ਗੀਤ
ਮੇਰੀਆਂ ਗੁੱਡੀਆਂ ਪਟੋਲੇ,
ਰੱਖ ਤਾਕਾਂ ਦੇ ਉਹਲੇ।
ਹੁਣ ਮੇਰੇ ਹੱਥ ਬਸਤਾ ਫੜਾ,
ਨੀ ਮਾਏ! ਮੈਨੂੰ ਪੜ੍ਹਨੇ ਦਾ ਚਾਅ।
-----
ਇਕ ਦੀਵਾ ਬਾਲ਼ਿਆ ਈ
ਘਰ ਦੀ ਕੰਧੋਲ਼ੀ ਉੱਤੇ,
ਇਕ ਮੇਰੇ ਮੱਥੇ ‘ਚ ਜਗਾ।
ਨੀ ਮਾਏ! ਮੈਨੂੰ ਪੜ੍ਹਨੇ....
-----
ਜਾਂਦੀਆਂ ਸਕੂਲ ਦੇਖਾਂ
ਜਦੋਂ ਮੇਰੇ ਹਾਣ ਦੀਆਂ,
ਦਿਲ ਮੇਰਾ ਜਾਵੇ ਮੁਰਝਾ।
ਨੀ ਮਾਏ! ਮੈਨੂੰ ਪੜ੍ਹਨੇ....
-----
ਬਾਪੂ ਕਹਿੰਦਾ ਮੈਂ ਨਹੀਂ
ਪੜ੍ਹਾਉਂਣਾ ਤੈਂਨੂੰ ਕੁੜੀਏ ਨੀ,
ਘਰ ਬਹਿ ਕੇ ਰੋਟੀਆਂ ਪਕਾ।
ਨੀ ਮਾਏ! ਮੈਨੂੰ ਪੜ੍ਹਨੇ....
-----
ਬਾਪੂ ਤੇਰੀ ਗੱਲ ਕਦੇ
ਮੋੜਦਾ ਨਹੀਂ ਅੰਮੀਏ ਨੀ,
ਬਾਬਲੇ ਨੂੰ ਤੂੰ ਹੀ ਸਮਝਾ।
ਨੀ ਮਾਏ! ਮੈਨੂੰ ਪੜ੍ਹਨੇ....
-----
ਕੱਪੜੇ ਧੁਆ ਲੈ ਭਾਵੇਂ
ਭਾਂਡੇ ਮੰਜਵਾ ਲੈ, ਭਾਵੇਂ,
ਕੰਮ ਸਾਰੇ ਪਿੰਡ ਦਾ ਕਰਾ।
ਨੀ ਮਾਏ! ਮੈਨੂੰ ਪੜ੍ਹਨੇ....
-----
ਬੜਾ ਪੁੰਨ ਹੋਊ ਤੇਰਾ,
ਮੇਰਾ ਵੀ ਸਕੂਲ ਵਿਚ,
ਅੰਮੀਏ ਤੂੰ ਨਾਮ ਦੇ ਲਿਖਾ।
ਨੀ ਮਾਏ! ਮੈਨੂੰ ਪੜ੍ਹਨੇ....
1 comment:
Natmastak hi hoyeya ja sakda hai.....
Post a Comment