ਪੋਲੇ ਪੋਲੇ ਪੈਰੀਂ ਤੇਰੇ ਸ਼ਹਿਰ ਮੈਂ ਫੇਰਾ ਪਾਵਾਂ।
ਤੇਰੇ ਦਰ ‘ਤੇ ਸਜਦਾ ਕਰਕੇ ਰੋਜ਼ ਉਵੇਂ ਮੁੜ ਆਵਾਂ।
-----
ਧੂੜ ਵਿਛੋੜੇ ਦੀ ਹੈ ਦਿਲ ਤੋਂ ਵੱਟੀਆਂ ਬਣ ਬਣ ਲਹਿੰਦੀ,
ਬਿਰਹੋਂ ਦੇ ਵਿਚ ਲੱਥ-ਪੱਥ ਦਿਲ ਨੂੰ ਹੰਝੂਆਂ ਨਾਲ਼ ਨਹਾਵਾਂ।
-----
ਪੂਰਨਮਾਸ਼ੀ ਦਾ ਚੰਦਰਮਾ ਸਭ ਨੂੰ ਚਾਨਣ ਵੰਡੇ,
ਚਾਨਣ ਨੂੰ ਮਾਲੂਮ ਨਹੀਂ ਹੈ ਪਰ ਮੇਰਾ ਸਿਰਨਾਵਾਂ।
-----
ਤੇਰੀ ਯਾਦ ਲਗਾ ਦਿੰਦੀ ਹੈ ਮੈਨੂੰ ਫੇਰ ਕਿਨਾਰੇ,
ਮੈਂ ਤਾਂ ਬਿਰਹੋਂ ਦੇ ਸਾਗਰ ਵਿਚ ਨਿੱਤ ਹੀ ਡੁੱਬਣ ਜਾਵਾਂ।
-----
ਬਿਰਹੋਂ ਦੇ ਮੰਦਿਰ ਲੱਗਦਾ ਹੈ ਨਿੱਤ ਯਾਦਾਂ ਦਾ ਮੇਲਾ,
ਪੀੜਾਂ ਦੇ ਮੈਂ ਤਿਲ ਫੁੱਲ ਲੈ ਕੇ ਏਥੇ ਰੋਜ਼ ਚੜ੍ਹਾਵਾਂ।
-----
ਉਹ ਤੜਪੇਗਾ ਉਹ ਭਟਕੇਗਾ ਇਸ ਤਪਦੇ ਥਲ ਅੰਦਰ,
ਜਿਸ ਰੁੱਖਾਂ ਨੂੰ ਵਿਧਵਾ ਕੀਤੈ ਕ਼ਤਲ ਕਰਾ ਕੇ ਛਾਵਾਂ।
-----
ਇਸ ਗੁਲਸ਼ਨ ਵਿਚ ਰਹਿਣ ਬਹਾਰਾਂ ‘ਕੰਗ’ ਕਿਆਮਤ ਤੀਕਰ,
ਮਹਿਕੇ ਬੂਟਾ ਬੂਟਾ ਇਸਦਾ ਕਰ ਇਹ ਰੋਜ਼ ਦੁਆਵਾਂ।
No comments:
Post a Comment