ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, September 19, 2009

ਸੁਖਦੇਵ ਸਿੰਘ ਗਰੇਵਾਲ - ਗ਼ਜ਼ਲ

ਦੋਸਤੋ! ਨਾਭਾ, ਪੰਜਾਬ ਵਸਦੇ ਲੇਖਕ ਸੁਖਦੇਵ ਸਿੰਘ ਗਰੇਵਾਲ ਜੀ ਦੀਆਂ ਗ਼ਜ਼ਲਾਂ ਆਪਾਂ ਆਰਸੀ ਚ ਪਹਿਲਾਂ ਵੀ ਸ਼ਾਮਲ ਕਰ ਚੁੱਕੇ ਹਾਂ, ਪਰ ਉਹਨਾਂ ਦਾ ਸਾਹਿਤਕ ਵੇਰਵਾ ਕਿਤਾਬਾਂ ਦੇ ਨਾਲ਼ ਹੁਣ ਪਹੁੰਚਿਆ ਹੈ। ਸੋ ਸਤਿਕਾਰ ਸਹਿਤ ਸ਼ਾਮਲ ਕਰ ਰਹੀ ਹਾਂ। ਸ਼ੁਕਰੀਆ।

ਤਨਦੀਪ ਤਮੰਨਾ

************

ਸਾਹਿਤਕ ਨਾਮ: ਸੁਖਦੇਵ ਗਰੇਵਾਲ

ਜਨਮ; 18 ਮਈ, 1931

ਅਜੋਕਾ ਨਿਵਾਸ: ਨਾਭਾ, ਪੰਜਾਬ ( ਇੰਡੀਆ )

ਕਿਤਾਬਾਂ: ਕਾਵਿ-ਸੰਗ੍ਰਹਿ: ਪੀੜਾਂ ਹਿਜਰ ਦੀਆਂ, ਮੋਤੀਆਂ ਦੀ ਲੜੀ, ਗੀਤ-ਸੰਗ੍ਰਹਿ: ਇਸ਼ਕ ਲਭੇਂਦਾ ਪੈੜ, ਗ਼ਜ਼ਲ-ਸੰਗ੍ਰਹਿ: ਉਦਾਸ ਸੂਰਜ, ਚਿੱਟੇ ਲਫ਼ਜ਼ ਉਦਾਸ ਰੰਗ, ਕਾਫ਼ਲੇ ਯਾਦਾਂ ਦੇ , ਸਹਿਮੀ ਰੌਸ਼ਨੀ, ਮਹਿਕਦੀ ਤਨਹਾਈ, ਮਹਿਕਦੇ ਪਲ, ਪਰਛਾਵਿਆਂ ਦੀ ਖ਼ੁਸ਼ਬੋ, ਬਾਲ ਕਾਵਿ-ਸੰਗ੍ਰਹਿ: ਮਹਿਕਦੇ ਫੁੱਲ, ਭਾਂਤ-ਭਾਂਤ ਦੀ ਖ਼ੁਸ਼ਬੋ, ਹੀਰੇ ਮੋਤੀ, ਰਲ਼ ਮਿਲ਼ ਗਾਈਏ, ਰੰਗ ਬਿਰੰਗੇ ਫੁੱਲ, ਮਹਿਕਾਂ ਭਰੀ ਪਟਾਰੀ, ਕਹਾਣੀ ਸੰਗ੍ਰਹਿ: ਸੂਰਾ ਸੋ ਪਹਿਚਾਨੀਐ, ਬਾਲ ਯੋਧਾ, ਕਰਕ ਕਲੇਜੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਅਨੇਕਾਂ ਕਿਤਾਬਾਂ ਚ ਗਰੇਵਾਲ ਸਾਹਿਬ ਦੀਆਂ ਲਿਖਤਾਂ ਸ਼ਾਮਲ ਹਨ।

----

ਇਨਾਮ-ਸਨਮਾਨ: ਭਾਈ ਕਾਹਨ ਸਿੰਘ ਸਨਮਾਨ, (ਨਾਭਾ) ਸਾਹਿਤ ਸ੍ਰੀ ਐਵਾਰਡ (ਪੰਜਾਬ ਸੰਸਕ੍ਰਿਤ ਅਕਾਦਮੀ ਨਾਭਾ), ਸੁਰਜੀਤ ਰਾਮਪੁਰੀ ਯਾਦਗਾਰੀ ਐਵਾਰਡ ( ਪੰਜਾਬੀ ਗ਼ਜ਼ਲ ਮੰਚ ਫਿਲੌਰ), ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ (ਭਾਸ਼ਾ ਵਿਭਾਗ ਪੰਜਾਬ) ਅਤੇ ਹੋਰ ਅਨੇਕਾਂ ਸਾਹਿਤ ਸਭਾਵਾਂ ਵੱਲੋਂ ਲਿਖਤਾਂ ਬਦਲੇ ਸਨਮਾਨਿਆ ਜਾ ਚੁੱਕਾ ਹੈ।

