰਾ ਖ਼ਿਆਲ ਇਵੇਂ
ਰੱਬ ਦੀ ਸਹੁੰ ਸੱਚ ਜਾਣੀਂ ਹੋਵੇ ਮੇਰਾ ਹਾਲ ਜਿਵੇਂ
ਸਾਗਰਾਂ ਦੇ ਕੋਲ਼ ਦਮ ਤੋੜਦੀ ਪਿਆਸ ਹੋਵੇ....
ਜ਼ਿੰਦਗੀ ਦੀ ਵਹੁਟੀ..........
----
ਵਾਰ ਵਾਰ ਲੱਭਾਂ ਮੈਂ ਬਿਤਾਏ ਪਲ ਤੇਰੇ ਨਾਲ਼
ਮਾਵਾਂ ਜਿਵੇਂ ਲੱਭਦੀਆਂ ਰਾਖ ‘ਚੋਂ ਗੁਆਚੇ ਲਾਲ
ਦਿਲ ਜਿਵੇਂ ਖੰਡਰਾਂ ‘ਚ ਬਚੀ ਹੋਈ ਸਮਾਧ ਹੋਵੇ
ਵਿਚ ਤੇਰੀ ਯਾਦ ਵਾਲ਼ਾ ਬਲ਼ਦਾ ਚਿਰਾਗ਼ ਹੋਵੇ
ਪਤਾ ਨਹੀਂ ਕਿਹੜੇ ਵੇਲ਼ੇ ਆਲ੍ਹਣਾ ਖਿਲਾਰ ਦੇਵੇ
ਪੌਣ ਜਦੋਂ ਚਾਹੇ ਟਾਹਣੀ ਇਪਰੋਂ ਉਤਾਰ ਦੇਵੇ
ਜਿੰਦ ਜਿਵੇਂ ਪੱਥਰਾਂ ‘ਚ ਕੱਚ ਦਾ ਗਿਲਾਸ ਹੋਵੇ....
ਜ਼ਿੰਦਗੀ ਦੀ ਵਹੁਟੀ..........
-----
ਪੁੱਛਦੇ ਪਰਿੰਦੇ ਕਦੋਂ ਰੁੱਖਾਂ ਉੱਤੇ ਬਹਿਣ ਲੱਗੇ
ਚਲਦਾ ਨਾ ਮੇਰਾ ਕੋਈ ਜ਼ੋਰ ਤੇਰੀ ਯਾਦ ਅੱਗੇ
ਦਿਲ ਦੀਆਂ ਨੁੱਕਰਾਂ ‘ਚੋਂ ਆਉਂਦੀ ਏ ਆਵਾਜ਼ ਇੱਕੋ
ਪੀੜ ਦੀਆਂ ਵੱਖੋ-ਵੱਖ ਤਰਜ਼ਾਂ ਨੇ ਸਾਜ਼ ਇੱਕੋ
ਮੁੱਕ ਚੱਲੀ ‘ਕੰਗ’ ਦੀ ਤਾਂ ਜ਼ਿੰਦਗੀ ਦਿਲਾਸਿਆਂ ‘ਚ
ਭੋਰ ਭੋਰ ਪਾਇਆ ਦਿਲ ਖ਼ੌਰੇ ਕਿੰਨੇ ਕਾਸਿਆਂ ‘ਚ
ਪਤਾ ਨਹੀਂ ਕਦੋਂ ਪੂਰੀ ਜ਼ਿੰਦਗੀ ਦੀ ਆਸ ਹੋਵੇ....
ਜ਼ਿੰਦਗੀ ਦੀ ਵਹੁਟੀ..........
2 comments:
Harjider Kang Sahib,
Geet bahut vadiya laga,
"mavan jiven labhdiyaan raakh chon guaache lal. dil jiven khandran ch bachi hoi samaadh hove" Kmaal diyian satran han.
regards.
Piara Singh Kudowal
Pskudowal@yahoo.com
ene v udaas tusi hoeya na karo..... sohneyo udaas ho k roeya na karo........
Post a Comment