ਨਜ਼ਮ
ਇਕ ਰੁੱਤ
ਵੰਝੀ ਸਹੁਰੇ
ਇਕ ਰੁੱਤ
ਮੁਕਲਾਵਣਹਾਰ
ਤੀਜੀ ਰੁੱਤ ਦੀ
ਮੱਤ ਨਿਆਣੀ
ਅਜੇ ਹੋਈ ਨਾ
ਮੁਟਿਆਰ
ਮਲੂਕ ਰੁੱਤਾਂ ਦਿਆ
ਆਸ਼ਕਾ
ਕਿਹੜੀ ਰੁੱਤ
ਤੈਨੂੰ ਵਰੀਏ
ਕਿਹੜੀ ਰੁੱਤ ਦੇ
ਵਟਣਾਂ ਮਲੀਏ
ਕਿਹੜੀ ਰੁੱਤ ਦਾ
ਕਾਰਜ ਕਰੀਏ
ਜਦ ਵੀ ਕਾਜ ਅਰੰਭੇ
ਤੈਨੂੰ ਪਰਨਾਵਣ ਦੇ
ਇੱਕ ਵੀ ਰਸਮ ਨਾ
ਸਿਰੇ ਚੜ੍ਹਾਈ
ਹਰ ਵਾਰੀ ਅਸੀਂ
ਭੁੱਲ ਭੁਲੇਖੇ
ਪੀੜ ਮਜਾਜਣ
ਚੁੱਲ੍ਹੇ ਨਿਉਂਦ ਬਿਠਾਈ
===========
ਬਖ਼ਸ਼ਿਸ਼
ਨਜ਼ਮ
ਐ ਮੇਰੇ ਖ਼ੁਦਾਇਆ!
ਮੈਂ ਤਾਂ ਤੈਥੋਂ
ਦੀਵਿਆਂ ਲਈ ਲੋਅ ਮੰਗੀ ਸੀ
ਪਰ ਤੂੰ ਮੇਰੇ ਹੱਥਾਂ ‘ਤੇ
ਧਰ ਦਿੱਤਾ ਮਘਦਾ ਸੂਰਜ
ਦੀਵਿਆਂ ਦੀ ਹੋਂਦ ਹੀ ਨਾ ਰਹੀ
.............
ਮੈਂ ਤਾਂ ਤੈਨੂੰ ਕੀਤੀ ਸੀ ਯਾਚਨਾ
ਤੇਹ ਨੂੰ ਤ੍ਰੇਲ ਨਾਲ ਬੁਝਾਉਂਣ ਦੀ
ਪਰ ਤੂੰ ਬਖ਼ਸ਼ਿਆ
ਅਥਾਹ ਸਮੁੰਦਰ
ਘੁੱਟ ਵੀ ਪਾਣੀ ਨਹੀਂ ਸੀ
ਪੀਣ ਜੋਗਾ
............
ਮੇਰੀ ਅਰਜੋਈ ‘ਚ ਸੀ
ਟੁੱਟਦੇ ਸਾਹਾਂ ਲਈ ਲੋੜੀਂਦੀ
ਪ੍ਰਾਣ ਵਾਯੂ ਦਾ ਬੁੱਲਾ
ਪਰ ਤੂੰ ਝੁਲਾ ਦਿੱਤੇ
ਝੱਖੜ-ਝੋਲੇ
ਤੇ ਰੁਕ ਗਿਆ ਮੇਰਾ
ਅੰਦਰਲਾ ਸਾਹ ਅੰਦਰ
ਤੇ ਬਾਹਰਲਾ ਬਾਹਰ
............
ਸੋਧਿਆ ਸੀ ਅਰਦਾਸਾ
ਢਕਣ ਲਈ ਸਿਰ
ਇਕ ਟਾਕੀ ਅੰਬਰ
ਤੇਰੇ ਦਿੱਤੇ ਆਕਾਸ਼ ਨੇ
ਕੱਜ ਦਿੱਤਾ ਮੇਰਾ ਹੀ ਵਜੂਦ
..............
ਮੈਂ ਰਹਿ ਗਿਆ ਫੇਰ ਦਿਗੰਬਰ
ਦਰਕਾਰ ਸੀ ਮੈਨੂੰ ਤੈਥੋਂ
ਢਾਈ ਪੈਰ ਜ਼ਮੀਨ
ਪਰ ਨਾਪ ਨਹੀਂ ਸਕੇ
ਸਕੇ ਮੇਰੇ ਬੋਝਲ
ਨਿਓਛਾਵਰ ਕੀਤੀ ਧਰਤੀ
ਮੇਰੇ ਪਰਵਰਦੀਗਾਰ
ਸਭ ਨੂੰ ਬਖ਼ਸ਼ ਦੇ
ਮੁਹੱਬਤਾਂ ਦੀ ਅਗਨ,
ਰਸ ਜੀਭਾਂ ਲਈ,
ਵਗਦੇ ਸਾਹ,
ਸਿਰ ਜੋਗਾ ਆਸਮਾਨ
ਤੇ ਪੈਰਾਂ ਜੋਗੀ ਜ਼ਮੀਨ
No comments:
Post a Comment