ਨਵੀਂ ਸਵੇਰ ਦੇ ਮੁਖੜੇ ਜਿਹੀ ਕੋਈ ਮੂਰਤ
ਜੋ ਮੇਰੇ ਖ਼ਾਬ ਵਿਚ ਆਈ, ਬੁਲਾ ਗਈ ਮੈਨੂੰ।
ਸਵੇਰ ਤੀਕ ਨਾ ਮੁੜਿਆ ਤਾਂ ਮੈਨੂੰ ਭੁੱਲ ਜਾਇਓ
ਬੱਸ ਏਹੋ ਸਮਝਿਓ, ਸਿਆਹ ਰਾਤ ਖਾ ਗਈ ਮੈਨੂੰ ।
-----
ਜੇ ਹੋ ਸਕੇ ਤਾਂ ਫਿਰ ਏਨੀ ਉਚੇਚ ਕਰ ਜਾਣਾ
ਕਿ ਅਪਣੀ ਮੜਕ ਨੂੰ ਲੋੜਾਂ ਦੇ ਮੇਚ ਕਰ ਜਾਣਾ
ਉਦਾਸ ਜ਼ਿੰਦਗੀ ਪਿੰਡੇ 'ਤੇ ਚੀਥੜੇ ਪਹਿਨੀ
ਬਿਠਾ ਕੇ ਗੋਦ ਵਿੱਚ ਏਨਾ ਸਿਖਾ ਗਈ ਮੈਨੂੰ ।
-----
ਮੈਂ ਜਿਸਨੇ ਸ਼ੋਖ਼ ਹਵਾ ਦੀ ਨਾ ਆਰਜ਼ੂ ਵੇਖੀ
ਕਦੇ ਵੀ ਧੜਕਣਾਂ ਤੋਂ ਪਾਰ ਦੀ ਨ ਜੂਹ ਵੇਖੀ
ਮੈਂ ਜੋ ਜ਼ਮੀਨ 'ਤੇ ਪਾਰੇ ਦੇ ਵਾਂਗ ਤੁਰਦਾ ਸੀ
ਕਿਸੇ ਦੀ ਤੱਕਣੀ ਸ਼ੀਸ਼ਾ ਬਣਾ ਗਈ ਮੈਨੂੰ ।
-----
ਨਹੀਂ ਮੈਂ ਦੋਸਤੋ ਹੈਰਾਨ ਉਸ ਦੇ ਕਾਰੇ 'ਤੇ
ਉਹ ਚੜ੍ਹ ਕੇ ਆ ਗਈ ਮੇਰੇ ਹੀ ਇੱਕ ਇਸ਼ਾਰੇ 'ਤੇ
ਸਣੇ ਕਮਾਨ ਤੇ ਤੀਰਾਂ ਦੇ ਤੋੜ ਕੇ ਤਰਕਸ਼
ਸਰ੍ਹੇ ਬਜ਼ਾਰ ਮਿਰੀ ਮੈਂ ਹਰਾ ਗਈ ਮੈਨੂੰ ।
-----
ਬੱਸ ਏਹੋ ਹੁਨਰ ਹੀ ਮੇਰੇ ਜਿਗਰ ਦਾ ਦਰਦ ਹਰੇ
ਇਹੋ ਖ਼ਿਆਲ ਹੀ ਮੇਰੇ ਲਹੂ 'ਚ ਰੰਗ ਭਰੇ
ਬਿਗਾਨੀ ਪੀੜ ਨੂੰ ਮੱਥੇ ਸਜਾਉਣ ਸਿੱਖਿਆ ਹਾਂ
ਇਹੋ ਹੀ ਟੂੰਮ ਹੈ ਜਿਹੜੀ ਸਜਾ ਗਈ ਮੈਨੂੰ ।
No comments:
Post a Comment