ਜਨਮ: 26 ਜਨਵਰੀ 1905 - 22 ਦਿਸੰਬਰ 1967
ਨਿਵਾਸ: ਪਿੰਡ ਭੁੱਟਾ, ਤਹਿਸੀਲ ਸਿਆਲ਼ਕੋਟ ( ਹੁਣ ਪਾਕਿਸਤਾਨ ) ਅਤੇ ਵੰਡ ਤੋਂ ਬਾਅਦ ਬਟਾਲੇ, ਪੰਜਾਬ ਆ ਕੇ ਵਸ ਗਏ ਸਨ।
ਕਿਤਾਬਾਂ: ਬਰਕਤ ਰਾਮ ‘ਯੁਮਨ’ ਜੀਵਨ ਤੇ ਰਚਨਾ ( ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ 1978 ‘ਚ ਡਾ: ਸਤਿੰਦਰ ਸਿੰਘ ਦੀ ਸੰਪਾਦਨਾ ‘ਚ ਪ੍ਰਕਾਸ਼ਿਤ)
----
ਦੋਸਤੋ! ਅੱਜ ਸਾਡੇ ਲਈ ਬੜੇ ਮਾਣ ਵਾਲ਼ੀ ਗੱਲ ਹੈ ਕਿ ਪੰਜਾਬੀ ਗ਼ਜ਼ਲ ਦੇ ਉਸਤਾਦ ਸ਼ਾਇਰ ਮਰਹੂਮ ਸ਼੍ਰੀ ਬਰਕਤ ਰਾਮ ‘ਯੁਮਨ’ ਜੀ ਦੇ ਦਿੱਲੀ ਵਸਦੇ ਪੋਤਰੇ ਸ਼੍ਰੀ ਸੁਭਾਸ਼ ਸ਼ਰਮਾ ਜੀ ਨੇ ਉਸਤਾਦ ਜੀ ਦੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਭੇਜ ਕੇ ਆਰਸੀ ਪਰਿਵਾਰ ਦਾ ਮਾਣ ਵਧਾਇਆ ਹੈ। ਯੁਮਨ ਸਾਹਿਬ ਬਾਰੇ ਵਿਸਥਾਰ ਸਹਿਤ ਜਾਣਕਾਰੀ ਆਰਸੀ ਰਿਸ਼ਮਾਂ ਤੇ ਲੇਖ ਵਿਚ ਸ਼ਾਮਲ ਹੈ। ਕਿਰਪਾ ਕਰਕੇ ਗ਼ਜ਼ਲ ਦੇ ਨਾਲ਼, ਆਰਸੀ ਰਿਸ਼ਮਾਂ ਤੇ ਪੋਸਟ ਕੀਤਾ ਇਹ ਜਾਣਕਾਰੀ ਭਰਪੂਰ ਲੇਖ ਜ਼ਰੂਰ ਪੜ੍ਹੋ! ਸ਼ਰਮਾ ਸਾਹਿਬ ਦੀ ਤਹਿ-ਦਿਲੋਂ ਮਸ਼ਕੂਰ ਹਾਂ ਕਿ ਉਹਨਾਂ ਨੇ ਯੁਮਨ ਸਾਹਿਬ ਦੀ ਇਸ ਗ਼ਜ਼ਲ ਤੇ ਆਪਣੀ ਲੇਖ ਨਾਲ਼ ਹਾਜ਼ਰੀ ਲਵਾਈ ਹੈ। ਉਹਨਾਂ ਨੂੰ ਆਰਸੀ ਪਰਿਵਾਰ ‘ਚ ਨਿੱਘੀ ਜੀਅ ਆਇਆਂ ਆਖ ਰਹੀ ਹਾਂ। ਨਾਲ਼ ਹੀ ਉਸਤਾਦ ਯੁਮਨ ਸਾਹਿਬ ਦੀ ਸ਼ਾਇਰੀ ਨੂੰ ਸਲਾਮ ਕਰਦੀ ਹੋਈ ਇਹਨਾਂ ਗ਼ਜ਼ਲਾਂ ਨੂੰ ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'
***********
ਗ਼ਜ਼ਲ
ਜ਼ੁਬਾਨੋ ਨਿਕਲਦੇ ਸ਼ਬਦੋ! ਵਿਨੈ ਦਾ ਰੂਪ ਪਲਟਾਓ ।
ਖ਼ਿਆਲੋ! ਸਿਮਟ ਕੇ ਪ੍ਰੀਤਮ ਦੀ ਮਿੱਠੀ ਯਾਦ ਬਣ ਜਾਓ ।
-----
ਤੁਹਾਡੇ ਹੰਝੂਆਂ ਦਾ ਅੱਖੀਓ! ਕੁਝ ਮੁੱਲ ਪੈ ਸਕਦੈ,
ਜੇ ਇੰਜ ਥਾਂ ਥਾਂ ਤੇ ਇਹਨਾਂ ਮੋਤੀਆਂ ਦੇ ਢੇਰ ਨਾ ਲਾਓ ।
-----
ਛੁਰੀ ਪੁੱਟੀ ਗਈ ਸੀਨੇ ’ਚੋਂ ਤਾਂ ਕੁਝ ਸੁਆਦ ਨਹੀਂ ਰਹਿਣਾ,
ਦਿਆਲੂ ਕਾਤਿਲੋ! ਜਿੰਦ ਨੂੰ ਅਜੇ ਕੁਝ ਹੋਰ ਤੜਫ਼ਾਓ ।
-----
ਇਹ ਲੁਕ ਲੁਕ ਸੁਫ਼ਨਿਆਂ ਵਿਚ ਆਉਣ ਵੀ ਕੋਈ ਆਉਣ ਹੁੰਦਾ ਏ?