**********

ਗ਼ਜ਼ਲ

ਪਿਆਰ ਦੀ ਇਕ ਧੁੱਪ ਨਿੱਘੀ ਦਰ ਤੇ ਖੜ੍ਹ ਕੇ ਮੁੜ ਗਈ।

ਹਰ ਖ਼ੁਸ਼ੀ ਫਿਰ ਨਾਲ਼ ਉਸਦੇ ਮਹਿਕ ਵਾਂਗੂੰ ਉੜ ਗਈ।

-----

ਓਸ ਖ਼ੁਸ਼ਬੂ ਦੀ ਨਾ ਕੋਈ ਪੈੜ ਨਾ ਹੀ ਥਹੁ ਪਤਾ,

ਜੋ ਮੇਰੇ ਰਾਹਾਂ ਚ ਸੀ ਭਰ ਕੇ ਰੰਗੀਨੀ ਮੁੜ ਗਈ।

-----

ਔਖੀਆਂ ਘੜੀਆਂ ਦੀ ਖੁਲ੍ਹੀ ਦਾਤ ਬਖ਼ਸ਼ਣ ਵਾਲ਼ਿਆ,

ਡੋਲਿਆ ਮੈਂ ਤਾਂ ਨਹੀਂ ਕਿਉਂ ਦਾਤ ਤੈਥੋਂ ਥੁੜ ਗਈ।

-----

ਜਾਪਦਾ ਹੈ ਚੀਸ ਇਸਦੀ ਉਮਰ ਭਰ ਪੈਂਦੀ ਰਹੂ,

ਪਿਆਰ ਦੀ ਇਕ ਛਿਲਤ ਮੇਰੇ ਦਿਲ ਚ ਐਸੀ ਪੁੜ ਗਈ।

-----

ਸੌਂ ਗਈ ਫਿਰ ਕਿਸ ਤਰ੍ਹਾਂ ਬੇਫ਼ਿਕਰ ਹੋ ਕੇ ਦੇਖ ਲਉ,

ਜਦ ਕਦੀ ਕੋਈ ਨਦੀ ਸਾਗਰ ਚ ਜਾ ਕੇ ਜੁੜ ਗਈ।

-----

ਮੈਂ ਜਦੋਂ ਨ੍ਹੇਰੇ ਚ ਵੀ ਤੁਰਦਾ ਰਿਹਾਂ ਤੁਰਦਾ ਰਿਹਾਂ,

ਰੌਸ਼ਨੀ ਸੂਰਜ ਤੇ ਚੰਨ ਦੀ ਕਿਸ ਤਰ੍ਹਾਂ ਸੀ ਕੁੜ੍ਹ ਗਈ।

-----

ਸੱਜਣਾ ਬਾਝੋਂ ਜਦੋਂ ਇਕ ਰਾਤ ਵੀ ਕੱਟ ਹੋਈ ਨਾ,

ਪਿਆਰ ਦੀ ਮਿੱਟੀ ਦੀ ਕਿਸ਼ਤੀ ਫਿਰ ਝਨਾਂ ਵਿਚ ਰੁੜ੍ਹ ਗਈ।

-----

ਮੈਂ ਜਦੋਂ ਮੁਰਝਾਏ ਫੁੱਲ ਦੇ ਕੋਲ਼ ਜਾ ਕੇ ਪਹੁੰਚਿਆ,

ਉਸ ਕਿਹਾ, 'ਸਾਬਤ ਹਾਂ ਮੈਂ, ਹੈ ਮਹਿਕ ਐਪਰ ਉੜ ਗਈ'।

=========

ਗ਼ਜ਼ਲ

ਵਿਸਰ ਜਾਂਦੇ ਉਮਰ ਭਰ ਦੇ ਫੇਰ ਸਭ ਸ਼ਿਕਵੇ ਗਿਲੇ।

ਭਟਕਦਾ ਹੋਇਆ ਅਸਾਂ ਨੂੰ ਜਦ ਕੁਈ ਰਾਹੀ ਮਿਲ਼ੇ।

-----

ਬਿਰਖ ਦੀ ਗੋਦੀ ਚ ਅੱਜ ਤਾਂ ਕੋਈ ਨਾ ਪੱਤਾ ਹਿਲੇ।

ਇਸਤਰ੍ਹਾਂ ਦਾ ਪਿਆਰ ਯਾਰੋ ਹਰ ਕਿਸੇ ਨੂੰ ਹੀ ਮਿਲ਼ੇ।

-----

ਧਰਤ ਤੋਂ ਆਕਾਸ਼ ਤੀਕਰ ਖ਼ੁਸ਼ਬੂ ਖ਼ੁਸ਼ਬੂ ਹੋ ਗਈ,

ਚੰਨ ਵਿਚ ਕਤਦੀ ਕੁੜੀ ਦੇ ਹੋਂਠ ਜਦ ਕਦ ਵੀ ਹਿਲੇ।

-----

ਨ੍ਹੇਰਿਆਂ ਤੇ ਨੂਰ ਦੀ ਰਹਿਮਤ ਬਰਸਦੀ ਹੈ ਉਦੋਂ,

ਚੀਰ ਜਦ ਕਾਲ਼ੀ ਘਟਾ ਨੂੰ ਚੰਨ ਦਾ ਚਿਹਰਾ ਖਿਲੇ।

-----

ਬੇਕਸੂਰਾ ਜਦ ਕੋਈ ਭੁਗਤੇ ਸਜ਼ਾ ਦੁੱਖ ਹੋਂਵਦਾ,

ਅੱਖੀਆਂ ਦੇ ਦੋਸ਼ ਦੇ ਤਾਂ ਦਿਲ ਨੇ ਭੁਗਤੇ ਨੇ ਸਿਲੇ।

-----

ਮੈਂ ਤਾਂ ਪਤਝੜ ਨੂੰ ਵੀ ਹੈ ਬੇਹਦ ਸਜਾ ਕੇ ਰੱਖਿਆ,

ਫੁੱਲ ਸੂਹੇ ਮਨ ਚ ਹਨ ਸੁਖਦੇਵ ਦੇ ਰਹਿੰਦੇ ਖਿਲੇ।


1 comment:

جسوندر سنگھ JASWINDER SINGH said...

ਖੂਬਸੂਰਤ ਗਜ਼ਲਾਂ ਪੋਸਟ ਕਰਨ ਲਈ ਕੋਟਾਨ ਕੋਟ ਸ਼ੁਕਰੀਆ ਤਨਦੀਪ ਜੀ