ਨਜ਼ਮ
ਸਰੀਰ ਮੇਰਾ- ਤੂੰਬੇ ਵਰਗਾ
ਪੰਜੇ ਇੰਦਰੀਆਂ – ਤਾਰਾਂ ਵਰਗੀਆਂ
........
ਇਹਨਾਂ ‘ਚੋਂ ਕੋਈ ਨੱਪੀ ਜਾਂਦੀ
ਤਾਂ ਸੁੱਤੀ ਹੋਈ ਸੁਰ
ਤ੍ਰਬਕ ਕੇ ਜਾਗ ਉੱਠਦੀ
.........
ਮੇਰਾ ਮਨ – ਬਾਲ ਵਰਗਾ
ਚਾਈਂ ਚਾਈਂ ਹਰ ਵੇਲ਼ੇ
ਕੋਈ ਨਾ ਕੋਈ ਸੁਰ ਨੱਪੀ ਰੱਖਦਾ
ਸੁਰ ਤੇ ਸਾਜ਼ ਦੋਹਾਂ ਤੋਂ ਅਣਜਾਣ...
ਰੁੱਝਿਆ ਹੋਇਆ
ਪਰ ਬੇਸੁਰ ਆਵਾਜ਼ਾਂ ਕੱਢਦਾ....
...................
ਜਦੋਂ ਇਹ ਬਾਲ ਸੌਂ ਜਾਂਦਾ
ਮੈਂ ਨੀਂਦ ਵਿਚੋਂ ਜਾਗਦਾ
ਜਾਂ ਤੇਰਾ ਚੇਤਾ ਆਉਂਦਾ
ਤਾਂ ਰਾਗਾਂ ਵਿਚ ਬੱਧੇ ਸੁਰ ਜਾਗਦੇ...
...............
ਕੋਈ – ਵਿੱਛੜੇ ਬਾਲ ਦੇ ਰੋਣ ਜਿਹਾ....
ਕੋਈ – ਸਾਉਣ ਦੀ ਰੁੱਤੇ ਚਹਿਕਦੇ ਮੋਰ ਜਿਹਾ....
ਕੋਈ – ਡਿਗਦੇ ਪੱਤਿਆਂ ਨੂੰ ਵੇਖ ਕੇ ਕੰਬੀ ਮੋਹ ਦੀ ਕਣੀ ਵਰਗਾ....
ਕੋਈ – ਲੁਕ ਕੇ ਵੇਖਦੀਆਂ ਪਰ ਆਵਾਜ਼ ਮਾਰਨੋਂ ਝਿਜਕਦੀਆਂ ਅੱਖੀਆਂ ਵਰਗਾ....
...............
ਆਪਣਾ ਆਪ ਤੇਰੇ ਅਰਪਣ ਕਰਦਾ ਹਾਂ
ਤੂੰ ਚੁੰਮਣ ਨਾਲ਼-
ਸੁਰ ਕਰ ਦੇਹ ਮੇਰੇ ਪੋਰ ਪੋਰ ਨੂੰ...
ਮੈਨੂੰ ਵੇਖ-
ਮੇਰੀਆਂ ਸਭ ਤਾਰਾਂ ਇੱਕੋ ਵੇਲ਼ੇ ਥਿਰਕ ਪੈਣ...
ਆਪਣੀਆਂ ਉਂਗਲ਼ੀਆਂ ਫੇਰ ਮੇਰੇ ਤੇ-
ਸਭ ਸੁਰ ਬੂਹੇ ਖੋਲ੍ਹ ਕੇ ਬਾਹਰ ਆ ਜਾਣ....
.................
ਮੈਨੂੰ ਵਜਾਅ
ਕਿ ਮੇਰਾ ਹੋਣਾ ਸਾਰਥਕ ਹੋਵੇ...!
No comments:
Post a Comment