ਖੁਲ੍ਹੇ ਦਰ ਅੱਖੀਆਂ ਦੇ ਨੇ ਝਿਜਕ ਕਾਹਦੀ? ਚਲੇ ਆਓ।
-----
ਮਿਲਣ ਵਾਲੇ ਤਾਂ ਅੜੀਓ! ਅੰਤਲੇ ਦਮ ਵੀ ਨੇ ਆ ਮਿਲਦੇ,
ਅਜੇ ਮਾਯੂਸ ਨਾ ਹੋਵੋ ਨੀ ਡਾਵਾਂਡੋਲ ਆਸ਼ਾਓ ।
-----
ਸੰਭਲ ਜਾਈਏ ਤਾਂ ਮੁਸ਼ਕਿਲ ਦੂਰ ਨਸ ਜਾਂਦੀ ਏ ਰਾਹ ਛੱਡ ਕੇ,
ਤਰੌਹ ਕੁਝ ਹੋਰ ਵੱਧ ਜਾਂਦੈ ਤੁਸੀਂ ਜਿੰਨਾ ਵੀ ਘਬਰਾਓ ।
----
ਕਿਸੇ ਦੇ ਨਖ਼ਰਿਆਂ ਨੇ ਭੇਂਟ ਹਾਲਾਂ ਹੋਰ ਮੰਗਣੀ ਏਂ,
ਨੀ ਰੀਝੋ ਰਹਿੰਦੀਓ! ਐਵੇਂ ਨਾ ਝੁਰ ਝੁਰ ਮਰਦੀਆਂ ਜਾਓ ।
-----
ਤੁਹਾਡੇ ਆਉਣ ਤੇ ਬਿਰਹੋਂ ਦੇ ਭਾਂਬੜ ਹੋਰ ਵੀ ਭੜਕੇ,
ਸੱਜਣ ਦੇ ਸ਼ਹਿਰ ਵਿਚ ਦੀ ਹੋ ਕੇ ਆਈਓ ਠੰਢਿਓ ਵਾਓ ।
----
‘ਯੁਮਨ’ ਜੀ, ਕੀ ਮੁਸੀਬਤ ਮੰਗ ਲਈ ਜੇ ਇਸ਼ਕ ਗਲ਼ ਪਾ ਕੇ,
ਕਿ ਇਕ ਪਲ ਪਿਆਰ ਕਰ ਬੈਠੋ ਤਾਂ ਸਾਰੀ ਉਮਰ ਪਛਤਾਓ।
********
ਗ਼ਜ਼ਲ
ਪਤਾ ਵੀ ਸੂ ਕਿਸੇ ਤੇ ਵਿਛਣ ਵਿਚ ਨੁਕਸਾਨ ਕਿੰਨਾ ਏ।
ਵਸਾਹ ਮੁੜ ਵੀ ਕਰੀ ਜਾਂਦਾ, ਇਹ ਦਿਲ ਨਾਦਾਨ ਕਿੰਨਾ ਏ।
-----
ਭਰੀ ਮਹਿਫ਼ਿਲ ’ਚੋਂ ਮੈਨੂੰ ਈਂ ਉਠਾਇਆ ਜਾ ਰਿਹਾ ਚੁਣ ਕੇ,
ਭਰੀ ਮਹਿਫ਼ਿਲ ’ਚੋਂ ਚੁਣਿਆ ਜਾਣ ਵਿਚ ਵੀ ਮਾਣ ਕਿੰਨਾ ਏ?
-----
ਨਿਰਾਸ਼ਾ, ਬੇਵਸੀ, ਹਸਰਤ, ਪਰੇਸ਼ਾਨੀ, ਪਸ਼ੇਮਾਨੀ,
ਉਜੜ ਗਏ ਦਿਲ ਦੇ ਪਰਚਣ ਲਈ, ਅਜੇ ਸਾਮਾਨ ਕਿੰਨਾ ਏ?
-----
ਜਿੱਚਰ ਛੱਲਾਂ ਦੇ ਵਿਚ ਫਸੀਏ ਨਾ, ਅੰਦਾਜ਼ੇ ਨਹੀਂ ਲਗਦੇ,
ਕਿਨਾਰੇ ਬੈਠਿਆਂ ਨੂੰ ਕੀ ਪਤਾ, ਤੂਫ਼ਾਨ ਕਿੰਨਾ ਏ?
------
‘ਯੁਮਨ’ ਭਗਵਾਨ ਬਣ ਸਕਦੈ ਕਿ ਨਹੀਂ, ਇਹ ਫੇਰ ਸੋਚਾਂਗੇ,
ਅਜੇ ਤਾਂ ਜਾਚਣਾ ਏਂ ਇਹ ਆਦਮੀ ਇਨਸਾਨ ਕਿੰਨਾ ਏ?
1 comment:
ਪਹਿਲੀ ਗ਼ਜ਼ਲ ਬਹੁਤ ਹੀ ਕਮਾਲ ਹੈ.
Post a Comment