ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, September 11, 2009

ਜਸਬੀਰ ਮਾਹਲ - ਅੱਜ ਗਿਆਰਾਂ ਸਤੰਬਰ ਤੇ ਵਿਸ਼ੇਸ਼ - ਨਜ਼ਮ

ਦੋਸਤੋ! ਅੱਜ ਤੋਂ ਪੂਰੇ ਅੱਠ ਸਾਲ ਪਹਿਲਾਂ 11 ਸਤੰਬਰ, 2001 ਨੂੰ ਅਮਰੀਕਾ ਦੇ ਟਵਿੰਨ ਟਾਵਰਾਂ ਚ ਸੈਂਕੜੇ ਮਾਸੂਮ ਜਿੰਦਾਂ ਸੌੜੀਆਂ ਸੋਚਾਂ ਦਾ ਸ਼ਿਕਾਰ ਹੋ ਗਈਆਂ ਸਨ। ਅੱਜ ਭਰੇ ਮਨ ਨਾਲ਼ ਉਹਨਾਂ ਸਭ ਨੂੰ ਯਾਦ ਕਰਦਿਆਂ ਸਰੀ, ਕੈਨੇਡਾ ਵਸਦੇ ਸ਼ਾਇਰ ਜਸਬੀਰ ਮਾਹਲ ਜੀ ਦੀ ਕਿਤਾਬ ਆਪਣੇ ਆਪ ਕੋਲ਼ ਚੋਂ ਦੋ ਨਜ਼ਮਾਂ ਆਰਸੀ ਚ ਸ਼ਾਮਲ ਕਰ ਰਹੀ ਹਾਂ। ਬਕੌਲ ਡੈਡੀ ਜੀ ਗੁਰਦਰਸ਼ਨ ਬਾਦਲ:

...ਕਬਰਿਸਤਾਨ ਚ ਥਾਵਾਂ ਮੁੱਕੀਆਂ, ਗਿਰਝਾਂ ਨੇ ਮੂੰਹ ਮੋੜੇ,

ਮੌਤੋਂ ਫੇਰ ਹਿਯਾਤੀ ਹਰ ਗਈ, ਚਾਰ-ਚੁਫ਼ੇਰੇ ਲਾਸ਼ਾਂ।

ਲਕੜਾਂ ਮੁੱਕੀਆਂ, ਕੱਫ਼ਣ ਮੁੱਕੇ, ਰਹਿਗੇ ਵੈਣ-ਸਿਆਪੇ,

ਗ਼ਮ ਵਿਚ ਪੱਥਰ-ਅੱਖ ਵੀ ਭਰ ਗਈ, ਚਾਰ-ਚੁਫ਼ੇਰੇ ਲਾਸ਼ਾਂ...

ਅਦਬ ਸਹਿਤ

ਤਨਦੀਪ ਤਮੰਨਾ

***************

ਗਿਆਰਾਂ ਸਤੰਬਰ 2001 ਤੋਂ ਪਹਿਲਾਂ

ਨਜ਼ਮ

ਨਾਸ਼ਤਾ ਖਾਂਦਿਆਂ

ਦੂਰ-ਦੁਰਾਡੇ ਕਿਸੇ ਦੇਸ਼

ਹੋ ਰਹੀ ਜੰਗ ਬਾਰੇ

ਅਖ਼ਬਾਰ ਦੀਆਂ ਸੁਰਖ਼ੀਆਂ ਤੇ

ਕਿਵੇਂ ਉੱਡਦੀ ਜਿਹੀ ਝਾਤੀ ਮਾਰ ਲੈਂਦੀ ਸੀ

..................

ਟੀ.ਵੀ. ਅੱਗੇ ਬਹਿ ਕੇ

ਨਮਕੀਨ ਨੂੰ ਮੂੰਹ ਮਾਰਦਿਆਂ

ਸਮੁੰਦਰੋਂ ਪਾਰ ਫਟੇ ਬੰਬਾਂ ਦੀ

ਵਾਰ-ਵਾਰ ਦਿਖਾਈ ਖ਼ਬਰ ਚੋਂ ਉਪਜਿਆ

ਅਕੇਵਾਂ ਤੋੜਨ ਲਈ

ਕਿਵੇਂ ਬਦਲ਼ਦੇ ਸੀ ਚੈਨਲ

.................

