ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, September 5, 2009

ਮਰਹੂਮ ਸ਼੍ਰੀ ਨੰਦ ਲਾਲ ਨੂਰਪੁਰੀ - ਗੀਤ

ਸਾਹਿਤਕ ਨਾਮ: ਨੰਦ ਲਾਲ ਨੂਰਪੁਰੀ

ਜਨਮ: 1906 13 ਮਈ, 1966

ਨਿਵਾਸ: ਪਿੰਡ ਨੂਰਪੁਰ ਨੇੜੇ ਲਾਇਲਪੁਰ ( ਹੁਣ ਪਾਕਿਸਤਾਨ ਚ) ਅਤੇ ਵੰਡ ਤੋਂ ਬਾਅਦ ਬੀਕਾਨੇਰ ਅਤੇ ਬਾਅਦ ਚ ਪੰਜਾਬ ਆ ਕੇ ਵਸ ਗਏ ਸਨ।

ਕਿਤਾਬਾਂ: ਨੂਰ ਪਰੀਆਂ, ਵੰਗਾਂ, ਜਿਉਂਦਾ ਪੰਜਾਬ, ਨੂਰਪੁਰੀ ਦੇ ਗੀਤ, ਸੁਗਾਤ, ਆਖ਼ਰੀ ਸੁਗਾਤ, ਚੰਗਿਆੜੇ ਅਤੇ ਪੰਜਾਬ ਬੋਲਿਆ ਨੂਰਪੁਰੀ ਜੀ ਦੀਆਂ ਪ੍ਰਮੁੱਖ ਕਿਰਤਾਂ ਹਨ।

-----

ਦੋਸਤੋ! ਜਿੱਥੇ ਅਜੋਕੇ ਗੀਤਕਾਰਾਂ ( ਮੁਆਫ਼ ਕਰਨਾ - ਕੁਝ ਕੁ ਨੂੰ ਛੱਡ ਕੇ ਬਹੁਤੇ ਅਜਿਹੇ ਹੀ ਹਨ, ਜਿਨ੍ਹਾਂ ਦੀ ਸੋਚ ਤੂੜੀ, ਪਰਾਲੀ, ਭੱਈਏ, ਖੇਤ, ਜੱਟ, ਝੋਨਾ, ਮੋਟਰ, ਫੋਰਡ ਟਰੈਕਟਰ, ਸ਼ਰਾਬ, ਮੋਬਾਬਿਲ, ਮਿਸ ਕਾਲ, ਘਟੀਆ ਇਸ਼ਕ-ਮੁਸ਼ਕ ਦੇ ਜ਼ਿਕਰ ਤੱਕ ਹੀ ਸੀਮਤ ਹੈ) ਦੇ ਗੀਤ ਪੜ੍ਹ-ਸੁਣ ਕੇ ਸ਼ਰਮ ਨਾਲ਼ ਸਿਰ ਝੁਕ ਜਾਂਦਾ ਹੈ, ਓਥੇ ਪੰਜਾਬ ਦੇ ਲੋਕ-ਕਵੀ ਵਜੋਂ ਸਨਮਾਨੇ ਜਾਂਦੇ ਨੂਰਪੁਰੀ ਸਾਹਿਬ ਦੇ ਗੀਤ ਜਦੋਂ ਕਦੇ ਵੀ ਕੰਨੀਂ ਪੈ ਜਾਣ ਤਾਂ ਰੂਹ ਸ਼ਰਸਾਰ ਹੋ ਜਾਂਦੀ ਹੈ। ਨੂਰਪੁਰੀ ਸਾਹਿਬ ਦੇ ਲਿਖੇ ਗੀਤਾਂ ਦੀ ਸ਼ਾਨ ਏਸੇ ਗੱਲ ਚ ਹੈ ਕਿ ਉਹ ਸਾਡੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਦਰਸਾਉਂਦੇ, ਆਮ ਬੋਲ-ਚਾਲ ਦੀ ਪਰ ਸੱਭਿਅਕ ਭਾਸ਼ਾ ਚ ਲਿਖੇ ਗਏ ਨੇ ਅਤੇ ਉਹਨਾਂ ਨੂੰ ਲੋਕ ਗੀਤਾਂ ਦਾ ਮਾਣ ਹਾਸਿਲ ਹੋ ਚੁੱਕਾ ਹੈ। ਉਹਨਾਂ ਚੋਂ ਅਨੇਕਾਂ ਗੀਤ ਮਕਬੂਲ ਹੋਏ ਹਨ, ਅੱਜ ਮੈਂ ਉਹਨਾਂ ਦੀ ਕਲਮ ਨੂੰ ਸਲਾਮ ਕਰਦੀ ਹੋਈ, ਦੋ ਬੇਹੱਦ ਖ਼ੂਬਸੂਰਤ ਸਾਹਿਤਕ ਗੀਤਾਂ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ, ਏਸੇ ਆਸ ਨਾਲ਼ ਕਿ ਨਵੇਂ ਗੀਤਕਾਰ ਇਹਨਾਂ ਗੀਤਾਂ ਤੋਂ ਜ਼ਰੂਰ ਸੇਧ ਪ੍ਰਾਪਤ ਕਰਨਗੇ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*************

