ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, October 4, 2009

ਮੇਜਰ ਮਾਂਗਟ - ਗੀਤ

ਗੀਤ

ਅੰਮੀਏ ਨੀ ਬੈਠਾ ਕਿਉਂ ਦੂਰ ਪ੍ਰਦੇਸਾਂ ਵਿਚ

ਲੱਭਦਾ ਫਿਰਾਂ ਨੀ ਤੇਰਾ ਪਿਆਰ।

ਵਿਚ ਪ੍ਰਦੇਸਾਂ ਦੇ ਜ਼ਿੰਦਗੀ ਨੀ ਕਾਹਦੀ ਮਾਏ,

ਰੁੱਖੇ-ਰੁੱਖੇ ਬੇਲੀ ਰੁੱਖੇ ਯਾਰ....

ਲੱਭਦਾ ਫਿਰਾਂ ਨੀ....

-----

ਘੜੀ ਦੀਆਂ ਸੂਈਆਂ ਨਾਲ਼ ਬੰਨ੍ਹੀ ਹੋਈ ਜ਼ਿੰਦਗੀ

ਇਕ ਪਲ ਸੁੱਖ ਤੇ ਆਰਾਮ ਨਾ,

ਦਿਨ ਰਾਤ ਕੰਮ ਦੀਆਂ ਗੱਲਾਂ ਹੋਈ ਜਾਣ ਏਥੇ

ਸਾਬੀ ਕੋਈ ਸੁਬ੍ਹਾ ਅਤੇ ਸ਼ਾਮ ਨਾ,

ਸਭਨਾਂ ਦੇ ਚਿਹਰੇ ਉੱਤੇ ਚੜ੍ਹੇ ਹੋਏ ਮਖੌਟੇ ਮਾਏ

ਕਿਹੜਾ ਜਾਣਾਂ ਫੁੱਲ ਹੈ ਕਿ ਖ਼ਾਰ...

ਲੱਭਦਾ ਫਿਰਾਂ ਨੀ....

-----

ਬੜਾ ਯਾਦ ਆਉਂਦਾ ਮੈਨੂੰ ਪਿੰਡ ਮੇਰਾ ਅੰਮੀਏ ਨੀ

ਜਿਥੇ ਕਦੇ ਖੇਡ ਮੌਜਾਂ ਮਾਣੀਆਂ,

ਕਰਕੇ ਸ਼ਰਾਰਤਾਂ ਸੀ ਕਿੰਨੀ ਵਾਰੀ ਕੁੱਟ ਖਾਧੀ

ਜਾਂਦੇ ਸੀ ਸਕੂਲ ਸੰਗ ਹਾਣੀਆਂ,

ਉਹਨਾਂ ਪੰਜਾਂ ਪਾਣੀਆਂ ਦੀ ਜਦੋਂ ਆਉਂਦੀ ਯਾਦ ਮਾਏ

ਮੈਥੋਂ ਹੁੰਦੀ ਨਾ ਸਹਾਰ...

ਲੱਭਦਾ ਫਿਰਾਂ ਨੀ...

-----

ਜਦੋਂ ਕਦੇ ਲੇਟ ਹੋ ਜਾਂਦਾ ਸੀ ਕਾਲਜ ਵਿਚੋਂ

ਬੂਹੇ ਵਿਚ ਖੜ੍ਹ ਸੀ ਉਡੀਕਦੀ,

ਏਥੇ ਆ ਕੇ ਰਹਿੰਦਿਆਂ ਨੂੰ ਕਿੰਨੇ ਵਰ੍ਹੇ ਹੋ ਗਏ ਮਾਏ

ਜਾਪਦੈ ਉਮਰ ਜਾਂਦੀ ਬੀਤਦੀ,

ਇਕ ਰਾਤ ਘਰੋਂ ਕਦੇ ਬਾਹਰ ਗੁਜ਼ਾਰੀ ਨਹੀਂ ਸੀ

ਆ ਗਏ ਹਾਂ ਸਮੁੰਦਰਾਂ ਤੋਂ ਪਾਰ....

ਲੱਭਦਾ ਫਿਰਾਂ ਨੀ....

-----

ਤੇਰੇ ਹੱਥੋਂ ਪੱਕੀ ਰੋਟੀ ਖਾਣੀ ਕਦੋਂ ਅੰਮੀਏ ਨੀ

ਜਦੋਂ ਹਾਂ ਮੈਂ ਬਹਿ ਕੇ ਸੋਚਦਾ,

ਪੀਜ਼ਿਆਂ, ਬਰੈੱਡਾਂ ਅਤੇ ਸੁੱਕੇ ਸੜੇ ਖਾਣਿਆਂ ਨੇ

ਲੱਗਦੈ ਸਰੀਰ ਮੇਰਾ ਨੋਚਤਾ,

ਕਿਹੜੇ ਕੰਮ ਦੌਲਤਾਂ ਦੀ ਭੁੱਖ ਮਾਏ ਮੇਰੀਏ

ਜੇ ਨੀ ਤੇਰਾ ਮਿਲ਼ਦਾ ਪਿਆਰ...

ਲੱਭਦਾ ਫਿਰਾਂ ਨੀ....

-----

ਸਾਡਾ ਪ੍ਰਦੇਸੀਆਂ ਦਾ ਕਾਹਦਾ ਜੀਣਾ, ਜਾਪਦਾ ਹੈ

ਜਿਵੇਂ ਦੋਨਾਂ ਬੇੜੀਆਂ ਚ ਬਹਿ ਗਏ,

ਧਰ ਕੇ ਜ਼ਮੀਨ ਚੰਗੇ ਦਿਨਾਂ ਲਈ ਨਿਕਲ਼ੇ ਸੀ

ਲੱਗਦੈ ਬਦੇਸ਼ਾਂ ਦੇ ਹੋ ਰਹਿ ਗਏ,

ਤੇਰੇ ਵੱਲੋਂ ਭੇਜੀ ਚਿੱਠੀ ਪੜ੍ਹ ਕੇ ਮੈਂ ਭੁੱਬੀਂ ਰੋਇਆ,

ਜਾਣਿਆ ਤੂੰ ਡਾਢੀ ਹੈਂ ਬੀਮਾਰ....

ਲੱਭਦਾ ਫਿਰਾਂ ਨੀ....

-----

ਨਿਗ੍ਹਾ ਤੇਰੀ ਘੱਟ ਗਈ ਤੇ ਸੁਣਨਾ ਵੀ ਹੋਇਆ ਉੱਚਾ

ਛੋਟੇ ਵੀਰ ਚਿੱਠੀ ਵਿਚ ਦੱਸਿਆ,

ਪਾਸਪੋਰਟ ਮੇਰਾ ਮਾਏ ਮਿਲ਼ੇ ਨਾ ਅੰਬੈਸੀ ਵਿਚੋਂ

ਪਿਆ ਹਾਂ ਮੁਸੀਬਤਾਂ ਚ ਫਸਿਆ,

ਮਾਂਗਟ ਸੁਣਾਵੇ ਕੀਹਨੂੰ ਦਰਦਾਂ ਦੀ ਵਿਥਿਆ

ਲੱਥੇ ਨਾ ਕਲੇਜੇ ਉੱਤੋਂ ਭਾਰ....

ਲੱਭਦਾ ਫਿਰਾਂ ਨੀ.....


1 comment:

ਦਰਸ਼ਨ ਦਰਵੇਸ਼ said...

ਤੇਰੇ ਵੀ ਅੱਥਰੂ ਬੋਲੇ ਨੇ............... ਦਰਵੇਸ਼