ਕਾਰ ਚਲਾਉਂਦੇ ਸਮੇਂ ਰੇਡਿਓ ਤੇ

ਦੂਰ ਦੇਸ਼ ਦੇ ਅੰਦਰੂਨੀ ਝਗੜਿਆਂ

ਮਰਨ ਵਾਲ਼ਿਆਂ ਦੀ ਗਿਣਤੀ ਨਾਲ਼ੋਂ

ਕਿਤੇ ਵੱਧ ਅਹਿਮ ਹੁੰਦਾ ਸੀ

ਸ਼ੇਅਰ ਬਾਜ਼ਾਰ ਦਾ

ਉਤਰਾਅ-ਚੜ੍ਹਾਅ

ਜਾਂ ਦਿਨੇ ਹੋਏ ਮੈਚਾਂ ਦਾ ਨਤੀਜਾ

.................

ਕਿੰਨੇ ਓਪਰੇ ਸਨ ਸ਼ਬਦ

ਜੰਗ, ਡਰ, ਅਸੁਰੱਖਿਆ,

ਦਹਿਸ਼ਤਗਰਦੀ, ਜੁਰਮ-ਯੁੱਧ

ਗਿਆਰਾਂ ਸਤੰਬਰ ਤੋਂ ਪਹਿਲਾਂ....

=============

ਗਿਆਰਾਂ ਸਤੰਬਰ 2001 ਤੋਂ ਬਾਅਦ

ਨਜ਼ਮ

ਇਕ ਦਮ

ਕਿਵੇਂ ਸੁੰਗੜ ਗਏ ਭਾਵ

ਕਿੰਨੇ ਹੀ ਸ਼ਬਦਾਂ ਦੇ

ਇਕ ਦਮ

ਕਿੰਨਾ ਵਿਸ਼ਾਲ ਹੋ ਗਿਆ

ਕਈ ਅਰਥਾਂ ਦਾ ਘੇਰਾ

..............

ਇਕ ਦਮ

ਕਿੰਨਾ ਘਟ ਗਿਆ ਖੇਤਰਫਲ਼

ਰੁਝੇਵਿਆਂ ਦੀ ਦੌੜ ਦਾ

ਯਾਰਾਂ ਤੇ ਕੀਤੇ ਗ਼ੁੱਸੇ ਦਾ

ਅਫ਼ਸੋਸ ਬਟੂਏ ਖੁੱਸੇ ਦਾ

................

ਇਕ ਦਮ

ਕਿੰਨਾ ਅਹਿਮ ਹੋ ਗਿਆ

ਘਰੋਂ ਤੁਰਨ ਵੇਲ਼ੇ

ਬੱਚਿਆਂ ਨੂੰ ਚੁੰਮਣਾ

ਜਾਗਣ ਸੌਣ ਵੇਲ਼ੇ

ਪਰਿਵਾਰ ਦੇ ਜੀਆਂ ਨੂੰ ਸੀਨੇ ਨਾਲ਼ ਘੁੱਟਣਾ

ਰਿਸ਼ਤਿਆਂ ਦੀ ਖ਼ੈਰ-ਸੁੱਖ ਪੁੱਛਣਾ

.................

ਇਕ ਦਮ

ਅਕਸ ਨਜ਼ਰ ਵਿਚ ਫੈਲਿਆ

ਕਿਵੇਂ ਬੇਬਸੀ ਤੇ ਰੋਣ ਦਾ

ਭਰਮ ਮਨ ਚੋਂ ਟੁੱਟਿਆ

ਜ਼ਿੰਦਗੀ ਮਹਿਫ਼ੂਜ਼ ਹੋਣ ਦਾ....


2 comments:

N Navrahi/एन नवराही said...

ਬਹੁਤ ਵਧੀਆ।

ਨਵਿਅਵੇਸ਼ ਨਵਰਾਹੀ

ਦੀਪ ਨਿਰਮੋਹੀ said...

ਇਕ ਦੁਖਾਂਤ ਦਾ ਦੁਖਾਂਤਮਈ ਬਿਆਨ ਬਹੁਤ ਪ੍ਰਭਾਵਸ਼ਾਲੀ ਹੈ ਮਾਹਲ ਜੀ।ਤੁਹਾਡੇ ਅਹਿਸਾਸ ਨੂੰ ਸਲਾਮ