ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, September 20, 2009

ਜਸਬੀਰ ਕਾਲਰਵੀ - ਨਜ਼ਮ

ਗੁੰਬਦ (1)

ਨਜ਼ਮ

ਮੇਰੇ ਮਨ ਦੇ ਗੁੰਬਦ

ਅਕਸਰ

ਗੂੰਜਦੀਆਂ ਨੇ

ਮੇਰੀ ਹੀ ਸੋਚ ਦੀਆਂ ਧੁਨੀਆਂ

ਧੁਨੀਆਂ

ਜੋ ਮੇਰੀ ਮੈਂ ਨਾਲ਼ ਜੁੜੀਆਂ ਹਨ

ਧੁਨੀਆਂ

ਜੋ ਮੇਰੇ ਘੇਰਿਆਂ ਨਾਲ਼ ਸੰਬੰਧਿਤ ਹਨ

ਧੁਨੀਆਂ

ਜੋ ਮੇਰੇ ਆਪਣੇ ਸਵੈ ਦੇ ਦਵੰਦ ਚ ਘਿਰੀਆਂ ਹਨ

..............

ਪਰ ਇਹ ਸੋਚ ਦੀਆਂ ਧੁਨੀਆਂ

ਕਦੇ ਵੀ ਮਨ ਦੇ ਗੁੰਬਦ ਤੋਂ

ਪਾਰ ਨਹੀਂ ਜਾਂਦੀਆਂ

ਇਹ ਅੰਦਰ ਹੀ ਅੰਦਰ

ਆਪਣੀ ਮੈਂ ਦਾ ਸੰਤਾਪ ਭੋਗਦੀਆਂ

ਆਪਣੇ ਘੇਰਿਆਂ ਬਾਰੇ ਵਿਚਾਰ ਚਰਚੇ ਕਰਦੀਆਂ

ਆਪਣੇ ਹੀ ਸਵੈ ਦੇ ਦਵੰਦ

ਨਿਰਦਵੰਦ ਹੋਣ ਦਾ ਯਤਨ ਕਰਦੀਆਂ

ਮਨ ਦੇ ਗੁੰਬਦ ਨਾਲ਼ ਟਕਰਾਉਂਦੀਆਂ

ਅਕਸਰ ਦੁੱਗਣੀ ਗੂੰਜ ਲੈ ਕੇ

ਵਾਪਸ ਪਰਤ ਆਉਂਦੀਆਂ

.............

ਮੇਰੇ ਮਨ ਦੇ ਗੁੰਬਦ

ਅਕਸਰ

ਗੂੰਜਦੀਆਂ ਨੇ

ਮੇਰੀ ਹੀ ਸੋਚ ਦੀਆਂ ਧੁਨੀਆਂ

=======

ਗੁੰਬਦ (2)

ਨਜ਼ਮ

ਮਨ ਦੇ ਗੁੰਬਦ ਅੰਦਰ

ਮੈਂ ਦੀ ਹਲਚਲ ਹੈ

ਮਨ ਦੇ ਗੁੰਬਦ ਬਾਹਰ

ਤੂੰ ਦਾ ਠਹਿਰਾਓ ਹੈ

.........

ਜਿਸ ਵਿਚ ਸੂਰਜੀ ਰੌਸ਼ਨੀਆਂ ਹਨ

ਤੱਤੀਆਂ ਠੰਢੀਆਂ ਹਵਾਵਾਂ ਹਨ

ਪੰਛੀਆਂ ਦੀਆਂ ਉਡਾਰੀਆਂ ਹਨ

ਦੀਵਿਆਂ ਦੀ ਲੋਅ ਦੇ

ਇਕ-ਮਿਕ ਹੁੰਦੇ ਰੰਗ ਨੇ

ਰੌਸ਼ਨੀਆਂ ਦੀ ਕਿਣ ਮਿਣ ਹੈ

ਸਤਰੰਗੀਆਂ ਪੀਂਘਾਂ ਹਨ

ਅਨੰਤ ਫੈਲਾਓ ਹੈ

ਜੋ ਕਿਸੇ ਮਹਾਂਹਲਚਲ ਅੰਦਰ

ਅਸੀਮ ਠਹਿਰਾਓ ਹੋਣ ਦੀ

ਕੋਸ਼ਿਸ਼ ਚ ਹੈ

............

ਮੈਂ ਦੀ ਹਲਚਲ

ਕਿੰਨਾ ਠਹਿਰਾਓ ਹੈ?

'ਤੂੰ' ਦੇ ਠਹਿਰਾਓ

ਕਿੰਨੀ ਗਤੀ ਹੈ?

1 comment:

ਦਰਸ਼ਨ ਦਰਵੇਸ਼ said...

ਜਸਬੀਰ,
ਤੇਰੀਆਂ ਨਜ਼ਮਾਂ ਪੜ੍ਹਕੇ ਪਤਾ ਨਹੀਂ ਕਿਉਂ ਲੱਗਿਆ ਹੈ ਕਿ ਅੱਜ ਤੂੰ ਆਂਪਣੇਂ ਨਹੀਂ ਮੇਰੇ ਰੂ-ਬ-ਰੂ ਹੋਇਆ ਹੈਂ........