ਅਮਲਤਾਸ ਦੇ ਬੂਟੇ ਹੇਠਾਂ ਯਾਦ ਤਿਰੀ ਇਉਂ ਆਈ।
ਮਿੱਠੀ ਠੰਢੀ ਲੈ ਖ਼ੁਸ਼ਬੋਈ,ਆਵੇ ਜਿਉਂ ਪੁਰਵਾਈ।
-----
ਕਿਸ ਬੇ-ਕਿਰਕੇ ਤੀਰ ਚਲਾਕੇ, ਸੁੱਟੀ ਧਰਤੀ ਉੱਤੇ?
ਉੱਚ ਅਸਮਾਨੀਂ ਉਡਦੀ ਸੀ ਜੋ ਕਵਿਤਾ ਦੀ ਮੁਰਗਾਈ।
-----
‘ਸੂਰਜ, ਸੂਰਜ’ ਕਹਿ ਕੇ ਮੈਨੂੰ ਕ਼ਤਲ ਉਨ੍ਹਾਂ ਨੇ ਕੀਤਾ,
ਰਾਤੀਂ, ਸਿਰ ‘ਚੋਂ ਜਦੋਂ ਅਚਾਨਕ ਕਿਰਨ ਮਿਰੇ ਉਗ ਆਈ।
-----
ਨੰਗੇ ਪੈਰੀਂ ਵੀ ਮੰਜ਼ਿਲ ਵਲ ਰੋਜ਼ ਅਸੀਂ ਤਾਂ ਤੁਰਨਾ,
ਹੋਵੇ ਕਿੰਨਾ ਔਝੜ ਪੈਂਡਾ, ਹੋਵੇ ਲੱਖ ਕੰਡਿਆਈ।
-----
ਮਿਹਨਤ ਰੋਈ, ਅੱਥਰੂ ਡਿੱਗੇ, ਬੀਜ ਬਣੇ ਤੇ ਉੱਗੇ,
ਪਰਿਵਰਤਨ ਦੀ ਸੁਰਖ਼ ਪਨੀਰੀ ਖੇਤ ਖੇਤ ਲਹਿਰਾਈ।
No comments:
Post a Comment