ਗੀਤ

ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ।

ਸ਼ੀਸ਼ਿਆਂ ਚ ਕਹਿੰਦੇ ਉਹਦਾ ਵੀਰ ਵੱਗ ਚਾਰਦਾ।

-----

ਵੇਲਾਂ ਫੁੱਲ ਕਾਰੀਗਰਾਂ ਏਦਾਂ ਦੇ ਬਣਾਏ ਨੇ।

ਪੇਕਿਆਂ ਨੇ ਬਾਗ਼ ਜਿਵੇਂ ਦਾਜ ਚ ਘਲਾਏ ਨੇ।

ਵਿਚ ਇੱਕ ਬੂਟਾ ਨਵਾਂ ਧੀਆਂ ਦੇ ਪਿਆਰ ਦਾ....

ਗੱਡੇ ਉੱਤੇ ਆ ਗਿਆ....

-----

ਇੱਕ ਤਸਵੀਰ ਵਿਚ ਪੱਕੀਆਂ ਹਵੇਲੀਆਂ।

ਚੌਦਵ੍ਹੀਂ ਦੇ ਚੰਦ ਨਾਲ਼ ਖੇਡਣ ਸਹੇਲੀਆਂ।

ਵਿਚ-ਵਿਚ ਝੌਲ਼ਾ ਪੈਂਦਾ ਮਿਰਗਾਂ ਦੀ ਡਾਰ ਦਾ...

ਗੱਡੇ ਉੱਤੇ ਆ ਗਿਆ....

-----

ਇੱਕ ਤਸਵੀਰ ਵਿਚ ਘੜਾ ਡੋਲ੍ਹ ਘਿਓ ਦਾ।

ਹੱਸਦੀ ਨੇ ਹੱਥ ਫੜ ਲਿਆ ਜਾ ਕੇ ਪਿਓ ਦਾ।

ਮਾਂ ਦਾ ਨਾ ਢਿੱਡ ਇੱਕ ਵੱਟ ਵੀ ਸਹਾਰਦਾ....

ਗੱਡੇ ਉੱਤੇ ਆ ਗਿਆ....

-----

ਟੁੱਟੇ ਹੋਏ ਸ਼ੀਸ਼ੇ ਤਾਈਂ ਵੇਖਿਆ ਜੇ ਤਾੜ ਕੇ।

ਡੋਲ਼ੀ ਵਿਚ ਆਣ ਬੈਠੀ ਦੋਵੇਂ ਪੱਲੇ ਝਾੜ ਕੇ।

ਦਿਲ ਚ ਖ਼ਿਆਲ ਡਾਢਾ ਡਾਢਿਆਂ ਦੀ ਮਾਰ ਦਾ...

ਗੱਡੇ ਉੱਤੇ ਆ ਗਿਆ....

-----

ਇੱਕ ਤਸਵੀਰ ਵਿਚ ਓਪਰੀ ਜਿਹੀ ਥਾਂ ਏ।

ਓਪਰਾ ਹੀ ਪਿਓ ਕੋਲ਼ ਓਪਰੀ ਹੀ ਮਾਂ ਏ।

ਓਪਰਾ ਹੀ ਨੂਰਪੁਰੀ ਘੁੰਡ ਹੈ ਉਤਾਰਦਾ....

ਗੱਡੇ ਉੱਤੇ ਆ ਗਿਆ....

