ਕੁਝ ਦੇਰ ਜੇ ਬਗ਼ੈਰ ਸਹਾਰੇ ਮੈਂ ਜੀ ਲਵਾਂ।
ਮਰਜ਼ੀ ਦੀ ਫ਼ਿਰ ਜਹਾਨ ਤੋਂ ਖੋਹਕੇ ਖ਼ੁਸ਼ੀ ਲਵਾਂ।
-----
ਭੁਖ ਤੇ ਤ੍ਰੇਹ ਦਾ ਕਿਉਂ ਨਾ ਮੈਂ ਕੱਠਾ ਕਰਾਂ ਉਪਾ
ਗ਼ਮ ਖਾਣ ਨਾਲ਼ ਨਾਲ਼ ਹੀ ਹੰਝੂ ਵੀ ਪੀ ਲਵਾਂ।
-----
ਹੋਰਾਂ ਨੂੰ ਪਿਆਰ ਦੇ ਦੇ ਤੇ ਮੈਨੂੰ ਇਹ ਇਖ਼ਤਿਆਰ,
ਤੇਰੇ ਮਿਜ਼ਾਜ ‘ਚੋਂ ਮੈਂ ਚੁਰਾ, ਤਾਜ਼ਗੀ ਲਵਾਂ।
-----
ਕੰਡਿਆਲ਼ੇ ਰਸਤਿਆਂ ਤੇ ਸੀ ਟੁਰਨਾ ਮੇਰਾ ਨਸੀਬ,
ਹੋਇਆ ਨਾ ਮੈਥੋਂ ਪੈਰ ਹਵਾ ਨਾਲ਼ ਸੀ ਲਵਾਂ।
-----
ਰਸਮਨ ਤੇ ਸਭ ਹੀ ਆਕਦੇ ‘ਖ਼ਿਦਮਤ ਕੋਈ ਕਹੋ’,
ਦਿਲ ‘ਚੋਂ ਕੋਈ ਕਹੇ ਤੇ ਮੈਂ ਅਹਿਸਾਨ ਵੀ ਲਵਾਂ।
-----
ਅਜ਼ਮਾਣ ਤੋਂ ਨਾ ਓਸ ਕਦੇ ਬਾਜ਼ ਆਵਣੈਂ,
ਫਾਂਸੀ ਚੜ੍ਹਾਂ ਜਾਂ ਖਾ ਮੈਂ ਪੁੜੀ ਜ਼ਹਿਰ ਦੀ ਲਵਾਂ।
-----
ਪਾਲ਼ੇ ਦੀ ਸੀਤ, ਸਾੜਵੀਂ ਗਰਮੀ ਕਬੂਲ ਹੈ,
ਬਣ ਕੇ ਮੈਂ ਸੰਗ, ਕਿਉਂ ਬਿਨਾ ਅਹਿਸਾਸ ਜੀ ਲਵਾਂ।
-----
ਹਰ ਮੋੜ ਤੇ ਡਰਾਉਂਦੀ, ਧਮਕਾਉਂਦੀ ਫਿਰੇ,
ਇਹ ਜ਼ਿੰਦਗੀ ਤੇ ਜਾਪਦੀ ਇਕ ‘ਨਾਗ ਕੀਲਵਾਂ।’
-----
ਕੀਤਾ ਏ ਜਿਸਨੇ ਪਿਆਰ ਦੇ ਖਾਤੇ ‘ਚ ਹੇਰ ਫੇਰ,
ਉਹਤੋਂ ਹਿਸਾਬ ਮੈਂ ਜਦੋਂ ਮਰਜ਼ੀ ਮਿਰੀ ਲਵਾਂ।
-----
‘ਅਸ਼ਰਫ਼’ ਜੇ ਵੱਸ ਚੱਲੇ ਤੇ ਬਕਾਇਆ ਮੈਂ ਉਮਰ ਨੂੰ,
ਰੱਦੀ ‘ਚ ਵੇਚ ਕੇ ਨਵੀਂ ਇਕ ਜ਼ਿੰਦਗੀ ਲਵਾਂ।
1 comment:
ਵਾਹ ! ਬਹੁਤ ਸੋਹਣਾ :
ਭੁਖ ਤੇ ਤ੍ਰੇਹ ਦਾ ਕਿਉਂ ਨਾ ਮੈਂ ਕੱਠਾ ਕਰਾਂ ਉਪਾ
ਗ਼ਮ ਖਾਣ ਨਾਲ਼ ਨਾਲ਼ ਹੀ ਹੰਝੂ ਵੀ ਪੀ ਲਵਾਂ।
Post a Comment