======

ਗੀਤ

ਗੋਰੀ ਦੇ ਸੁਨਹਿਰੀ ਝੁਮਕੇ, ਜਦੋਂ ਤੁਰਦੀ ਹੁਲਾਰੇ ਖਾਂਦੇ।

ਅੱਖੀਆਂ ਚ ਰੱਬ ਵਸਦਾ, ਉਹਦੇ ਨਖ਼ਰੇ ਝੱਲੇ ਨਾ ਜਾਂਦੇ।

-----

ਮਹਿੰਦੀ ਵਾਲ਼ੇ ਹੱਥ ਰੁੱਸ ਗਏ, ਜਦੋਂ ਘੋਲ਼ ਕੇ ਨਣਾਨ ਨੇ ਲਾਈ।

ਫਿੱਕਾ ਫਿੱਕਾ ਰੰਗ ਚੜ੍ਹਿਆ, ਬੂਟੀ ਇੱਕ ਨਾ ਸਵਾਦ ਦੀ ਪਾਈ।

ਵੀਣੀਆਂ ਗੁਲਾਬੀ ਗੋਰੀਆਂ, ਉਹਦੇ ਗਜਰੇ ਜਾਨ ਤੜਫਾਂਦੇ...

ਗੋਰੀ ਦੇ ਸੁਨਹਿਰੀ ਝੁਮਕੇ....

-----

ਗਰਮੀ ਦੀ ਰੁੱਤ ਆ ਗਈ, ਰੂਪ ਨਿਖਰਿਆ ਦੂਣ ਸਵਾਇਆ।

ਚਿੱਠੀ ਦੀ ਤਰੀਕ ਲੰਘ ਗਈ, ਵੈਰੀ ਮਾਹੀ ਨਾ ਅਜੇ ਘਰ ਆਇਆ।

ਬੁੱਕ ਬੁੱਕ ਮੋਤੀ ਗੁੰਦ ਕੇ, ਟੰਗੇ ਕਿੱਲੀਆਂ ਨਾਲ਼ ਪਰਾਂਦੇ...

ਗੋਰੀ ਦੇ ਸੁਨਹਿਰੀ ਝੁਮਕੇ....

-----

ਤਿੱਤਰਾਂ ਦੇ ਖੰਭ ਵਰਗੀ, ਗਲ਼ ਕੁੜਤੀ ਸਵਾ ਕੇ ਪਾਈ।

ਮੋਢਿਆਂ ਤੇ ਰੱਖ ਡੋਰੀਆ, ਉਹਦੀ ਉੱਡਦੀ ਜਵਾਨੀ ਆਈ।

ਤੁਰਦੀ ਮਰੋੜੇ ਮਾਰ ਕੇ, ਉਹਦੇ ਅੰਗ ਨੇ ਕਹਾਣੀਆਂ ਪਾਂਦੇ....

ਗੋਰੀ ਦੇ ਸੁਨਹਿਰੀ ਝੁਮਕੇ....

-----

ਕਿੱਕਰਾਂ ਨੂੰ ਫੁੱਲ ਲੱਗ ਗਏ, ਤੈਨੂੰ ਕੁਝ ਨਾ ਲੱਗਾ ਮੁਟਿਆਰੇ।

ਵੇਖ ਕੇ ਸਹੀ ਨੂਰਪੁਰੀ, ਮਿਹਣੇ ਜੱਗ ਨੇ ਓਸਨੂੰ ਮਾਰੇ।

ਘੁੰਡ ਵਿਚ ਅੱਗ ਬਲ਼ਦੀ, ਉਹਦੇ ਨੈਣ ਦੱਸਣੋਂ ਸ਼ਰਮਾਂਦੇ....

ਗੋਰੀ ਦੇ ਸੁਨਹਿਰੀ ਝੁਮਕੇ....

1 comment:

ਤਨਦੀਪ 'ਤਮੰਨਾ' said...

ਤਨਦੀਪ ਜੀ,
ਆਸੀਸਾਂ !
ਮੇਰੇ ਕੋਲ ਸ਼ਬਦ ਨਹੀਂ ਹਨ ਤੁਹਾਡਾ ਧੰਨਵਾਦ ਕਰਣ ਨੂੰ। ਧੰਨਵਾਦ ਦੀ ਬਜਾਇ ਮੈਨੂੰ ‘ਧੰਨਭਾਗ’ ਕਹਿਣਾ ਚਾਹੀਦਾ ਏ ਕਿ ਮੈਂ ਇਕ ਐਸੇ ਗਰੁਪ ‘ਆਰਸੀ’ ਨਾਲ ਜੁੜਿਆਂ ਹਾਂ ਜੋ ਸਾਡੀ ਮਾਂ-ਬੋਲੀ ਦੀ ਸੇਵਾ ਕਰ ਰਿਹਾ ਹੈ।
ਗੀਤਾਂ ਦੇ ਬਾਦਸ਼ਾਹ ਸਵਰਗੀ ਨੰਦ ਲਾਲ ਨੂਰਪੁਰੀ ਜੀ ਦੇ ਗੀਤਾਂ ਨੂੰ ਸਭਨਾਂ ਅੱਗੇ ਰਖ ਕੇ ਤੁਸੀ ਨਵੇਂ ਗੀਤਕਾਰਾਂ ਨੂੰ ਆਖਿਆ ਏ ਕਿ ਅੱਛੇ ਗੀਤ ਲਿਖੋ।ਮਨ ਨੂੰ ਬਹੁਤ ਖੁਸ਼ੀ ਹੋਈ ਕਿ ਤੁਸੀ ਓਹਨਾਂ ਸਾਹਿਤਕ ਹਸਤਿਆਂ ਨੁੰ ਯਾਦ ਕੀਤਾ ਏ ਜਿਨ੍ਹਾਂ ਨੂੰ ਲੋਕੀਂ ਭੁੱਲ ਗਏ ਨੇ।
ਕਿਹੜਾ ਪੰਜਾਬੀ ਪਰਿਵਾਰ ਏ ਜਿਦ੍ਹੇ ਘਰ ਵਿਆਹ ਰਚਿਆ ਹੋਵੇ ਤੇ ਨੰਦ ਲਾਲ ਨੂਰਪੁਰੀ ਜੀ ਦਾ ਇਹ ਗੀਤ ਨਾ ਗਾਇਆ ਜਾਵੇ ‘ਮੈਨੂੰ ਦਿਓਰ ਦੇ ਵਿਆਹ ਵਿਚ ਨੱਚ ਲੈਣ ਦੇ…’ । ਇਹ ਗੀਤ ਹੀ ਕਾਫੀ ਸੀ ਨੂਰਪੁਰੀ ਜੀ ਨੂੰ ਅਮਰ ਬਨਾਉਂਣ ਲਈ, ਪਰ ਓਹਨਾਂ ਨੇ ਸੈਂਕੜੋਂ ਅਮਰ ਗੀਤ ਲਿਖੇ। ਗੀਤਾਂ ਦੇ ਬਾਦਸ਼ਾਹ ਨੂਰਪੁਰੀ ਜੀ ਨੂੰ ਜਿਨ੍ਹਾਂ ਹਾਲਾਤ ਨੇ ਮਜਬੂਰ ਕੀਤਾ ਘਰ ਦੇ ਲਾਗੇ ਇਕ ਖੂਹ ਵਿਚ ਛਾਲ ਮਾਰ ਕੇ ਖੁਦਕਸ਼ੀ ਕਰਣ ਲਈ, ਇਹ ਪੰਜਾਬ ਦਾ ਇਕ ਦੁਖਾਂਤ ਸੀ। ‘ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ’ ਗੀਤ ਲਿਖਣ ਵਾਲਾ ਆਪਣਿਆਂ ਧੀਆਂ ਦੇ ਹੱਥ ਪੀਲੇ ਕਰਣ ਲਈ ਅਪਣੀ ਮਿਹਨਤ ਦੇ ਪੈਸੇ ਮੰਗਦਾ ਰਿਹਾ, ਓਹਨਾਂ ਕੋਲੋਂ.... ਜਿਨ੍ਹਾਂ ਉਸਦੇ ਗੀਤ ਗਾ ਗਾ ਕੇ ਅਪਾਰ ਧਨ ਬਟੋਰਿਆ । ਪਰ ਨੂਰਪੁਰੀ ਜੀ ਨੂੰ ਗ਼ਰੀਬੀ ਹੀ ਦਿੱਤੀ। ਗੀਤਾਂ ਦੇ ਸਰਮਾਏ ਦੇ ਨਾਲ ਨੂਰਪੁਰੀ ਜੀ ਤਦ ਤਕ ਅਮਰ ਰਹਿਣਗੇ ਜਦ ਤਕ ਪੰਜਾਬੀਅਤ ਰਹੇਗੀ ।
ਸਤਿਕਾਰ ਦੇ ਨਾਲ,
ਸੁਭਾਸ਼ ਸ਼ਰਮਾ
ਨਵੀਂ ਦਿੱਲੀ
===========
ਬਹੁਤ-ਬਹੁਤ ਸ਼ੁਕਰੀਆ ਸ਼ਰਮਾ ਜੀ! ਸ਼ਿਰਕਤ ਕਰਦੇ ਰਹਿਣਾ।
ਅਦਬ ਸਹਿਤ
ਤਨਦੀਪ 'ਤਮੰਨਾ'